ਸਪੀਕਰ ਵੱਲੋਂ ਅਮਰੀਕੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 3 ਦਸੰਬਰ
ਰਾਜ ਦੇ ਡਿਗਰੀ, ਡਿਪਲੋਮਾ ਕਰ ਰਹੇ, ਕਰ ਚੁੱਕੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਵਿਦੇਸ਼ਾਂ ਵਿੱਚ ਆਨਲਾਈਨ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਅਮਰੀਕਾ ਤੋਂ ਮਾਈਕਰੋਸਾਫਟ ਕੰਪਨੀ ਦੇ ਨੁਮਾਇੰਦੇ ਵਰੁਣ ਗੁਪਤਾ ਸਣੇ ਹੋਰ ਕੰਪਨੀਆਂ ਦੇ ਨੁਮਾਇੰਦੇ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜੀਵ ਸੂਦ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਸ਼ਾਮਲ ਹੋਏ।
ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਮਾਈਕਰੋਸਾਫਟ ਤੇ ਅੰਤਰਰਾਸ਼ਟਰੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹ ਕੰਪਨੀਆਂ ਫਰੀਦਕੋਟ ਅਤੇ ਮੁਹਾਲੀ ਵਿੱਚ ਨਰਸਿੰਗ, ਆਈਟੀਆਈ ਤੇ ਹੋਰ ਕਿੱਤਾ ਮੁਖੀ ਕੰਪਿਊਟਰ ਕੋਰਸ ਆਦਿ ਕਰਨ ਵਾਲੇ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਦੀ ਆਨਲਾਈਨ ਸਿਖਲਾਈ ਦੇ ਕੇ ਉਨ੍ਹਾਂ ਨੂੰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ, ਮੈਡੀਕਲ ਖੇਤਰ ਤੇ ਹੋਰ ਤਕਨੀਕੀ ਖੇਤਰਾਂ ਵਿੱਚ ਆਨਲਾਈਨ ਨੌਕਰੀਆਂ ਮੁਹੱਈਆ ਕਰਵਾਉਣਗੀਆਂ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮਕਸਦ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਖੇਡਾਂ ਨੂੰ ਪ੍ਰਫੁੱਲਿਤ ਕਰਨਾ, ਸਿੱਖਿਆ, ਸਿਹਤ ਅਤੇ ਮੈਡੀਕਲ ਸੁਧਾਰਾਂ ਲਈ ਲਗਾਤਾਰ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।