ਸਪੇਨ ਚੌਥੀ ਵਾਰ ਬਣਿਆ ਯੂਰੋ ਚੈਂਪੀਅਨ
* ਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾਇਆ
* ਸਪੇਨ ਲਈ ਓਯਾਰਜ਼ਾਬਲ ਅਤੇ ਨਿਕੋ ਵਿਲੀਅਮਜ਼ ਜਦਕਿ ਇੰਗਲੈਂਡ ਲਈ ਕੋਲ ਪਾਮਰ ਨੇ ਕੀਤੇ ਗੋਲ
ਬਰਲਿਨ, 15 ਜੁਲਾਈ
ਸਪੇਨ ਨੇ ਇੰਗਲੈਂਡ ਦਾ 1966 ਤੋਂ ਬਾਅਦ ਪਹਿਲਾ ਖਿਤਾਬ ਜਿੱਤਣ ਦਾ ਸੁਫ਼ਨਾ ਤੋੜਦਿਆਂ ਉਸ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਯੂਰਪੀਅਨ ਫੁਟਬਾਲ ਕੱਪ ਜਿੱਤਿਆ। ਟੂਰਨਾਮੈਂਟ ਦੇ ਸ਼ੁਰੂ ਤੋਂ ਅਖੀਰ ਤੱਕ ਸਪੇਨ ਦਾ ਦਬਦਬਾ ਰਿਹਾ। ਫਾਈਨਲ ਵਿੱਚ ਸਪੇਨ ਨੇ 86ਵੇਂ ਮਿੰਟ ਵਿੱਚ ਮਿਕੇਲ ਓਯਾਰਜ਼ਾਬਲ ਦੇ ਗੋਲ ਸਦਕਾ ਜਿੱਤ ਦਰਜ ਕੀਤੀ। ਕਪਤਾਨ ਅਲਵਾਰੋ ਮੋਰਾਟਾ ਦੇ ਬਦਲ ਵਜੋਂ ਮੈਦਾਨ ’ਤੇ ਉਤਰੇ ਮਿਕੇਲ ਨੇ ਮਾਰਕ ਕੁਕੂਰੇਲਾ ਦੇ ਪਾਸ ਨੂੰ ਗੋਲ ਵਿੱਚ ਬਦਲ ਕੇ ਮੈਚ ਨੂੰ ਵਾਧੂ ਸਮੇਂ ਵਿੱਚ ਜਾਣ ਤੋਂ ਬਚਾਇਆ। ਇੰਗਲੈਂਡ ਨੇ 1966 ਵਿਸ਼ਵ ਕੱਪ ਤੋਂ ਬਾਅਦ ਕੋਈ ਵੱਡਾ ਖਿਤਾਬ ਨਹੀਂ ਜਿੱਤਿਆ ਹੈ। ਦੂਜੇ ਪਾਸੇ ਸਪੇਨ ਇਸ ਤੋਂ ਪਹਿਲਾਂ 1964, 2008 ਅਤੇ 2012 ਵਿੱਚ ਯੂਰੋ ਖਿਤਾਬ ਜਿੱਤ ਚੁੱਕਾ ਹੈ। ਸਪੇਨ ਲਈ ਪਹਿਲਾ ਗੋਲ 47ਵੇਂ ਮਿੰਟ ’ਚ ਨਿਕੋ ਵਿਲੀਅਮਜ਼ ਨੇ ਜਦਕਿ ਇੰਗਲੈਂਡ ਲਈ ਇੱਕੋ-ਇੱਕ ਗੋਲ ਕੋਲ ਪਾਮਰ ਨੇ 73ਵੇਂ ਮਿੰਟ ’ਚ ਕੀਤਾ। ਇਸ ਯੂਰੋ ਚੈਂਪੀਅਨਸ਼ਿਪ ਵਿੱਚ ਸਪੇਨ ਨੇ ਸਾਰੇ ਸੱਤ ਮੈਚ ਜਿੱਤੇ ਤੇ ਟੂਰਨਾਮੈਂਟ ’ਚ ਸਭ ਤੋਂ ਵੱਧ 15 ਗੋਲ ਕਰਨ ਦਾ ਰਿਕਾਰਡ ਬਣਾਇਆ। -ਏਪੀ
ਰੌਡਰੀ ‘ਪਲੇਅਰ ਆਫ ਦਿ ਟੂਰਨਾਮੈਂਟ’ ਤੇ ਯਮਾਲ ‘ਬੈੱਸਟ ਯੰਗ ਪਲੇਅਰ’ ਖਿਡਾਰੀ ਬਣਿਆ
ਸਪੈਨਿਸ਼ ਮਿਡਫੀਲਡਰ ਰੌਡਰੀ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਅਤੇ ਫਾਰਵਰਡ ਲੈਮਿਨ ਯਾਮਲ ਨੂੰ ‘ਬੈੱਸਟ ਯੰਗ ਪਲੇਅਰ’ ਚੁਣਿਆ ਗਿਆ। ਸ਼ਨਿਚਰਵਾਰ ਨੂੰ ਯਾਮਲ ਦਾ 17ਵਾਂ ਜਨਮਦਿਨ ਸੀ। ਜਿੱਤ ਮਗਰੋਂ ਯਮਾਲ ਨੇ ਕਿਹਾ, ‘‘ਮੈਨੂੰ ਇਸ ਤੋਂ ਵਧੀਆ ਜਨਮਦਿਨ ਦਾ ਤੋਹਫ਼ਾ ਨਹੀਂ ਮਿਲ ਸਕਦਾ ਸੀ। ਮੇਰਾ ਸੁਫ਼ਨਾ ਪੂਰਾ ਹੋ ਗਿਆ ਹੈ।’’ ਉਹ ਯੂਰੋ ਚੈਂਪੀਅਨਸ਼ਿਪ ਖੇਡਣ, ਗੋਲ ਕਰਨ ਅਤੇ ਫਾਈਨਲ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਗਿਆ ਹੈ। ਬਾਰਸੀਲੋਨਾ ਲਈ ਖੇਡਣ ਵਾਲੇ ਯਮਾਲ ਦਾ ਆਦਰਸ਼ ਲਿਓਨਲ ਮੈਸੀ ਹੈ। ਉਸ ਨੇ ਆਪਣੀ ਪਹਿਲੀ ਯੂਰੋ ਚੈਂਪੀਅਨਸ਼ਿਪ ਵਿੱਚ ਇੱਕ ਗੋਲ ਕੀਤਾ ਅਤੇ ਚਾਰ ਗੋਲਾਂ ਵਿੱਚ ਮਦਦ ਕੀਤੀ।
ਹੈਰੀ ਕੇਨ ਸਣੇ ਛੇ ਖਿਡਾਰੀਆਂ ਨੂੰ ਮਿਲੇ ‘ਗੋਲਡਨ ਬੂਟ’
ਇੰਗਲੈਂਡ ਦੇ ਸਟ੍ਰਾਈਕਰ ਹੈਰੀ ਕੇਨ ਸਮੇਤ ਛੇ ਖਿਡਾਰੀਆਂ ਨੇ ਯੂਰਪੀਅਨ ਫੁਟਬਾਲ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਤਿੰਨ-ਤਿੰਨ ਗੋਲ ਕਰਨ ’ਤੇ ‘ਗੋਲਡਨ ਬੂਟ’ ਜਿੱਤੇ ਹਨ। ਕੇਨ ਤੋਂ ਇਲਾਵਾ ਸਪੇਨ ਦੇ ਦਾਨੀ ਓਲਮੋ, ਜਰਮਨੀ ਦੇ ਜਮਾਲ ਮੁਸਿਆਲਾ, ਨੈਦਰਲੈਂਡਜ਼ ਦੇ ਕੋਡੀ ਗਾਕਪੋ, ਸਲੋਵਾਕੀਆ ਦੇ ਇਵਾਨ ਸ਼ਰਾਨਜ਼ ਅਤੇ ਜੌਰਜੀਆ ਦੇ ਜੌਰਜ ਮਿਕੋਤਾਦਜ਼ੇ ਨੇ ਤਿੰਨ-ਤਿੰਨ ਗੋਲ ਕੀਤੇ।