ਦੱਖਣੀ ਕੋਰੀਆ: ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਮਤਾ ਪਾਸ
ਸਿਓਲ, 14 ਦਸੰਬਰ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਮਤਾ ਅੱਜ ਸੰਸਦ ’ਚ ਪਾਸ ਹੋ ਗਿਆ। ਨੈਸ਼ਨਲ ਅਸੈਂਬਲੀ ’ਚ ਮਤੇ ਦੇ ਪੱਖ ’ਚ 204 ਜਦਕਿ ਵਿਰੋਧ ’ਚ 85 ਵੋਟ ਪਏ। ਯੂਨ ਅਤੇ ਸੰਵਿਧਾਨਕ ਅਦਾਲਤ ਕੋਲ ਮਹਾਦੋਸ਼ ਦੀਆਂ ਕਾਪੀਆਂ ਪਹੁੰਚਣ ਮਗਰੋਂ ਉਨ੍ਹਾਂ ਦੀਆਂ ਸ਼ਕਤੀਆਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ ਅਤੇ ਪ੍ਰਧਾਨ ਮੰਤਰੀ ਹਾਨ ਡੱਕ-ਸੂ ਉਨ੍ਹਾਂ ਦਾ ਕਾਰਜਭਾਰ ਦੇਖਣਗੇ। ਇਸ ਇਤਿਹਾਸਕ ਫ਼ੈਸਲੇ ਮਗਰੋਂ ਲੋਕਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਜਮਹੂਰੀ ਸਫ਼ਰ ’ਚ ਇਕ ਹੋਰ ਦਲੇਰੀ ਵਾਲਾ ਪਲ ਹੈ।
ਯੂਨ ਨੇ 3 ਦਸੰਬਰ ਨੂੰ ਦੱਖਣੀ ਕੋਰੀਆ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਹੁਕਮ ਦਿੱਤਾ ਸੀ ਜਿਸ ਕਾਰਨ ਮੁਲਕ ’ਚ ਸਿਆਸੀ ਤੌਰ ’ਤੇ ਹੰਗਾਮਾ ਖੜ੍ਹਾ ਹੋ ਗਿਆ ਸੀ। ਅਦਾਲਤ ਕੋਲ ਇਹ ਤੈਅ ਕਰਨ ਲਈ 180 ਦਿਨ ਦਾ ਸਮਾਂ ਹੈ ਕਿ ਯੂਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਇਆ ਜਾਵੇ ਜਾਂ ਨਹੀਂ। ਜੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ 60 ਦਿਨਾਂ ’ਚ ਆਮ ਚੋਣਾਂ ਕਰਾਉਣੀਆਂ ਪੈਣਗੀਆਂ।
ਯੂਨ ਖ਼ਿਲਾਫ਼ ਮਹਾਦੋਸ਼ ਦੇ ਮਤੇ ’ਤੇ ਸੰਸਦ ’ਚ ਦੂਜੀ ਵਾਰ ਵੋਟਿੰਗ ਹੋਈ ਹੈ। ਸੰਸਦ ਨੇੜੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਰਾਸ਼ਟਰਪਤੀ ਖ਼ਿਲਾਫ਼ ਮਤਾ ਪਾਸ ਹੋ ਗਿਆ ਹੈ ਤਾਂ ਉਨ੍ਹਾਂ ਜਸ਼ਨ ਮਨਾਏ ਅਤੇ ਬੈਨਰ ਲਹਿਰਾਏ। -ਏਪੀ
ਕਦੇ ਹਾਰ ਨਹੀਂ ਮੰਨਾਂਗਾ: ਯੂਨ
ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕਦੇ ਵੀ ਹਾਰ ਨਹੀਂ ਮੰਨਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਸਮਾਗਮਾਂ ਨੂੰ ਜਾਰੀ ਰੱਖਣ ਕਿਉਂਕਿ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ’ਤੇ ਆਰਜ਼ੀ ਵਿਰਾਮ ਲੱਗਾ ਹੈ।
ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਯੂਨ ਤੀਜੇ ਰਾਸ਼ਟਰਪਤੀ
ਯੂਨ ਸੁਕ ਯੇਓਲ ਦੱਖਣੀ ਕੋਰੀਆ ਦੇ ਤੀਜੇ ਰਾਸ਼ਟਰਪਤੀ ਹਨ, ਜਿਨ੍ਹਾਂ ਖ਼ਿਲਾਫ਼ ਅਹੁਦੇ ’ਤੇ ਰਹਿੰਦਿਆਂ ਮਹਾਦੋਸ਼ ਦਾ ਮਤਾ ਪਾਸ ਹੋਇਆ ਹੈ। ਸਾਲ 2016 ’ਚ ਸੰਸਦ ਨੇ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਾਰਕ ਗਿਉਨ-ਹਾਈ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮਹਾਦੋਸ਼ ਦਾ ਮਤਾ ਲਿਆਂਦਾ ਸੀ। ਦੋਸ਼ ਸਾਬਤ ਹੋਣ ’ਤੇ ਸੰਵਿਧਾਨਕ ਅਦਾਲਤ ਨੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਇਸੇ ਤਰ੍ਹਾਂ 2004 ’ਚ ਤਤਕਾਲੀ ਰਾਸ਼ਟਰਪਤੀ ਰੋਹ ਮੂ-ਹਿਊਨ ਖ਼ਿਲਾਫ਼ ਚੋਣ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਲੱਗਾ ਸੀ ਪਰ ਅਦਾਲਤ ਨੇ ਮਹਾਦੋਸ਼ ਦਾ ਫ਼ੈਸਲਾ ਪਲਟ ਕੇ ਉਨ੍ਹਾਂ ਦੀਆਂ ਰਾਸ਼ਟਰਪਤੀ ਅਹੁਦੇ ਦੀਆਂ ਸ਼ਕਤੀਆਂ ਬਹਾਲ ਕਰ ਦਿੱਤੀਆਂ ਸਨ। ਰੋਹ ਨੇ 2009 ’ਚ ਖੁਦਕੁਸ਼ੀ ਕਰ ਲਈ ਸੀ। -ਏਪੀ