Partnership in climate solutions: ‘ਭਾਰਤ, ਸਵੀਡਨ ਜਲਵਾਯੂ ਹੱਲ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਸਾਂਝੇਦਾਰ ਬਣ ਸਕਦੇ ਨੇ’
ਨਵੀਂ ਦਿੱਲੀ, 22 ਦਸੰਬਰ
ਸਵੀਡਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਤੇ ਸਵੀਡਨ ਜਲਵਾਯੂ ਪੱਖੀ ਉਦਯੋਗਿਕ ਪ੍ਰਕਿਰਿਆਵਾਂ ਅਤੇ ਨਵਿਆਉਣਯੋਗ ਊਰਜਾ ਹੱਲਾਂ ਰਾਹੀਂ ਜਲਵਾਯੂ ਸਬੰਧੀ ਆਲਮੀ ਚੁਣੌਤੀਆਂ ਦਾ ਹੱਲ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਨਵੀਨਤਾ ਤੇ ਗਰੀਨ ਤਕਨਾਲੋਜੀ ਵਿੱਚ ਆਪਣੇ ਸਹਿਯੋਗ ਨੂੰ ਵਧੇਰੇ ਮਜ਼ਬੂਤ ਕਰ ਸਕਦੇ ਹਨ।
ਸਵੀਡਨ ਦੂਤਾਵਾਸ ਅਤੇ ‘ਬਿਜ਼ਨਸ ਸਵੀਡਨ’ ਦੇ ਅਧਿਕਾਰੀਆਂ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਜਲਵਾਯੂ ਪੱਖੀ ਪ੍ਰਕਿਰਿਆਵਾਂ ਨੂੰ ਵੱਡੀ ਪੱਧਰ ’ਤੇ ਅਮਲ ਵਿੱਚ ਲਿਆਉਣ ਅਤੇ ਨਵੀਨਤਾ ਦੀ ਸਾਂਝੀ ਸਮਰੱਥਾ ’ਤੇ ਜ਼ੋਰ ਦਿੱਤਾ। ਸਵੀਡਨ ਦੇ ਦੂਤਾਵਾਸ ਦੇ ਮਿਸ਼ਨ ਉਪ ਮੁਖੀ ਕ੍ਰਿਸਚਿਅਨ ਕਾਮਿਲ ਨੇ ਕਿਹਾ, ‘‘ਸਵੀਡਨ ਗਰੀਨ ਤਕਨਾਲੋਜੀ ਵਿੱਚ ਮੋਹਰੀ ਹੈ ਜਦਕਿ ਭਾਰਤ ਵਿੱਚ ਇਸ ਦੇ ਵੱਡੀ ਪੱਧਰ ’ਤੇ ਅਮਲ ਵਿੱਚ ਆਉਣ ਦੀ ਬੇਮਿਸਾਲ ਸਮਰੱਥਾ ਹੈ। ਅਸੀਂ ਨਾਲ ਮਿਲ ਕੇ ਗਰੀਨ ਹਾਈਡਰੋਜਨ, ਕਾਰਬਨ ਕੈਪਚਰ ਤੇ ਸਰਕੁਲਰ ਆਰਥਿਕ ਅਭਿਆਸ ਵਰਗੀ ਤਕਨਾਲੋਜੀ ਵਿੱਚ ਖੋਜ ਕਰ ਸਕਦੇ ਹਾਂ।’’
ਕਾਮਿਲ ਨੇ ਨਵਿਆਉਣਯੋਗ ਊਰਜਾ ਅਤੇ ਆਵਾਜਾਈ ਦੇ ਬਿਜਲੀਕਰਨ ਦੀ ਦਿਸ਼ਾ ਵਿੱਚ ਸਵੀਡਨ ਦੀ ਪ੍ਰਗਤੀ ਵੱਲ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਸਵੀਡਨ ਦੀ 50 ਫੀਸਦ ਤੋਂ ਵੱਧ ਊਰਜਾ ਦੇ ਸਰੋਤ ਪਹਿਲਾਂ ਤੋਂ ਹੀ ਨਵਿਆਉਣਯੋਗ ਸਾਧਨ ਹਨ।
ਭਾਰਤ ਵਿੱਚ ਸਵੀਡਨ ਦੀ ਵਪਾਰ ਕਮਿਸ਼ਨਰ ਸੋਫੀਆ ਹੋਗਮੈਨ ਨੇ ਭਾਰਤ ਵਿੱਚ ਜਲਵਾਯੂ ਪੱਖ ਮਾਧਿਅਮਾਂ ਨੂੰ ਬੜ੍ਹਾਵਾ ਦੇਣ ਵਿੱਚ ਸਵੀਡਨ ਦੀਆਂ ਕੰਪਨੀਆਂ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ‘ਇੰਡੀਆ-ਸਵੀਡਨ ਇਨੋਵੇਸ਼ਨ ਐਕਸੇਲੇਰੇਟਰ’ (ਆਈਐੱਸਆਈਏ) ਪ੍ਰੋਗਰਾਮ ਦਾ ਜ਼ਿਕਰ ਕੀਤਾ, ਜਿਸ ਤਹਿਤ 12 ਸਾਲ ਵਿੱਚ 70 ਤੋਂ ਜ਼ਿਆਦਾ ਸਵੀਡਨ ਦੀਆਂ ਗਰੀਨ ਤਕਨਾਲੋਜੀ ਕੰਪਨੀਆਂ ਭਾਰਤੀ ਬਾਜ਼ਾਰ ਵਿੱਚ ਆਈਆਂ ਹਨ।
ਮੁੰਬਈ ਵਿੱਚ ਸਵੀਡਨ ਦੇ ਕੌਂਸੁਲ ਜਨਰਲ ਸਵੈਨ ਓਸਟਬਰਗ ਨੇ ਮੁੰਬਈ ਅਤੇ ਗੁਜਰਾਤ ਵਿੱਚ ‘ਐਨਵੈਕ’ ਦੀਆਂ ਠੋਸ ਕੂੜਾ ਪ੍ਰਬੰਧਨ ਦੀਆਂ ਪ੍ਰਣਾਲੀਆਂ ਅਤੇ ਮਿੱਠੀ ਨਦੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦੇ ਨਿਬੇੜੇ ਲਈ ‘ਆਈਵੀਐੱਲ’ ਦੇ ਵਿਅਰਥਪਾਣੀ ਟਰੀਟਮੈਂਟ ਪਲਾਂਟ ਦਾ ਉਦਾਹਰਨ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਮਸ਼ਵਰਾ ਦੇ ਕੇ ਇਨ੍ਹਾਂ ਕੰਪਨੀਆਂ ਦੀ ਮਦਦ ਕਰਦੇ ਹਾਂ।’’ -ਪੀਟੀਆਈ