For the best experience, open
https://m.punjabitribuneonline.com
on your mobile browser.
Advertisement

ਪੱਥਰਾਂ ਦੇ ਸ਼ਹਿਰ ਦਾ ਸੁਰ ਸਾਧਕ

08:08 AM Oct 05, 2023 IST
ਪੱਥਰਾਂ ਦੇ ਸ਼ਹਿਰ ਦਾ ਸੁਰ ਸਾਧਕ
Advertisement

ਡਾ. ਨਵਿੇਦਿਤਾ ਸਿੰਘ

Advertisement

ਹਿੰਦੀ-ਉਰਦੂ ਮਿਲੇ ਲਹਿਜੇ ਵਿਚ ਬੇਹੱਦ ਆਤਮ ਵਿਸ਼ਵਾਸ ਨਾਲ ਵਾਰਤਾਲਾਪ ਕਰਨ ਵਾਲੇ ਪੰਜਾਬ ਦੇ ਦਾਨਿਸ਼ਵਰ ਆਈ.ਏ.ਐੱਸ. ਅਫ਼ਸਰ ਤੇ ਇਸ ਖਿੱਤੇ ਵਿਚ ਸ਼ਾਸਤਰੀ ਸੰਗੀਤ ਨੂੰ ਹੁਲਾਰਾ ਦੇਣ ਵਾਲੇ ਨਵਜੀਵਨ ਖੋਸਲਾ ਹੁਣ ਸਾਡੇ ਵਿਚ ਨਹੀਂ ਰਹੇ। 19 ਅਗਸਤ ਨੂੰ ਉਨ੍ਹਾਂ ਅੰਤਿਮ ਸਾਹ ਲਏ ਅਤੇ 101 (1922-2023) ਵਰ੍ਹੇ ਦੀ ਲੰਬੀ ਤੇ ਸਰਗਰਮ ਜ਼ਿੰਦਗੀ ਜੀਵੀ। ਹਿੰਦੋਸਤਾਨੀ ਸੰਗੀਤ ਦੇ ਅਨੇਕ ਦਿੱਗਜ ਕਲਾਕਾਰਾਂ ਤੇ ਹੋਣਹਾਰ ਪ੍ਰਤਿਭਾਸ਼ਾਲੀ ਗਾਇਕਾਂ ਨੂੰ ਚੰਡੀਗੜ੍ਹ ਸੰਗੀਤ ਸੰਮੇਲਨ ਦੇ ਮੰਚ ਉੱਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਭੇਜਿਆ। ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਕੋਈ ਕਾਇਲ ਸੀ।
ਖੋਸਲਾ ਜੀ, ਖੋਸਲਾ ਅੰਕਲ, ਨਵਲੀ ਅੰਕਲ, ਖੋਸਲਾ ਸਾਹਿਬ ਦੇ ਉਨਵਾਨਾਂ ਨਾਲ ਜਾਣੇ ਜਾਂਦੇ ਨਵਜੀਵਨ ਖੋਸਲਾ ਦਾ ਬਚਪਨ ਪਟਿਆਲਾ ਵਿਖੇ ਬੀਤਿਆ। ਅਜਿਹੇ ਪਰਿਵਾਰ ਵਿਚ ਪਾਲਣ-ਪੋਸ਼ਣ ਹੋਇਆ ਜੋ ਕਲਾ ਦਾ ਕਦਰਦਾਨ ਸੀ। ਰਈਸਾਂ ਦੀਆਂ ਉਹ ਪੀੜ੍ਹੀਆਂ ਸਚਮੁਚ ਅਮੀਰ ਸਨ, ਜਨਿ੍ਹਾਂ ਨੇ ਮਾਨਵੀ ਸੁਹਜ ਬੋਧ ਨੂੰ ਨਿਖਾਰਨ ਅਤੇ ਸੰਵਾਰਨ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਉਨ੍ਹਾਂ ਦੇ ਦਾਦਾ ਦੀਵਾਨ ਕੁਲਵੰਤ ਰਾਏ ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ ਦੇ ਦਰਬਾਰ ਵਿਚ ਸਨ। ਉਨ੍ਹਾਂ ਪਿਤਾ ਸ੍ਰੀ ਨਿਰੰਜਨ ਪ੍ਰਸਾਦ ਤੋਂ ਸੰਗੀਤ ਦਾ ਸ਼ੌਕ ਗ੍ਰਹਿਣ ਕੀਤਾ ਜੋ ਸੰਗੀਤ ਦੇ ਮਹਾਨ ਉਧਾਰਕ ਪੰਡਿਤ ਵਿਸ਼ਨੂੰ ਦਿਗੰਬਰ ਦੇ ਕਾਫ਼ੀ ਨਜ਼ਦੀਕ ਸਨ। ਮਾਤਾ ਸ੍ਰੀਮਤੀ ਅਮਰ ਦੇਵੀ ਵੀ ਪੰਡਿਤ ਪਲੁਸਕਰ ਤੋਂ ਸੰਗੀਤ ਦੀ ਸਿੱਖਿਆ ਲੈਂਦੇ ਰਹੇ ਜੋ ਉਸ ਸਮੇਂ ਇਕ ਕ੍ਰਾਂਤੀਕਾਰੀ ਕਾਰਜ ਸੀ। ਵੱਡੀਆਂ ਭੈਣਾਂ ਨੂੰ ਸੰਗੀਤ ਸਿਖਾਉਣ ਲਈ ਮਹਾਰਾਜਾ ਪਟਿਆਲਾ ਦੇ ਦਰਬਾਰੀ ਸੰਗੀਤਕਾਰ ਦਿਲਰੁਬਾ ਵਾਦਕ ਮਹੰਤ ਗੱਜਾ ਸਿੰਘ ਦੇ ਸ਼ਾਗਿਰਦ ਬਾਬਾ ਹਰਨਾਮ ਸਿੰਘ ਘਰ ਆਇਆ ਕਰਦੇ ਸਨ ਤੇ ਸੰਗੀਤ ਦੀਆਂ ਸੁਰਾਂ ਬਾਲ ਉਮਰ ਤੋਂ ਹੀ ਨਵਜੀਵਨ ਖੋਸਲਾ ਦੇ ਕੰਨਾਂ ਵਿਚ ਪੈਣ ਲੱਗ ਪਈਆਂ ਸਨ। ਉਨ੍ਹਾਂ ਨੇ ਸੰਗੀਤ ਦੀ ਤਾਲੀਮ ਪੰਡਿਤ ਸੋਮਰਾਜ ਤੋਂ ਗ੍ਰਹਿਣ ਕੀਤੀ ਜੋ ਗਵਾਲੀਅਰ ਘਰਾਣੇ ਦੇ ਮਹਾਨ ਗਵੱਈਏ ਪੰਡਿਤ ਕ੍ਰਿਸ਼ਨ ਰਾਓ ਦੇ ਸ਼ਾਗਿਰਦ ਸਨ। ਇਸ ਤਰ੍ਹਾਂ ਸੰਗੀਤ ਪ੍ਰਤੀ ਸ਼ੌਕ ਅਤੇ ਸਮਝ ਦੋਵੇਂ ਹੀ ਹਾਸਿਲ ਹੋਏ ਜੋ ਅੱਗੇ ਚੱਲ ਕੇ ਸ਼ਾਸਤਰੀ ਸੰਗੀਤ ਦੇ ਵੱਡੇ ਸਰਪ੍ਰਸਤ ਵਜੋਂ ਕਾਰਜ ਕਰਨ ਲਈ ਸਹਾਇਕ ਹੋਏ।
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਪੜ੍ਹਾਈ ਪੂਰੀ ਕਰਕੇ ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿਚ ਐੱਮ. ਏ. ਕੀਤੀ ਅਤੇ ਉਸ ਸ਼ਹਿਰ ਨਾਲ ਗਹਿਰਾ ਨਾਤਾ ਬਣ ਗਿਆ। ਉੱਥੇ ਹੀ ਰੇਡੀਓ ਵਿਚ ਨੌਕਰੀ ਵੀ ਕੀਤੀ ਅਤੇ ਕਿੰਨੇ ਹੀ ਸੰਗੀਤਕਾਰਾਂ ਨਾਲ ਜਾਣ-ਪਛਾਣ ਹੋਈ ਕਿਉਂਕਿ ਲਾਹੌਰ ਉਨ੍ਹਾਂ ਵੇਲਿਆਂ ਵਿਚ ਸੰਗੀਤ ਦਾ ਗੜ੍ਹ ਸੀ। ਉਹ 1949 ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਹਾਜ਼ਰ ਹੋਏ ਅਤੇ ਲੰਮਾ ਸਮਾਂ ਵੱਖ-ਵੱਖ ਅਹੁਦਿਆਂ ਉੱਤੇ ਸੇਵਾ ਨਿਭਾਉਣ ਤੋਂ ਬਾਅਦ 1981 ਵਿਚ ਪੰਜਾਬ ਦੇ ਵਿੱਤ ਕਮਿਸ਼ਨਰ ਵਜੋਂ ਸੇਵਾਮੁਕਤ ਹੋਏ। ਸੰਗੀਤ ਪ੍ਰਤੀ ਉਨ੍ਹਾਂ ਦਾ ਜਨੂੰਨ ਰੱਬੀ ਦੇਣ ਸੀ। ਸ਼ਾਸਤਰੀ ਸੰਗੀਤ ਦੇ ਕਲਾਕਾਰਾਂ ਦੀਆਂ ਰਿਕਾਰਡਿੰਗਾਂ ਦਾ ਭੰਡਾਰ ਉਨ੍ਹਾਂ ਕੋਲ ਸੀ। ਉਹ ਸੰਗੀਤ ਦੇ ਚਾਨਣ ਨਾਲ ਰੁਸ਼ਨਾਈ ਹੋਈ ਆਤਮਾ ਦੇ ਮਾਲਕ ਸਨ ਜਨਿ੍ਹਾਂ ਨੇ ਇਸ ਖਿੱਤੇ ਵਿਚ ਸ਼ਾਸਤਰੀ ਸੰਗੀਤ ਦੇ ਸੁਹਜ ਨੂੰ ਪ੍ਰਸਾਰਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ। ਚੰਡੀਗੜ੍ਹ ਸ਼ਹਿਰ ਦੇ ਕਲਾ ਪਸੰਦ ਪਤਵੰਤਿਆਂ ਨੇ ਮਿਲ ਕੇ 1965 ਵਿਚ ਇੰਡੀਅਨ ਨੈਸ਼ਨਲ ਥੀਏਟਰ ਨਾਮਕ ਸੰਸਥਾ ਦੀ ਸਥਾਪਨਾ ਕੀਤੀ। 1974 ਵਿਚ ਉਨ੍ਹਾਂ ਨੇ ਸਕੱਤਰ ਵਜੋਂ ਇਸ ਸੰਸਥਾ ਦੀ ਵਾਗਡੋਰ ਸੰਭਾਲੀ ਤੇ ਨਵੀਂ ਜਾਨ ਫੂਕੀ। ਜਲੰਧਰ ਦੇ ਮਸ਼ਹੂਰ ਹਰਵਿੱਲਭ ਸੰਗੀਤ ਸੰਮੇਲਨ ਦੀ ਤਰਜ਼ ਉੱਤੇ ਇਕ ਸੰਗੀਤ ਸੰਮੇਲਨ ਚੰਡੀਗੜ੍ਹ ਵਿਖੇ ਕਰਨਾ ਉਨ੍ਹਾਂ ਦਾ ਸੁਪਨਾ ਸੀ ਜਿਸ ਨੂੰ ਉਨ੍ਹਾਂ ਬੜੀ ਸ਼ਿੱਦਤ ਨਾਲ ਸਾਕਾਰ ਕੀਤਾ। ਸ਼ਾਸਤਰੀ ਸੰਗੀਤ ਜਿਹੀ ਨਫ਼ੀਸ ਅਤੇ ਰਵਾਇਤੀ ਕਲਾ ਨੂੰ ਸਥਾਪਿਤ ਤੇ ਉਤਸਾਹਿਤ ਕਰਨ ਲਈ ਇਸ ਸੰਸਥਾ ਤਹਿਤ ਚੰਡੀਗੜ੍ਹ ਸੰਗੀਤ ਸੰਮੇਲਨ ਦਾ ਸਾਲਾਨਾ ਪ੍ਰਬੰਧ ਉਨ੍ਹਾਂ ਦੀ ਸਮੁੱਚੀ ਦੇਖ ਰੇਖ ਵਿਚ ਹੋਣ ਲੱਗਿਆ। ਪੱਥਰਾਂ ਦੇ ਸ਼ਹਿਰ ਵਿਚ ਸੰਗੀਤ ਦੀਆਂ ਸੁਰ ਲਹਿਰੀਆਂ ਗੂੰਜਣ ਲੱਗ ਪਈਆਂ ਤੇ ਸਾਲ ਦਰ ਸਾਲ ਹੋਣ ਵਾਲੇ ਸਫਲ ਸੰਮੇਲਨ ਸਦਕਾ ਚੰਡੀਗੜ੍ਹ ਦਾ ਨਾਮ ਭਾਰਤ ਦੇ ਸੱਭਿਆਰਚਾਰਕ ਨਕਸ਼ੇ ਉੱਤੇ ਉੱਕਰਿਆ। ਪੂਰੇ ਖਿੱਤੇ ਦੇ ਸੰਗੀਤ ਪ੍ਰੇਮੀਆਂ ਨੂੰ ਨਾਮਵਰ ਸੰਗੀਤਕਾਰਾਂ ਦੀ ਕਲਾ ਦਾ ਲੁਤਫ਼ ਲੈਣ ਦਾ ਸੁਨਹਿਰਾ ਅਵਸਰ ਮਿਲਣ ਲੱਗਾ। 1978 ਤੋਂ ਇਸ ਤਿੰਨ ਰੋਜ਼ਾ ਸੰਮੇਲਨ ਦੀ ਸ਼ੁਰੂਆਤ ਹੋਈ ਤੇ ਇਹ ਨਿਰਵਿਘਨ ਹੁਣ ਤਕ ਜਾਰੀ ਹੈ। ਉਨ੍ਹਾਂ ਨੂੰ ਇਸ ਗੱਲ ਨਾਲ ਸਦਾ ਸਰੋਕਾਰ ਰਿਹਾ ਕਿ ਪੰਜਾਬ ਵਿਚ ਸ਼ਾਸਤਰੀ ਸੰਗੀਤ ਦਾ ਇਕ ਅਨੁਕੂਲ ਮਾਹੌਲ ਤਿਆਰ ਹੋਵੇ ਤੇ ਫ਼ਿਕਰ ਵੀ ਰਹੀ ਕਿ ਪੰਜਾਬੀ ਇਸ ਸੂਖ਼ਮ ਸੰਗੀਤਕ ਸ਼ੈਲੀ ਨੂੰ ਕਿਉਂ ਨਹੀਂ ਅਪਣਾਉਂਦੇ।
ਆਪਣੇ ਅੰਤਲੇ ਸਾਲਾਂ ਵਿਚ ਇੰਡੀਅਨ ਨੈਸ਼ਨਲ ਥੀਏਟਰ ਦੀ ਕਮਾਨ ਉਨ੍ਹਾਂ ਹੋਰ ਸੁਯੋਗ ਵਿਅਕਤੀਆਂ ਦੇ ਹੱਥ ਸੌਂਪ ਦਿੱਤੀ, ਪਰ ਮੁੱਖ ਸਲਾਹਕਾਰ ਬਣੇ ਰਹੇ। ਇਸ ਦੇ ਨਾਲ ਹੀ ਆਪਣੇ ਜੀਵਨ ਦੀ ਕਮਾਈ ਦਾ ਵੱਡਾ ਹਿੱਸਾ ਸੰਸਥਾ ਨੂੰ ਦਾਨ ਕੀਤਾ ਤਾਂ ਜੋ ਚੰਡੀਗੜ੍ਹ ਸੰਗੀਤ ਸੰਮੇਲਨ ਕਰਨ ਹਿਤ ਵਿੱਤੀ ਸਾਧਨਾਂ ਲਈ ਬਹੁਤੀ ਮੁਸ਼ੱਕਤ ਨਾ ਕਰਨੀ ਪਵੇ। ਇਹ ਉਨ੍ਹਾਂ ਦਾ ਸ਼ਾਸਤਰੀ ਸੰਗੀਤ ਪ੍ਰਤੀ ਸਮਰਪਣ ਸੀ ਅਤੇ ਇਹ ਚਾਹਤ ਵੀ ਕਿ ਸੰਮੇਲਨ ਦੀ ਪਰੰਪਰਾ ਨਿਰਵਿਘਨ ਜਾਰੀ ਰਹੇ। ਇਸੇ ਜੀਵਨ ਉਦੇਸ਼ ਨੇ ਉਨ੍ਹਾਂ ਅੰਦਰ ਐਨਾ ਜਜ਼ਬਾ ਭਰਿਆ ਕਿ ਉਨ੍ਹਾਂ ਲੰਮੀ ਤੇ ਅਰਥ ਭਰਪੂਰ ਉਮਰ ਭੋਗੀ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਸੰਗੀਤ ਰਸਿਕ, ਸੰਸਥਾ ਦੇ ਨਿਰਮਾਣਕਰਤਾ, ਮਾਰਗ-ਦਰਸ਼ਕ, ਕਲਾਕਾਰਾਂ ਤੇ ਸਰੋਤਿਆਂ ਦੇ ਚਹੇਤੇ ਨਵਜੀਵਨ ਖੋਸਲਾ ਨੇ ਚੰਡੀਗੜ੍ਹ ਸ਼ਹਿਰ, ਪੰਜਾਬ ਤੇ ਹੋਰ ਆਸ-ਪਾਸ ਦੇ ਖਿੱਤਿਆਂ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪਸਾਰ ਲਈ ਜੋ ਯੋਗਦਾਨ ਦਿੱਤਾ ਉਹ ਅਦੁੱਤੀ ਹੈ।

ਸੰਪਰਕ: 98885-15059

Advertisement
Author Image

sukhwinder singh

View all posts

Advertisement
Advertisement
×