ਸੂਝਵਾਨ ਕਿਸਾਨ ਪਾਣੀ ਦੀ ਬਰਬਾਦੀ ਤੋਂ ਚਿੰਤਤ
ਪੱਤਰ ਪ੍ਰੇਰਕ
ਪਾਤੜਾਂ, 2 ਜੂਨ
ਖੇਤਾਂ ਲਈ ਅਗਾਉਂ ਬਿਜਲੀ ਛੱਡੇ ਜਾਣ ’ਤੇ ਕਿਸਾਨ ਜ਼ਮੀਨ ਨੂੰ ਠੰਢਾ ਕਰਨ ਲਈ ਧਰਤੀ ਹੇਠੋਂ ਪਾਣੀ ਕੱਢ ਕੇ ਸਬ ਡਿਵੀਜ਼ਨ ਪਾਤੜਾਂ ਨੂੰ ਡਾਰਕ ਜ਼ੋਨ ਵੱਲ ਧੱਕਿਆ ਜਾ ਰਿਹਾ ਹੈ। ਬਿਨਾਂ ਵਜ੍ਹਾ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਲੈ ਕੇ ਚਿੰਤਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾਣ ਦੀ ਬਜਾਏ ਉਸਾਰੂ ਫ਼ੈਸਲੇ ਲਵੇ। ਡਾਕਟਰ ਜੁਝਾਰ ਸਿੰਘ ਮੱਲ੍ਹੀ, ਸੁਖਜੀਤ ਸਿੰਘ ਢਿੱਲੋਂ ਅਤੇ ਰੂਪ ਸਿੰਘ ਸ਼ੁਤਰਾਣਾ ਨੇ ਦੱਸਿਆ ਕਿ ਸਰਕਾਰ ਬਿਨਾਂ ਲੋੜੋਂ ਬਿਜਲੀ ਸਪਲਾਈ ਦੇ ਕੇ ਬਿਜਲੀ ਤੇ ਪਾਣੀ ਦਾ ਨੁਕਸਾਨ ਕਰ ਰਹੀ ਹੈ ਜਦਕਿ ਖੇਤੀਬਾੜੀ ਅਧਿਕਾਰੀਆਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਕੈਂਪ ਲਗਾਏ ਜਾ ਰਹੇ ਹਨ। ਦੂਸਰੇ ਪਾਸੇ ਜ਼ਮੀਨਾਂ ਠੰਢੀਆਂ ਕਰਨ ਵਾਸਤੇ ਫਜ਼ੂਲ ਵਿਚ ਮੋਟਰਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਮਾਲਵੇ ਦੇ ਕੁੱਝ ਜ਼ਿਲਿਆਂ ਤੇ ਕੌਮਾਂਤਰੀ ਸਰਹੱਦਾਂ ਦੀ ਕੰਡਿਆਲੀ ਤਾਰ ਤੋਂ ਪਾਰ ਝੋਨੇ ਦੀ ਲੁਆਈ 11 ਜੂਨ ਤੋਂ ਸ਼ੁਰੂ ਕਰਨ ਆਦੇਸ਼ ਦਿੱਤੇ ਹਨ । ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਝੋਨੇ ਦੀ ਲੁਆਈ ਲਈ 15 ਜੂਨ ਤੈਅ ਕਰਕੇ ਨਹਿਰੀ ਪਾਣੀ ਦੀ ਵਰਤੋਂ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਅੱਤ ਦੀ ਗਰਮੀ ਵਿੱਚ ਕਿਸਾਨ ਖੇਤਾਂ ਨੂੰ ਪਾਣੀ ਨਾਲ ਭਰ ਕੇ ਪਾਣੀ ਦੀ ਬਰਬਾਦੀ ਕਰ ਰਹੇ ਹਨ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਸੰਕਟ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ।