ਸੋਨੀਆ ਵੱਲੋਂ ਤਿਰੰਗੇ ਲਈ ਖਾਦੀ ਦਾ ਕੱਪੜਾ ਵਰਤਣ ਦਾ ਸੱਦਾ
ਨਵੀਂ ਦਿੱਲੀ, 20 ਅਗਸਤ
ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਮਸ਼ੀਨ ਨਾਲ ਬਣੇ ਪੋਲਿਸਟਰ ਝੰਡੇ ਵਰਤਣ ਲਈ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਤਿਰੰਗੇ ਲਈ ਸਿਰਫ ਖਾਦੀ ਦਾ ਕੱਪੜਾ ਵਰਤਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖਾਦੀ ਨੂੰ ਸਹੀ ਸਥਾਨ ਮਿਲਣਾ ਚਾਹੀਦਾ ਹੈ। ਅੰਗਰੇਜ਼ੀ ਅਖਬਾਰ ‘ਦਿ ਹਿੰਦੂ’ ਵਿੱਚ ਲਿਖੇ ਇੱਕ ਲੇਖ ਵਿੱਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਤੋਂ ਇੱਕ ਹਫ਼ਤੇ ਪਹਿਲਾਂ ‘ਹਰ ਘਰ ਤਿਰੰਗਾ’ ਮੁਹਿੰਮ ਦਾ ਦਿੱਤਾ ਗਿਆ ਸੱਦਾ ਕੌਮੀ ਝੰਡੇ ਦੇ ਦੇਸ਼ ਲਈ ਮਹੱਤਵ ਦੀ ਪੜਚੋਲ ਕਰਨ ਦਾ ਮੌਕਾ ਦਿੰਦਾ ਹੈ। ਸੋਨੀਆ ਨੇ ਕਿਹਾ ਕਿ ਉਨ੍ਹਾਂ (ਮੋਦੀ) ਦਾ ਕੌਮੀ ਝੰਡੇ ਦਾ ਸਨਮਾਨ ਕਰਨਾ ਅਤੇ ਤਿਰੰਗੇ ਪ੍ਰਤੀ ਹਮੇਸ਼ਾ ਉਦਾਸੀਨ ਰਹੀ ਕਿਸੇ ਸਸੰਥਾ ਪ੍ਰਤੀ ਵਫ਼ਾਦਾਰੀ ਦਿਖਾਉਣਾ ਦੋਗਲਾਪਣ ਹੈ। ਉਨ੍ਹਾਂ ਦਾ ਇਸ਼ਾਰਾ ਆਰਐੱਸਐੱਸ ਵੱਲ ਸੀ। ਉਨ੍ਹਾਂ ਕਿਹਾ ਕਿ ਮਸ਼ੀਨ ਨਾਲ ਬਣੇ ਪੋਲਿਸਟਰ ਝੰਡੇ ਨੂੰ ਵੱਡੇ ਪੱਧਰ ’ਤੇ ਅਪਣਾਇਆ ਜਾ ਰਿਹਾ ਹੈ, ਜਿਸ ਵਿਚ ਕੱਚਾ ਮਾਲ ਅਕਸਰ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਦੇ ‘ਫਲੈਗ ਕੋਡ’ ਅਨੁਸਾਰ ਇਤਿਹਾਸਕ ਤੌਰ ’ਤੇ ਕੌਮੀ ਝੰਡਾ ਹੱਥ ਨਾਲ ਬੁਣੇ/ਕੱਤੇ ਗਏ ਉੱਨ/ਕਪਾਹ/ਰੇਸ਼ਮ/ਖਾਦੀ ਦੇ ਕੱਪੜੇ ਨਾਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਦੀ ਇੱਕ ਮੋਟਾ ਪਰ ਮਜ਼ਬੂਤ ਕੱਪੜਾ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ ਖੁਦ ਕੌਮੀ ਅੰਦੋਲਨ ਦੀ ਅਗਵਾਈ ਵੇਲੇ ਕੱਤਿਆ ਅਤੇ ਬੁਣਿਆ ਸੀ। ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰਕ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ। -ਪੀਟੀਆਈ