ਸੋਨੀਆ ਸਰਬਸੰਮਤੀ ਨਾਲ ਜ਼ਿਲ੍ਹਾ ਪਰਿਸ਼ਦ ਦੀ ਉਪ ਚੇਅਰਪਰਸਨ ਬਣੀ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ(ਕੈਂਥਲ) 2 ਜਨਵਰੀ
ਇੱਥੇ ਵਾਰਡ ਨੰਬਰ 10 ਦੀ ਜ਼ਿਲ੍ਹਾ ਕੌਂਸਲਰ ਸੋਨੀਆ ਸਰਬਸੰਮਤੀ ਨਾਲ ਜ਼ਿਲ੍ਹਾ ਪਰਿਸ਼ਦ ਕੈਥਲ ਦੀ ਉਪ ਚੇਅਰਪਰਸਨ ਚੁਣੀ ਗਈ ਹੈ। ਉਹ ਹਰਿਆਣਵੀ ਗਾਇਕ ਫੌਜੀ ਕਰਮਵੀਰ ਦੀ ਪਤਨੀ ਹੈ। ਵਾਈਸ ਚੇਅਰਮੈਨ ਦੀ ਚੋਣ ਲਈ ਅੱਜ ਦਾ ਦਿਨ ਤੈਅ ਕੀਤਾ ਗਿਆ ਸੀ। ਵਿਕਰਮਜੀਤ ਅਤੇ ਦੀਪ ਮਲਿਕ ਨੂੰ ਛੱਡ ਕੇ 21 ਵਿੱਚੋਂ 19 ਕੌਂਸਲਰ ਚੋਣ ਮੀਟਿੰਗ ਵਿੱਚ ਹਿੱਸਾ ਲੈਣ ਲਈ ਜ਼ਿਲ੍ਹਾ ਪਰਿਸ਼ਦ ਦੀ ਇਮਾਰਤ ਵਿੱਚ ਪੁੱਜੇ ਹੋਏ ਸਨ। ਚੋਣ ਮੀਟਿੰਗ ਦੌਰਾਨ ਸਾਰੇ ਮੌਜੂਦਾ ਕੌਂਸਲਰਾਂ ਨੇ ਸੋਨੀਆ ਦੇ ਨਾਂ ’ਤੇ ਸਹਿਮਤੀ ਪ੍ਰਗਟਾਈ ਅਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਭਾਜਪਾ ਸਮਰਥਕ ਸੋਨੀਆ ਵਾਰਡ ਨੰਬਰ 10 ਦੀ ਕੌਂਸਲਰ ਹੈ। ਜ਼ਿਲ੍ਹਾ ਪਰਿਸ਼ਦ ਦੀ ਡਿਪਟੀ ਸੀਈਓ ਰਿਤੂ ਲਾਥੇਰ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਹੀ ਸਾਰੇ ਮੈਂਬਰਾਂ ਨੇ ਸੋਨੀਆ ਦੇ ਨਾਂ ’ਤੇ ਸਹਿਮਤੀ ਪ੍ਰਗਟਾਈ ਗਈ, ਇਸ ਕਾਰਨ ਵੋਟਾਂ ਨਹੀਂ ਪਈਆਂ। ਨਵ-ਨਿਯੁਕਤ ਵਾਈਸ ਚੇਅਰਪਰਸਨ ਸੋਨੀਆ ਰਾਣੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕਰਮਬੀਰ ਕੌਲ ਨੇ ਸੋਨੀਆ ਰਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਮਿਲ ਕੇ ਜ਼ਿਲ੍ਹੇ ਦੇ ਵਿਕਾਸ ਲਈ ਕੰਮ ਕਰਾਂਗੇ।
ਉਪ ਚੇਅਰਪਰਸਨ ਲਈ ਚਾਰ ਔਰਤਾਂ ਸਨ ਦਾਅਵੇਦਾਰ
ਜ਼ਿਲ੍ਹਾ ਪਰਿਸ਼ਦ ਵਿੱਚ ਉਪ ਚੇਅਰਮੈਨ ਦਾ ਅਹੁਦਾ ਪਹਿਲਾਂ ਕਰਮਵੀਰ ਕੌਲ ਕੋਲ ਸੀ। ਇਸ ਅਹੁਦੇ ਲਈ ਚਾਰ ਕੌਂਸਲਰਾਂ ਦੇ ਨਾਂ ਸਾਹਮਣੇ ਆਏ ਸਨ। ਇਨ੍ਹਾਂ ਵਿੱਚ ਵਾਰਡ ਨੰਬਰ ਪੰਜ ਤੋਂ ਕੌਂਸਲਰ ਕਮਲੇਸ਼ ਰਾਣੀ, ਵਾਰਡ ਨੰਬਰ ਸੱਤ ਤੋਂ ਕਮਲੇਸ਼, ਵਾਰਡ ਨੰਬਰ 10 ਤੋਂ ਸੋਨੀਆ ਰਾਣੀ ਅਤੇ ਵਾਰਡ ਨੰਬਰ 18 ਤੋਂ ਮੈਨੇਜਰ ਕਸ਼ਯਪ ਦੇ ਨਾਂ ਸ਼ਾਮਲ ਹਨ। ਜਨਵਰੀ 2023 ਵਿੱਚ ਦੀਪਕ ਮਲਿਕ ਜਖੌਲੀ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਦਾ ਕਾਰਜਕਾਲ ਨਵੰਬਰ 2023 ਤੱਕ ਸੀ । ਵਾਈਸ ਚੇਅਰਮੈਨ ਕਰਮਬੀਰ ਕੌਲ ਨੂੰ 30 ਨਵੰਬਰ ਨੂੰ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤਾ ਪਾਸ ਹੋਣ ਮਗਰੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਚੇਅਰਮੈਨ ਬਣਨ ਤੋਂ ਬਾਅਦ ਵਾਈਸ ਚੇਅਰਮੈਨ ਦਾ ਅਹੁਦਾ ਖਾਲੀ ਹੋ ਗਿਆ।