ਸਕੂਲ ’ਚ ਸਾਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਮਨਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਜਨਵਰੀ
ਇਥੇ ਸਾਵਿੱਤਰੀ ਬਾਈ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿੱਚ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਦਾ ਜਨਮ ਦਿਨ ਇਸਤਰੀ ਸਿਖਿਆ ਦੀ ਮੋਢੀ ਵਜੋਂ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਅਕਸ਼ੈ ਸੈਣੀ ਨੇ ਕਿਹਾ ਕਿ ਮਾਤਾ ਸਾਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ, ਕਵੀ, ਸਮਾਜ ਸੇਵਿਕਾ ਸਨ, ਜਿਨ੍ਹਾਂ ਦਾ ਉਦੇਸ਼ ਲੜਕੀਆਂ ਨੂੰ ਸਿੱਖਿਅਕ ਕਰਨਾ ਸੀ।
ਸਾਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਇਕ ਸੈਣੀ ਪਰਿਵਾਰ ਵਿੱਚ ਹੋਇਆ ਸੀ। ਸਿਰਫ 9 ਸਾਲ ਦੀ ਉਮਰ ਵਿਚ ਹੀ ਉਸ ਦਾ ਵਿਆਹ ਕ੍ਰਾਂਤੀਕਾਰੀ ਮਹਾਤਮਾ ਜੋਤੀਬਾ ਫੂਲੇ ਨਾਲ ਹੋਇਆ ਸੀ। ਉਸ ਸਮੇਂ ਜੋਤੀਬਾ ਫੂਲੇ ਦੀ ਉਮਰ ਸਿਰਫ 13 ਸਾਲ ਦੀ ਸੀ। ਮਾਂ ਸਵਿੱਤਰੀ ਬਾਈ ਫੂਲੇ ਨੂੰ ਲੜਕੀਆਂ ਨੂੰ ਸਿਖਿਅਕ ਕਰਨ ਲਈ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੇ 18ਵੀਂ ਸਦੀ ਦੀ ਗੱਲ ਕਰੀਏ ਤਾਂ ਉਸ ਸਮੇਂ ਔਰਤਾਂ ਦਾ ਸਕੂਲ ਜਾਣਾ ਵੀ ਪਾਪ ਸਮਝਿਆ ਜਾਂਦਾ ਸੀ, ਅਜਿਹੇ ਸਮੇਂ ਵਿੱਚ ਸਵਿੱਤਰੀ ਬਾਈ ਫੂਲੇ ਨੇ ਜੋ ਕੀਤਾ ਉਹ ਕੋਈ ਆਮ ਪ੍ਰਾਪਤੀ ਨਹੀਂ ਸੀ। ਉਸ ਨੇ ਆਪਣੇ ਪਤੀ ਦੇ ਨਾਲ ਮਿਲ ਕੇ 1848 ਵਿੱਚ ਕੁੜੀਆਂ ਲਈ ਪਹਿਲਾ ਸਕੂਲ ਸਥਾਪਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਖੁਸ਼ਬੂ ਸੈਣੀ ਨੇ ਕਿਹਾ ਕਿ ਅੱਜ ਵੀ ਸਵਿੱਤਰੀ ਬਾਈ ਫੂਲੇ ਦਾ ਸੁਪਨਾ ਸਾਕਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਸਮਾਜ ਅਜੇ ਵੀ ਲੜਕੀਆਂ ਦੀ ਸਿਖਿਆ ਵਿਚ ਬਹੁਤ ਪਿਛੇ ਹੈ ਸਾਨੂੰ ਅੱਜ ਮਹਿਲਾ ਸ਼ਸ਼ਕਤੀਕਰਣ ਲਈ ਕੰਮ ਕਰਨ ਦੀ ਲੋੜ ਹੈ।
ਪਿੰਡ ਬਿੰਟ ਵਿੱਚ ਕੈਂਪ ਦੌਰਾਨ 31 ਯੂਨਿਟ ਖੂਨ ਇਕੱਤਰ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਇਸ ਦੌਰਾਵਨ ਪਿੰਡ ਬਿੰਟ ਦੀ ਪੰਚਾਇਤ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨੁਮਾਇੰਦੇ ਕੈਲਾਸ਼ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਸਵਿੱਤਰੀ ਬਾਈ ਫੁੂਲੇ ਦੀ ਮੂਰਤੀ ’ਤੇ ਫੁੱਲ ਚੜ੍ਹਾ ਕੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਤੇ ਇਹ ਨੇਕ ਕਾਰਜ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ ’ਤੇ ਕਰਾਇਆ ਗਿਆ ਹੈ, ਜੋ ਕਿ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਸਵਿੱਤਰੀ ਬਾਈ ਫੂਲੇ ਦਾ ਜੀਵਨ ਭਾਰਤ ਵਿੱਚ ਸਮਾਜਿਕ ਨਿਆਂ ,ਸਿੱਖਿਆ ਤੇ ਮਹਿਲਾ ਸ਼ਸ਼ਕਤੀਕਰਨ ਦੇ ਖੇਤਰ ਵਿੱਚ ਇਕ ਮੀਲ ਪੱਥਰ ਹੈ। ਇਸ ਮੌਕੇ ਕੈਲਾਸ਼ ਸੈਣੀ ਨੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਰਪੰਚ ਜਸਬੀਰ ਪੂਨੀਆ, ਮੋਹਨ ਲਾਲ ਸੈਣੀ, ਅਸਲਮ ਖਾਨ, ਜੋਤੀ ਪੰਚ, ਸੀਮਾ ਦੇਵੀ ਪੰਚ, ਦਰਨ ਲਾਲ, ਸ਼ੈਲੈਂਦਰ ਕੁਮਾਰ, ਗੁਰਚਰਨ ਸਿੰਘ, ਗੁਲਸ਼ਨ ਕੁਮਾਰ, ਨਿਰਮਲ ਦਹੀਆ,ਕੁਤਬਦੀਨ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ।