ਗੀਤ ਸੰਗ੍ਰਹਿ ‘ਪੰਜਾਬ ਹੈ ਪੰਜਾਬ’ ਲੋਕ ਅਰਪਣ
ਖੇਤਰੀ ਪ੍ਰਤੀਨਧ
ਲੁਧਿਆਣਾ, 14 ਜੁਲਾਈ
ਇੰਗਲੈਡ ਵਸਦੇ ਸ਼੍ਰੋਮਣੀ ਪੰਜਾਬੀ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਦਾ ਅੱਜ ਇੱਥੇ ਨਵਾਂ ਗੀਤ ਸੰਗ੍ਰਹਿ ‘ਪੰਜਾਬ ਹੈ ਪੰਜਾਬ’ ਰਿਲੀਜ਼ ਕੀਤਾ ਗਿਆ। ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਦਫ਼ਤਰ ਵਿੱਚ ਇਹ ਸਮਾਗਮ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਗੀਤਕਾਰ ਨੰਦ ਲਾਲ ਨੂਰਪੁਰੀ ਦੇ ਸ਼ਾਗਿਰਦ ਤੇ ‘ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ’ ਲਿਖਣ ਵਾਲੇ ਇੰਗਲੈਂਡ ਵਾਸੀ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਦਾ ਨਵਾਂ ਗੀਤ ਸੰਗ੍ਰਹਿ ਨਿਰੰਤਰਤਾ ਦੀ ਲੜੀ ਵਿੱਚ ਸੱਜਰਾ ਮਾਣਕ ਮੋਤੀ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਚਾਦੀ ਰਾਮ, ਸ਼ੌਕਤ ਅਲੀ ਜਗਮੋਹਨ ਕੌਰ ਤੇ ਮਲਕੀਤ ਸਿੰਘ ਗੋਲਡਨ ਸਟਾਰ ਤੋਂ ਇਲਾਵਾ ਲਗਪਗ 60 ਚੋਟੀ ਦੇ ਕਲਾਕਾਰ ਚੰਨ ਜੀ ਦੇ ਗੀਤ ਗਾ ਚੁਕੇ ਹਨ।
ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਕਿਹਾ ਕਿ ਚੰਨ ਜੰਡਿਆਲਵੀ ਵਰਤਮਾਨ ਗੀਤਕਾਰਾਂ ਦੇ ਰਾਹ ਦਸੇਰਾ ਗੀਤਕਾਰ ਹਨ, ਜਨਿ੍ਹਾਂ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਆਪਣੇ ਅਧਿਆਪਕ ਅਵਤਾਰ ਜੰਡਿਆਲਵੀ ਦੀ ਪ੍ਰੇਰਨਾ ਨਾਲ ਗੀਤਕਾਰੀ ਦਾ ਮਾਰਗ ਅਪਣਾਇਆ। ਉਹ ਦੋਆਬੇ ਦੇ ਮਸ਼ਹੂਰ ਪਿੰਡ ਜੰਡਿਆਲਾ ਤੋਂ ਤੁਰ ਕੇ ਇੰਗਲੈਂਡ ਪੁੱਜ ਕੇ ਵੀ ਆਪਣਾ ਪੰਜਾਬ ਨਾਲੋ ਨਾਲ ਲਈ ਫਿਰਦੇ ਹਨ। ਸਰਬਜੀਤ ਵਿਰਦੀ ਨੇ ਕਿਹਾ ਕਿ ਇਸ ਸੰਗ੍ਰਹਿ ਵਿੱਚ ਚੰਨ ਜੀ ਦੇ ਸਾਹਿਤਕ, ਸਮਾਜਿਕ ਅਤੇ ਧਾਰਮਿਕ ਗੀਤ ਅਤੇ ਕਵਿਤਾਵਾਂ ਸ਼ਾਮਿਲ ਹਨ। ਇਸ ਮੌਕੇ ਰੰਗਕਰਮੀ ਨਵਦੀਪ ਸਿੰਘ ਜੌੜਾ (ਲੱਕੀ) ਤੇ ਪੰਜਾਬ ਕਲਚਰਲ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਵੀ ਹਾਜ਼ਰ ਸਨ।