ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ
ਨਵੀਂ ਦਿੱਲੀ, 9 ਅਕਤੂਬਰ
ਚਾਰ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਅੱਜ ਇੱਥੇ ਦੱਸਿਆ ਕਿ ਬੀਤੀ ਰਾਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੈਂਬਰ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ। ਇਸ ਦੌਰਾਨ ਉਸ ਨੇ ਮੱਛਰ ਭਜਾਉਣ ਵਾਲੀ ਦਵਾਈ ਵੀ ਦਿੱਤੀ। ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਲਈ ਸੰਘਰਸ਼ ਕਰ ਰਹੇ ਵਾਂਗਚੁਕ ਨੇ ਲੰਘੇ ਐਤਵਾਰ ਦੀ ਦੁਪਹਿਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਵਾਂਗਚੁਕ ਆਪਣੇ ਸਾਥੀਆਂ ਨਾਲ ਕੌਮੀ ਰਾਜਧਾਨੀ ਦੇ ਲੱਦਾਖ ਭਵਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਦੇ ਗਰੁੱਪ ਦੇ ਮੈਂਬਰ ਅਨੁਸਾਰ ਕੇਂਦਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਹਾਲੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਵਾਂਗਚੁਕ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਕਿਹਾ, ‘ਇੱਕ ਵਿਅਕਤੀ ਰਾਤ 10:30-11 ਵਜੇ ਆਇਆ ਅਤੇ ਸਾਡੇ ਲਈ ਮੱਛਰ ਭਜਾਉਣ ਵਾਲੀ ਦਵਾਈ ਲਿਆਇਆ। ਉਹ ਗੇਟ ਤੋਂ ਦੂਰ ਰਿਹਾ ਅਤੇ ਉਸ ਨੇ ਕਿਹਾ ਕਿ ਉਹ ਕਿਸੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਨਹੀਂ ਹੋਣਾ ਚਾਹੁੰਦਾ।’ ਵਾਂਗਚੁਕ ਨੇ ਕਿਹਾ, ‘ਉਸ ਨੇ ਕਿਹਾ ਕਿ ਉਹ ਆਰਐੱਸਐੱਸ ਅਤੇ ਭਾਜਪਾ ਦੇ ਕਰੀਬ ਹੈ। ਉਸ ਨੇ ਕਿਹਾ ਕਿ ਉਹ ਮੇਰੇ ਅਤੇ ਲੱਦਾਖ ਦੇ ਲੋਕਾਂ ਨਾਲ ਹਮਦਰਦੀ ਰੱਖਦਾ ਹੈ ਪਰ ਉਹ ਖੁੱਲ੍ਹ ਕੇ ਅੱਗੇ ਨਹੀਂ ਆ ਸਕਦਾ।’ ਵਾਂਗਚੁਕ ਨੇ ਕਿਹਾ, ‘ਕੱਲ੍ਹ ਭਾਜਪਾ ਆਗੂ ਨਰੇਸ਼ ਜੀ, ਮੁਰਲੀ ਮਨੋਹਰ ਜੋਸ਼ੀ ਜੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਆਏ ਸਨ। ਇਸ ਤੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਦੋਂ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਲੋਕ ਪਾਰਟੀ ਅਤੇ ਧਰਮ ਤੋਂ ਉੱਪਰ ਉੱਠ ਜਾਂਦੇ ਹਨ। ਉਹ ਸਹੀ ਅਤੇ ਗਲਤ ਵਿੱਚ ਫਰਕ ਜਾਣਦੇ ਹਨ।’ -ਪੀਟੀਆਈ
ਅਦਾਲਤ ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ’ਤੇ ਪੁਲੀਸ ਤੋਂ ਜਵਾਬ ਮੰਗਿਆ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰਾਂ ਵੱਲੋਂ ਸ਼ਹਿਰ ਦੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਦਿੱਲੀ ਪੁਲੀਸ ਦਾ ਪੱਖ ਮੰਗਿਆ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਅਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਏਪੈਕਸ ਬਾਡੀ ਲੇਹ ਵੱਲੋਂ ਦਾਇਰ ਪਟੀਸ਼ਨ ’ਤੇ ਪੁਲੀਸ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਬੈਂਚ ਨੇ ਕਿਹਾ, ‘ਪਟੀਸ਼ਨ ’ਤੇ ਜਵਾਬ ਦਾਖਲ ਕੀਤਾ ਜਾਵੇ।’ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਤੈਅ ਕੀਤੀ ਹੈ। -ਪੀਟੀਆਈ