ਸੋਨਮ ਵਾਂਗਚੁਕ ਨੂੰ ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ਤੋਂ ਹਿਰਾਸਤ ’ਚ ਲਿਆ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਪੁਲੀਸ ਨੇ ਲੱਦਾਖ ਲਈ ਵਧੇਰੇ ਹੱਕਾਂ ਵਾਸਤੇ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ 120 ਸਾਥੀਆਂ ਨੂੰ ਲੇਹ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਦੇ ਸਮੇਂ ਬੀਤੀ ਰਾਤ ਇੱਥੇ ਸਿੰਘੂ ਬਾਰਡਰ ਤੋਂ ਹਿਰਾਸਤ ਵਿਚ ਲੈ ਲਿਆ। ਵਾਂਗਚੁਕ ਤੇ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਪੁਲੀਸ ਥਾਣਿਆਂ ਵਿਚ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹਿਰਾਸਤ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਵਾਂਗਚੁਕ ਤੇ ਉਸ ਦੇ ਸਾਥੀ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਮਹੀਨਾ ਪਹਿਲਾਂ ‘ਦਿੱਲੀ ਚੱਲੋ ਪਦਯਾਤਰਾ’ ਲੇਹ ਤੋਂ ਸ਼ੁਰੂ ਕੀਤੀ ਸੀ। ਇਹ ਮਾਰਚ ਲੇਹ ਅਪੈਕਸ ਬਾਡੀ (ਐੱਲਏਬੀ) ਵੱਲੋਂ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵਾਂਗਚੁਕ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਦਿੱਲੀ ਬਾਰਡਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੂੰ ਬਵਾਨਾ, ਨਰੇਲਾ ਇੰਡਸਟਰੀਅਲ ਏਰੀਆ ਅਤੇ ਅਲੀਪੁਰ ਦੇ ਪੁਲੀਸ ਥਾਣਿਆਂ ਵਿਚ ਰੱਖਿਆ ਗਿਆ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵਾਂਗਚੁਕ ਤੇ ਉਸ ਦੇ ਸਾਥੀਆਂ ਨੇ ਵੱਖ-ਵੱਖ ਥਾਣਿਆਂ ਵਿੱਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਿਸਆ ਕਿ ਇੱਕ ਵਿਅਕਤੀ ਨੂੰ 24 ਘੰਟਿਆਂ ਤੱਕ ਹੀ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੱਦਾਖ ਦੇ ਕਾਰਕੁਨਾਂ ਨੂੰ ਅੱਧੀ ਰਾਤ ਨੂੰ ਛੱਡਿਆ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਮੁੜ ਅਪੀਲ ਕੀਤੀ ਜਾਵੇਗੀ ਕਿ ਉਹ ਕੇਂਦਰੀ ਦਿੱਲੀ ਵਿੱਚ ਦਾਖ਼ਲ ਨਾ ਹੋਣ। ਮੁਜ਼ਾਹਰਾਕਾਰੀਆਂ ਦੇ ਪ੍ਰਤੀਨਿਧ ਨੇ ਦੱਸਿਆ ਕਿ ਜੇ ਪੁਲੀਸ ਨੇ ਉਨ੍ਹਾਂ ਨੂੰ ਕੱਲ੍ਹ ਗਾਂਧੀ ਸਮਿ੍ਰਤੀ ਉੱਤੇ ਜਾਣ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਪੁਲੀਸ ਥਾਣੇ ਅੱਗੇ ਧਰਨਾ ਦੇਣਗੇ। ਵਾਂਗਚੁਕ ਅਤੇ ਹੋਰਨਾਂ ਮੈਂਬਰਾਂ ਨੇ ਇਸ ਸਬੰਧੀ ਇਜਾਜ਼ਤ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਈ-ਮੇਲ ਕੀਤੀ ਸੀ ਪਰ ਇਸ ਸੂਚਨਾ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। -ਪੀਟੀਆਈ
ਵਿਰੋਧੀ ਧਿਰਾਂ ਵੱਲੋਂ ਕਾਰਵਾਈ ਦੀ ਨਿਖੇਧੀ
ਵਿਰੋਧੀ ਧਿਰਾਂ ਨੇ ਲੱਦਾਖੀ ਅੰਦੋਲਨਕਾਰੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਿਦਆਂ ਕਿਹਾ ਕਿ ਉਨ੍ਹਾਂ ਨੂੰ ਲੱਦਾਖੀ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਤਾ ਦੇ ਨਸ਼ੇ ਵਿੱਚ ਚੂਰ ਮੋਦੀ ਸਰਕਾਰ ਵੱਲੋਂ ਲੱਦਾਖ ਤੋਂ ਪੁਰਅਮਨ ਦਿੱਲੀ ਮਾਰਚ ਕਰ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣਾ ਕਾਇਰਤਾ ਪੂਰਨ ਕਾਰਵਾਈ ਹੈ ਅਤੇ ਇਹ ਪੂਰੀ ਤਰ੍ਹਾਂ ਗੈਰਜਮਹੂਰੀ ਵੀ ਹੈ।’ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, ‘ਜਿਹੜੇ ਲੋਕ ਸ਼ਾਂਤੀ ਤੋਂ ਡਰਦੇ ਹਨ, ਉਹ ਅੰਦਰ ਤੋਂ ਡਰੇ ਹੋਏ ਲੋਕ ਹੁੰਦੇ ਹਨ।’ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਕਦੇ ਉਹ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਦੇ ਨੇ ਅਤੇ ਕਦੇ ਲੱਦਾਖ ਵਾਸੀਆਂ ਨੂੰ। ਕੀ ਦਿੱਲੀ ਇੱਕ ਵਿਅਕਤੀ ਦੀ ਜਗੀਰ ਹੈ?’ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਕੋਲਕਾਤਾ ਵਿੱਚ ਕਾਰਟੂਨਿਸਟਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਤਾਮਿਲਨਾਡੂ ਵਿੱਚ ਇੱਕ ਵਿਅੰਗਕਾਰ ਨੂੰ ਜੇਲ੍ਹ ਭੇਜੇ ਜਾਣ ’ਤੇ ਚੁੱਪ ਕਿਉਂ ਵੱਟ ਲੈਂਦੇ ਹਨ?’ -ਪੀਟੀਆਈ