ਸੋਨਮ ਵਾਂਗਚੁਕ ਨੂੰ ਮੁੜ ਹਿਰਾਸਤ ਵਿੱਚ ਲਿਆ
ਨਵੀਂ ਦਿੱਲੀ, 2 ਅਕਤੂਬਰ
ਲੱਦਾਖ ਲਈ ਵਧੇਰੇ ਹੱਕਾਂ ਵਾਸਤੇ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਲੱਦਾਖ ਦੇ 150 ਹੋਰ ਪ੍ਰਦਰਸ਼ਨਕਾਰੀਆਂ ਨੇ ਅੱਜ ਮੁੜ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਆਪਣੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ ਰੱਖੀ ਅਤੇ ਕਿਹਾ ਕਿ ਸ਼ਾਂਤੀ ਅਤੇ ਲੋਕਤੰਤਰ ਦੇ ਪ੍ਰਤੀਕ ‘ਗਾਂਧੀ ਜਯੰਤੀ’ ਮੌਕੇ ਉਨ੍ਹਾਂ ਦੇ ਅਧਿਕਾਰਾਂ ਨੂੰ ‘ਕੁਚਲ’ ਦਿੱਤਾ ਗਿਆ ਹੈ। ਹਾਲਾਂਕਿ ਬਾਅਦ ਵਿੱਚ ਸ਼ਾਮ ਨੂੰ ਪੁਲੀਸ ਸੋਨਮ ਵਾਂਗਚੁਕ ਅਤੇ ਉਸ ਦੇ ਸਾਥੀਆਂ ਨੂੰ ਰਾਜਘਾਟ ਲੈ ਗਈ। ਵਾਂਗਚੁਕ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਸਨ। ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਾਂਗਚੁਕ ਅਤੇ ਹੋਰ ਹਿਰਾਸਤ ਵਿੱਚ ਲਏ ਲੱਦਾਖ ਦੇ ਨਾਗਰਿਕਾਂ ਨੂੰ ਮੰਗਲਵਾਰ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਹ ਦਿੱਲੀ ਦੇ ਮੱਧ ਹਿੱਸੇ ਵੱਲ ਮਾਰਚ ਕਰਨ ’ਤੇ ਅੜੇ ਰਹੇ, ਜਿਸ ਕਾਰਨ ਉਨ੍ਹਾਂ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਗਿਆ।
ਲੇਹ ਐਪੈਕਸ ਬਾਡੀ ਦੇ ਕੋਆਰਡੀਨੇਟਰ ਜਿਗਮਤ ਪਾਲਜੋਰ ਨੇ ਅੱਜ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਕਿ 24 ਘੰਟਿਆਂ ਤੋਂ ਵੱਧ ਸਮੇਂ ਲਈ ਉਨ੍ਹਾਂ ਦੀ ਹਿਰਾਸਤ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ, ‘ਅਸੀਂ ਪੈਦਲ ਯਾਤਰੀ ਖੁਦ ਨੂੰ ਖਤਰਨਾਕ ਸਥਿਤੀ ਵਿੱਚ ਪਾ ਰਹੇ ਹਾਂ। ਸਾਨੂੰ 24 ਘੰਟਿਆਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ ਹਿਰਾਸਤ ਗੈਰ-ਕਾਨੂੰਨੀ ਹੈ। 24 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਾਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘’ਕੁਝ ਗਰੁੱਪਾਂ ਨੂੰ 24 ਘੰਟਿਆਂ ਦੇ ਅੰਦਰ ਛੱਡ ਦਿੱਤਾ ਗਿਆ ਅਤੇ ਫਿਰ ਵਾਪਸ ਥਾਣੇ ਬੁਲਾਇਆ ਗਿਆ। ਬੀਤੀ ਰਾਤ ਪੁਲੀਸ ਨੇ ਸਾਨੂੰ ਜ਼ਬਰਦਸਤੀ ਕਿਸੇ ਅਣਪਛਾਤੀ ਜਗ੍ਹਾ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਿਰੋਧ ਕਰਦੇ ਰਹੇ।’ -ਪੀਟੀਆਈ