ਸੋਨਮ ਵਾਂਗਚੁਕ ਤੇ ਹੋਰਾਂ ਵੱਲੋਂ ਭੁੱਖ ਹੜਤਾਲ ਜਾਰੀ
ਨਵੀਂ ਦਿੱਲੀ, 8 ਅਕਤੂਬਰ
ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਆਪਣੇ ਹਮਾਇਤੀਆਂ ਨਾਲ ਦਿੱਲੀ ਦੇ ਲੱਦਾਖ ਭਵਨ ’ਚ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਵੀ ਜਾਰੀ ਰੱਖੀ। ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਲਈ ਸੰਘਰਸ਼ ਕਰ ਰਹੇ ਵਾਂਗਚੁਕ ਨੇ ਲੰਘੇ ਐਤਵਾਰ ਦੀ ਦੁਪਹਿਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਪ੍ਰਦਰਸ਼ਨਕਾਰੀਆਂ ਅਨੁਸਾਰ ਹਾਲੇ ਤੱਕ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ।
ਵਾਂਗਚੁਕ ਨਾਲ ਭੁੱਖ ਹੜਤਾਲ ’ਤੇ ਬੈਠੇ ਕਾਰਕੁਨਾਂ ’ਚੋਂ ਮੇਹਦੀ ਨੇ ਕਿਹਾ ਕਿ ਅੱਜ ਸਵੇਰੇ ਮੁਜ਼ਾਹਰਾਕਾਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਤਾਂ ਉਨ੍ਹਾਂ ’ਚੋਂ ਕਈਆਂ ਦਾ ਬਲੱਡ ਪ੍ਰੈੱਸ਼ਰ ਘਟਿਆ ਹੋਇਆ ਸੀ। ਉਨ੍ਹਾਂ ਦੱਸਿਆ, ‘ਅਸੀਂ ਇੱਥੇ 40 ਡਿਗਰੀ ਸੈਲਸੀਅਸ ਤਾਪਮਾਨ ’ਚ ਬੈਠੇ ਹਾਂ। ਇਹ ਤੀਜਾ ਦਿਨ ਹੈ। ਅਸੀਂ ਇੱਥੇ ਖੁੱਲ੍ਹੇ ਵਿੱਚ ਹੇਠ ਸੌਂ ਰਹੇ ਹਾਂ। ਇੱਥੇ ਬਜ਼ੁਰਗ ਵੀ ਬੈਠੇ ਹਨ। ਕੁਝ ਨੂੰ ਸ਼ੂਗਰ, ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੈ ਪਰ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਜਾਵਾਂਗੇ।’ ਇੱਕ ਹੋਰ ਮੁਜ਼ਾਹਰਾਕਾਰੀ ਨੇ ਕਿਹਾ, ‘ਲੱਦਾਖ ਦੇ ਲੋਕਾਂ ਨੂੰ ਲੱਦਾਖ ਭਵਨ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅੱਜ ਸਵੇਰੇ ਕੁਝ ਵਿਦਿਆਰਥੀ ਵਾਂਗਚੁਕ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ।’ -ਪੀਟੀਆਈ
ਵਾਂਗਚੁਕ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ ਅੱਜ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਸੋਨਮ ਵਾਂਗਚੁਕ ਤੇ ਹੋਰਾਂ ਨੂੰ ਕੌਮੀ ਰਾਜਧਾਨੀ ’ਚ ਜੰਤਰ-ਮੰਤਰ ਜਾਂ ਹੋਰ ਢੁੱਕਵੀਂ ਥਾਂ ’ਤੇ ਮੁਜ਼ਾਹਰੇ ਕਰਨ ਦੀ ਇਜਾਜ਼ਤ ਦੇਣ ਦੇ ਮੁੱਦੇ ’ਤੇ ਅੱਜ ਸੁਣਵਾਈ ਕਰੇਗਾ। ਇਸ ਸਬੰਧੀ ਦਾਇਰ ਪਟੀਸ਼ਨ ਦਾ ਚੀਫ ਜਸਟਿਸ ਮਨਮੋਹਨ ਤੇ ਜਸਟਿਸ ਤੁਸ਼ਾਰ ਗੇਡੇਲਾ ਦੇ ਬੈਂਚ ਸਾਹਮਣੇ ਤੁਰੰਤ ਸੁਣਵਾਈ ਲਈ ਜ਼ਿਕਰ ਕੀਤਾ ਗਿਆ ਸੀ ਪਰ ਬੈਂਚ ਨੇ ਮਾਮਲੇ ਨੂੰ 9 ਅਕਤੂਬਰ ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ। -ਪੀਟੀਆਈ