ਸੋਨਮ ਵਾਂਗਚੁਕ ਰਿਹਾਅ, ਪਾਬੰਦੀ ਦੇ ਹੁਕਮ ਵਾਪਸ ਲਏ
* ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ
* ਪਾਬੰਦੀ ਦੇ ਹੁਕਮ ਵਾਪਸ ਲੈਣ ਬਾਰੇ ਵੀ ਕਰਵਾਇਆ ਜਾਣੂ
ਨਵੀਂ ਦਿੱਲੀ, 3 ਅਕਤੂਬਰ
ਸੌਲੀਸਟਰ ਜਨਰਲ ਤੁਸ਼ਾਰ ਮਹਿਤਾ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਮਹਿਤਾ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸਭਾਵਾਂ ਅਤੇ ਵਿਰੋਧ ਪ੍ਰਦਰਸ਼ਨ ’ਤੇ ਰੋਕ ਲਾਉਣ ਸਬੰਧੀ ਦਿੱਲੀ ਪੁਲੀਸ ਦੇ ਹੁਕਮਾਂ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਮਹਿਤਾ ਨੇ ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੈਡੇਲਾ ਦੇ ਬੈਂਚ ਮੂਹਰੇ ਇਹ ਬਿਆਨ ਦਿੱਤਾ। ਬੈਂਚ ਵਾਂਗਚੁਕ ਦੀ ਰਿਹਾਈ ਦੀ ਅਪੀਲ ਅਤੇ ਪਾਬੰਦੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ।
ਵਾਂਗਚੁਕ ਸਣੇ ਲੱਦਾਖ ਦੇ ਲਗਪਗ 120 ਵਿਅਕਤੀਆਂ ਨੂੰ ਲੱਦਾਖ ਲਈ ਛੇਵੀਂ ਅਨੁਸੂਚੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕੌਮੀ ਰਾਜਧਾਨੀ ਵੱਲ ਮਾਰਚ ਕਰਦੇ ਸਮੇਂ ਪੁਲੀਸ ਨੇ ਦਿੱਲੀ ਦੀ ਹੱਦ ’ਤੇ ਕਥਿਤ ਤੌਰ ’ਤੇ ਹਿਰਾਸਤ ’ਚ ਲਿਆ ਸੀ। ਛੇਵੀਂ ਅਨੁਸੂਚੀ ‘ਖ਼ੁਦਮੁਖਤਿਆਰ ਜ਼ਿਲ੍ਹਿਆਂ ਤੇ ਖ਼ੁਦਮੁਖਤਿਆਰ ਖੇਤਰਾਂ’ ਦੇ ਰੂਪ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਸੂਬਿਆਂ ਦੇ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਨਾਲ ਸਬੰਧਤ ਹੈ। -ਪੀਟੀਆਈ