ਦੇਸ਼ ਦਾ ਵਿਕਾਸ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹੈ: ਧਨਖੜ
ਨਵੀਂ ਦਿੱਲੀ, 13 ਅਗਸਤ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੀ ਕੀਤੀ ਜਾ ਰਹੀ ਜੇਪੀਸੀ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ’ਤੇ ਵਰ੍ਹਦਿਆਂ ਅੱਜ ਕਿਹਾ ਕਿ ਭਾਰਤ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ ਪਰ ਕੁਝ ਲੋਕ ‘ਅਸਥਿਰਤਾ ਪੈਦਾ ਕਰਨਾ’ ਚਾਹੁੰਦੇ ਹਨ ਅਤੇ ਬੇਤਰਤੀਬੇ ਢੰਗ ਨਾਲ ਸਾਹਮਣੇ ਆਏ ਮੁੱਦਿਆਂ ਨੂੰ ਪ੍ਰਮਾਣਿਕ ਬਣਾ ਕੇ ਪੇਸ਼ ਕਰ ਰਹੇ ਹਨ।
ਉਨ੍ਹਾਂ ਨੇ ਇਹ ਟਿੱਪਣੀ ਵਿਰੋਧੀ ਧਿਰ ਵੱਲੋਂ ਸੇਬੀ ਦੀ ਚੇਅਰਪਰਸਨ ਮਾਧਵੀ ਬੁੱਚ ਖ਼ਿਲਾਫ਼ ਹਿੰਡਨਬਰਗ ਦੇ ਦੋਸ਼ਾਂ ਨੂੰ ਲੈ ਕੇ ਸਰਕਾਰ ’ਤੇ ਹਮਲਾ ਤੇਜ਼ ਕਰਨ ਤੇ ਜਾਂਚ ਸ਼ੁਰੂ ਨਾ ਹੋਣ ’ਤੇ ਕਾਂਗਰਸ ਵੱਲੋਂ ਦੇਸ਼ਿਵਆਪੀ ਮੁਜ਼ਾਹਰੇ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੇ ਜਾਣ ਮਗਰੋਂ ਕੀਤੀ ਹੈ। ਹਾਲਾਂਕਿ ਭਾਜਪਾ ਨੇ ਇਹ ਮੰਗ ਖਾਰਜ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਦਾ ਮਕਸਦ ਭਾਰਤੀ ਅਰਥਚਾਰੇ ਨੂੰ ਖੋਖਲਾ ਕਰਨਾ ਹੈ। ਧਨਖੜ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਇੱਥੇ ‘ਤਿਰੰਗਾ ਮੋਟਰਸਾਈਕਲ ਰੈਲੀ’ ਨੂੰ ਰਵਾਨਾ ਕਰਨ ਮੌਕੇ ਆਖਿਆ, ‘‘ਦੇਸ਼ ਵਾਸੀਓ, ਸਾਡਾ ਦੇਸ਼ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਅੜਿੱਕੇ ਪੈਦਾ ਕਰਨਾ ਤੇ ਅਸਥਿਰਤਾ ਲਿਆਉਣਾ ਚਾਹੁੰਦੇ ਹਨ।’’ ਉਨ੍ਹਾਂ ਆਖਿਆ, ‘‘ਉਹ ਸੋਚਦੇ ਹਨ ਕਿ ਜੇਕਰ ਭਾਰਤ ਇਸੇ ਤਰ੍ਹਾਂ ਅੱਗੇ ਵਧਦਾ ਰਹੇਗਾ ਤਾਂ ਯਕੀਨੀ ਤੌਰ ’ਤੇ ‘ਵਿਸ਼ਵ ਗੁਰੂ’ ਬਣ ਜਾਵੇਗਾ। ਜਿਹੜੇ ਲੋਕ ਅੜਿੱਕੇ ਪੈਦਾ ਕਰਦੇ ਹਨ, ਉਹ ਬੇਤਰਤੀਬੇ ਢੰਗ ਨਾਲ ਸਾਹਮਣੇ ਆਏ ਮੁੱਦਿਆਂ ਨੂੰ ਹੀ ਪ੍ਰਮਾਣਿਕ ਮੰਨ ਲੈਦੇ ਹਨ। ਦੇਸ਼ ਵਾਸੀਆਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦਾ ਇਕਲੌਤਾ ਮਕਸਦ ਭਾਰਤ ਨੂੰ ਅਸਥਿਰ ਕਰਨਾ ਤੇ ਤਰੱਕੀ ’ਚ ਰੁਕਾਵਟ ਪਾਉਣਾ ਹੈ।’’ -ਪੀਟੀਆਈ