ਐੱਨਡੀਏ ’ਚ ਸ਼ਾਮਲ ਕੁਝ ਪਾਰਟੀਆਂ ਇੰਡੀਆ ਗੱਠਜੋੜ ਦੇ ਸੰਪਰਕ ’ਚ: ਕਾਂਗਰਸ
ਨਾਗਪੁਰ, 27 ਅਗਸਤ
ਕਾਂਗਰਸ ਤਰਜਮਾਨ ਅਲੋਕ ਸ਼ਰਮਾ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਦੀ ਮੀਟਿੰਗ ’ਚ ਸ਼ਾਮਲ ਹੋਈਆਂ 38 ਵਿੱਚੋਂ ਚਾਰ ਤੋਂ ਪੰਜ ਪਾਰਟੀਆਂ ‘ਇੰਡੀਆ’ ਗੱਠਜੋੜ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਅਗਲੇ ਦਿਨਾਂ ਦੌਰਾਨ ਵਿਰੋਧੀ ਗੱਠਜੋੜ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਇੰਡੀਆ ਗੱਠਜੋੜ ਦੀ ਮੁੰਬਈ ਵਿੱਚ 1 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੁਝ ਅਹਿਮ ਫ਼ੈਸਲੇ ਲਏ ਜਾਣਗੇ।
ਸ਼ਰਮਾ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਘੱਟੋ-ਘੱਟ ਚਾਰ ਤੋਂ ਪੰਜ ਪਾਰਟੀਆਂ ਜਿਹੜੀਆਂ ਐੱਨਡੀਏ ਦੀ ਮੀਟਿੰਗ (ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸੀ) ਵਿੱਚ ਸ਼ਾਮਲ ਹੋਈਆਂ ਸਨ, ਇੰਡੀਆ ਗੱਠਜੋੜ ਦੇ ਸੰਪਰਕ ਵਿੱਚ ਹਨ। ਉਨ੍ਹਾਂ ਵਿੱਚੋਂ ਕੁਝ ਦੇ ਬਹੁਤ ਜਲਦੀ ਅਤੇ ਜਦਕਿ ਕੁਝ ਦੇ 2024 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਗੱਠਜੋੜ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।’’ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ਪਿਛਲੇ ਮਹੀਨੇ ਦਿੱਲੀ ’ਚ ਹੋਈ ਸੀ ਅਤੇ ਮੀਟਿੰਗ ਵਿੱਚ ਘੱਟੋ ਘੱਟ 38 ਪਾਰਟੀਆਂ ਸ਼ਾਮਲ ਹੋਈਆਂ ਸਨ।
ਇਸ ਦੌਰਾਨ ਸ਼ਰਮਾ ਨੇ ਇਹ ਪੁੱਛੇ ਜਾਣ ’ਤੇ ਕਿ ਕੀ ਕਾਂਗਰਸ ਮਹਾਰਾਸ਼ਟਰ ਵਿੱਚ ਤਿੰਨ ਪਾਰਟੀਆਂ ਦੇ ਮਹਾ ਵਿਕਾਸ ਅਘਾੜੀ ਗੱਠਜੋੜ ਵਿੱਚ ਅਗਵਾਈ ਕਰੇਗੀ, ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਕਿਹਾ, ‘‘ਦੇਸ਼ ’ਚ ਮੌਜੂਦਾ ਸਥਿਤੀ ’ਤੇ ਵਿਚਾਰ ਕਰਦਿਆਂ ਇਹ ਗੱਲ ਅਹਿਮ ਨਹੀਂ ਹੈ ਕਿ ਕੌਣ ਅਗਵਾਈ ਕਰੇਗਾ ਬਲਕਿ ਇਹ ਅਹਿਮ ਹੈ ਅਸੀਂ ਇੱਕਜੁਟ ਕਿਵੇਂ ਹੋ ਸਕਦੇ ਹਾਂ ਤੇ ਇਸ ਹੰਕਾਰੀ ਸਰਕਾਰ ਨੂੰ ਹਟਾ ਸਕਦੇ ਹਾਂ।’’ ਸ਼ਰਮਾ ਨੇ ਆਖਿਆ ਕਿ ਵੱਖ ਵੱਖ ਸੂਬਿਆਂ ਤੇ ਖੇਤਰਾਂ ’ਚ ਕੋਈ ਵੀ ਅਗਵਾਈ ਕਰ ਸਕਦਾ ਹੈ ਅਤੇ ਦੇਸ਼ ਵਿੱਚ ਸਾਰਿਆਂ ਦੀ ਇੱਕਜੁਟਤਾ ਲਈ ਕਾਂਗਰਸ ਇਸ ਨੂੰ ਮਜ਼ਬੂਤ ਕਰਨ ਲਈ ਤਾਕਤ ਵਜੋਂ ਕੰਮ ਕਰੇਗੀ। ਕੌਮੀ ਤਰਜਮਾਨ ਨੇ ਕਿਹਾ, ‘‘ਸਾਲ 2024 ਇੰਡੀਆ ਗੱਠਜੋੜ ਦਾ ਹੈ।’’ -ਪੀਟੀਆਈ
ਐੱਨਡੀਏ ਦਾ ਕੋਈ ਆਕਾਰ ਤੇ ਕੱਦ-ਬੁੁੱਤ ਨਹੀਂ: ਊਧਵ
ਹਿੰਗੋਲੀ: ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਅਮੀਬਾ (ਇਕ ਸੈੱਲ ਵਾਲਾ ਸਭ ਤੋਂ ਪਹਿਲਾ ਜੀਵ) ਵਾਂਗ ਹੈ, ਜਿਸ ਦਾ ਨਾ ਕੋਈ ਪੱਕਾ ਆਕਾਰ ਤੇ ਨਾ ਕੋਈ ਕੱਦ ਬੁੱਤ ਹੈ। ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ‘ਘਮੰਡੀਆ’ ਤੇ ‘ਇੰਡੀਅਨ ਮੁਜਾਹਿਦੀਨ’ ਕਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਠਾਕਰੇ ਨੇ ਕਿਹਾ ਕਿ ਐੱਨਡੀਏ ਨੂੰ ‘ਘਮਾ-ਐੱਨਡੀਏ’ ਕਹਿ ਕੇ ਸੱਦਣਾ ਚਾਹੀਦਾ ਹੈ। ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ 31 ਅਗਸਤ ਤੇ 1 ਸਤੰਬਰ ਨੂੰ ਮੁੰਬਈ ਵਿਚ ਹੈ ਅਤੇ ਠਾਕਰੇ 31 ਦੀ ਰਾਤ ਨੂੰ ਦਾਅਵਤ ਦੀ ਮੇਜ਼ਬਾਨੀ ਕਰਨਗੇ।ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਕੇ.ਚੰਦਰਸ਼ੇਖਰ ਰਾਓ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰਨ ਕਿ ਉਹ ‘ਇੰਡੀਆ’ ਜਾਂ ਭਾਜਪਾ ਵਿਚੋਂ ਕਿਸ ਦੀ ਹਮਾਇਤ ਕਰਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਇੰਡੀਆ ਗੱਠਜੋੜ ਵਿੱਚ ਰਾਸ਼ਟਰਵਾਦੀ ਪਾਰਟੀਆਂ ਸ਼ਾਮਲ ਹਨ, ਜੋੋ ਦੇਸ਼ ਵਿੱਚ ਸੰਵਿਧਾਨ ਨੂੰ ਬਚਾਉਣਾ ਚਾਹੁੰਦੀਆਂ ਹਨ। ਪਰ ਐੱਨਡੀਏ ਵਿੱਚ ਸ਼ਾਮਲ ਬਹੁਤੀਆਂ ਪਾਰਟੀਆਂ ਦੇਸ਼ਧਰੋਹੀ ਹਨ ਤੇ ਜਿਹੜੇ ਭਾਜਪਾ ਵਿਚ ਸ਼ਾਮਲ ਹੋਏ ਹਨ, ਉਹ ਹੋਰਨਾਂ ਪਾਰਟੀਆਂ ਨਾਲੋਂ ਟੁੱਟ ਕੇ ਆਏ ਹਨ।’’ ਠਾਕਰੇ ਨੇ ਕਿਹਾ ਕਿ ਇੰਡੀਆ ਗੱਠਜੋੜ ਭਾਜਪਾ ਨੂੰ ਹਰਾਏਗਾ। -ਪੀਟੀਆਈ