For the best experience, open
https://m.punjabitribuneonline.com
on your mobile browser.
Advertisement

ਤਕਨੀਕ ਨਾਲ ਲੈਸ ਸੈਨਿਕ

08:03 AM Apr 26, 2024 IST
ਤਕਨੀਕ ਨਾਲ ਲੈਸ ਸੈਨਿਕ
Advertisement

ਲਗਾਤਾਰ ਤਕਨੀਕੀ ਤਬਦੀਲੀਆਂ ਅਤੇ ਬਦਲਦੀਆਂ ਸੁਰੱਖਿਆ ਚੁਣੌਤੀਆਂ ਦੇ ਇਸ ਦੌਰ ਵਿੱਚ ਭਾਰਤੀ ਸੈਨਾ ਦੀ ਤਕਨੀਕ ਨਾਲ ਲੈਸ ਹੋਣ ਦੀ ਸਰਗਰਮ ਪਹੁੰਚ ਆਧੁਨਿਕੀਕਰਨ ਦੇ ਇਸ ਸਫ਼ਰ ’ਚ ਬੇਹੱਦ ਅਹਿਮ ਉੱਦਮ ਹੈ। ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦਾ ਬੁੱਧਵਾਰ ਨੂੰ ਕੀਤਾ ਐਲਾਨ ਸੈਨਿਕਾਂ ਨੂੰ ਨਵੀਆਂ ਤਕਨੀਕਾਂ ਦਾ ਲਾਹਾ ਲੈਣ ਲਈ ਲੋੜੀਂਦੀ ਯੋਗਤਾ ਨਾਲ ਲੈਸ ਕਰਨ ਦੀ ਜ਼ਰੂਰਤ ਨੂੰ ਉਭਾਰਦਾ ਹੈ। ‘ਸਿਮੂਲੇਸ਼ਨ’ ਅਤੇ ‘ਵਰਚੁਅਲ ਰਿਐਲਟੀ’ ਦੇ ਸੁਮੇਲ ਨੂੰ ਫ਼ੌਜੀ ਪਾਠਕ੍ਰਮ ਦੇ ਟਰੇਨਿੰਗ ਮੌਡਿਊਲ ਵਿੱਚ ਸ਼ਾਮਿਲ ਕਰਨ ਤੋਂ ਸਪੱਸ਼ਟ ਹੈ ਕਿ ਸੈਨਾ ਰਵਾਇਤੀ ਢੰਗ-ਤਰੀਕਿਆਂ ਤੋਂ ਹਟ ਕੇ ਡੂੰਘੇ ਤੇ ਤਕਨੀਕੀ ਸਿੱਖਿਆ ਤਜਰਬਿਆਂ ਵੱਲ ਵਧ ਰਹੀ ਹੈ। ਇਸ ਸਿਖਲਾਈ ਨਾਲ ਨਾ ਸਿਰਫ਼ ਸੈਨਿਕਾਂ ਦਾ ਤਕਨੀਕੀ ਗਿਆਨ ਵਧੇਗਾ ਬਲਕਿ ਫ਼ੌਜ ਵਿੱਚ ਨਵੀਆਂ ਖੋਜਾਂ ਤੇ ਵੱਖ-ਵੱਖ ਰੈਂਕਾਂ ਵਿੱਚ ਖ਼ੁਦ ਨੂੰ ਢਾਲਣ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਤੋਂ ਇਲਾਵਾ ਟੈਰੀਟੋਰੀਅਲ ਫ਼ੌਜ ਵਿੱਚ ਸਾਈਬਰ ਤੇ ਭਾਸ਼ਾ ਮਾਹਿਰਾਂ ਨੂੰ ਸ਼ਾਮਿਲ ਕੀਤੇ ਜਾਣਾ ਦਰਸਾਉਂਦਾ ਹੈ ਕਿ ਆਧੁਨਿਕ ਜੰਗੀ ਕਲਾ ਦੇ ਬਹੁ-ਪੱਖੀ ਚਰਿੱਤਰ ਨੂੰ ਵੀ ਮਾਨਤਾ ਦਿੱਤੀ ਜਾ ਰਹੀ ਹੈ। ਸਾਈਬਰ ਖ਼ਤਰਿਆਂ ਦੇ ਵਧਣ ਕਾਰਨ ਸੈਨਿਕਾਂ ਨੂੰ ਇਸ ਖੇਤਰ ਵਿੱਚ ਮਾਹਿਰ ਬਣਾਉਣਾ ਕੌਮੀ ਸੁਰੱਖਿਆ ਹਿੱਤਾਂ ਦੀ ਰਾਖੀ ਲਈ ਵੀ ਬਹੁਤ ਮਹੱਤਵਪੂਰਨ ਹੈ।
ਭੂ-ਰਾਜਸੀ ਤਣਾਅ ਦਰਮਿਆਨ ਪਿਛਲੇ ਸਾਲ ਸੁਤੰਤਰਤਾ ਦਿਵਸ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਹਥਿਆਰਬੰਦ ਬਲਾਂ ਨੂੰ ਵਿਸ਼ਵ ਪੱਧਰੀ ਸਾਜ਼ੋ-ਸਮਾਨ ਅਤੇ ਸਿਖਲਾਈ ਦਿੱਤੀ ਜਾਵੇਗੀ। ਇਸ ਤਰ੍ਹਾਂ ਉਨ੍ਹਾਂ ਭਾਰਤ ਦੀ ਰੱਖਿਆ ਦੇ ਪੱਖ ਤੋਂ ਸਮਰੱਥਾ ਵਿੱਚ ਹੋਰ ਵਾਧਾ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਸੀ। ਆਧੁਨਿਕੀਕਰਨ ਅਤੇ ਨਵੀਆਂ ਕਾਢਾਂ ਉੱਤੇ ਦਿੱਤਾ ਜਾ ਰਿਹਾ ਜ਼ੋਰ ਫੌਜ ਦੀ ਉਸ ਰਣਨੀਤੀ ਨੂੰ ਜ਼ਾਹਿਰ ਕਰਦਾ ਹੈ ਜਿਸ ਤਹਿਤ ਉੱਭਰਦੀਆਂ ਚੁਣੌਤੀਆਂ ਤੋਂ ਦੋ ਕਦਮ ਅੱਗੇ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇਜ਼ੀ ਨਾਲ ਬਦਲ ਰਹੇ ਸੰਸਾਰ ਅਤੇ ਤਕਨੀਕ ਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਇਸ ਖੇਤਰ ਦੇ ਹੋਰ ਮੋਕਲੇ ਕੀਤੇ ਜਾਣ। ਅੱਜ ਬਹੁਤ ਸਾਰੇ ਖੇਤਰਾਂ ਦਾ ਵਧਣਾ-ਫੁੱਲਣਾ ਸਿੱਧੇ ਅਸਿੱਧੇ ਢੰਗ ਨਾਲ ਤਕਨੀਕ ਉੱਤੇ ਨਿਰਭਰ ਹੈ।
ਅਹਿਮ ਤੱਥ ਇਹ ਹੈ ਕਿ ਭਾਰਤੀ ਸੈਨਾ ਅਤਿ-ਆਧੁਨਿਕ ਤਕਨੀਕਾਂ ਜਿਵੇਂ ਡਰੋਨ, ਡਰੋਨ ਵਿਰੋਧੀ ਪ੍ਰਣਾਲੀਆਂ ਅਤੇ ਸੁਰੱਖਿਅਤ ਸੰਚਾਰ ਮਾਧਿਅਮ ਅਪਣਾ ਰਹੀ ਹੈ। ਇਹ ਵਾਧਾ ਨਾ ਸਿਰਫ਼ ਸੈਨਾ ਦੀ ਕਾਰਵਾਈ ਕਰਨ ਦੀ ਤਿਆਰੀ ਨੂੰ ਮਜ਼ਬੂਤ ਕਰਦਾ ਹੈ ਬਲਕਿ ਫ਼ੌਜ ਨੂੰ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਅਤੇ ਕਾਰਗਰ ਕਾਰਵਾਈਆਂ ਲਈ ਵੀ ਤਿਆਰ ਕਰਦਾ ਹੈ; ਹਾਲਾਂਕਿ ਇਸ ਬਦਲਾਓ ਅੱਗੇ ਕਈ ਕਿਸਮ ਦੀਆਂ ਵੱਡੀਆਂ ਚੁਣੌਤੀਆਂ ਵੀ ਹਨ। ਕਾਰਵਾਈ ਦੇ ਮੌਜੂਦਾ ਢਾਂਚਿਆਂ ਵਿੱਚ ਤਕਨੀਕ ਦੇ ਵੱਧ ਤੋਂ ਵੱਧ ਰਲੇਵੇਂ ਲਈ ਸਿਖਲਾਈ ਤੇ ਸਿੱਖਿਆ ਵਿੱਚ ਨਿਵੇਸ਼ ਕਰਨਾ ਪਏਗਾ। ਇਸ ਦੀ ਸਫਲਤਾ ਫ਼ੌਜ ਦੇ ਮੁੱਢਲੇ ਸਿਧਾਂਤਾਂ ਦਾ ਪੂਰੇ ਮਨ ਨਾਲ ਪਾਲਣ ਕਰਨ ਉੱਤੇ ਨਿਰਭਰ ਹੈ। ਆਧੁਨਿਕ ਜੰਗੀ ਤਕਨੀਕਾਂ ਨੂੰ ਅਪਨਾਉਣ ਦੇ ਨਾਲ-ਨਾਲ ਸੈਨਾ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਹੌਸਲੇ, ਏਕੇ ਤੇ ਕੌਮੀ ਸੁਰੱਖਿਆ ਪ੍ਰਤੀ ਸਮਰਪਣ ਦੇ ਆਪਣੇ ਬੁਨਿਆਦੀ ਆਦਰਸ਼ਾਂ ਨੂੰ ਘੁੱਟ ਕੇ ਫੜੀ ਰੱਖੇ।

Advertisement

Advertisement
Author Image

sukhwinder singh

View all posts

Advertisement
Advertisement
×