For the best experience, open
https://m.punjabitribuneonline.com
on your mobile browser.
Advertisement

ਕੋਵਿਡ ਵੈਕਸੀਨ ਦੀ ਵਿਕਰੀ ਬੰਦ

06:18 AM May 09, 2024 IST
ਕੋਵਿਡ ਵੈਕਸੀਨ ਦੀ ਵਿਕਰੀ ਬੰਦ
Advertisement

ਬਰਤਾਨੀਆ ਦੀ ਫਾਰਮਾ ਕੰਪਨੀ ਐਸਟਰਾਜ਼ੈਨੇਕਾ ਨੇ ਆਲਮੀ ਪੱਧਰ ’ਤੇ ਕੋਵਿਡ-19 ਵੈਕਸੀਨ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਉਹੀ ਟੀਕਾ ਹੈ ਜਿਸ ਨੂੰ ਭਾਰਤ ਵਿੱਚ ਕੋਵੀਸ਼ੀਲਡ ਤੇ ਯੂਰੋਪ ਵਿਚ ਵੈਕਸਜ਼ੇਵਰਿਆ ਕਹਿ ਕੇ ਵੇਚਿਆ ਗਿਆ ਹੈ। ਹਾਲ ਹੀ ਵਿਚ ਕੰਪਨੀ ਨੇ ਮੰਨਿਆ ਸੀ ਕਿ ਇਸ ਵੈਕਸੀਨ ਦੇ ‘ਥ੍ਰੋਮਬੋਸਿਸ ਥ੍ਰੋਮਬੋਸਾਇਟੋਪੈਨਿਕ ਸਿੰਡਰੋਮ (ਟੀਟੀਐੱਸ) ਦੇ ਰੂਪ ਵਿਚ ਸਰੀਰ ਉਤੇ ਮਾੜੇ ਅਸਰ ਹੋ ਸਕਦੇ ਹਨ ਜਿਸ ਨਾਲ ਲੋਕਾਂ ਦੇ ਸਰੀਰ ਵਿੱਚ ਖੂਨ ਦੇ ਥੱਕੇ ਬਣ ਸਕਦੇ ਹਨ ਅਤੇ ਪਲੇਟਲੈੱਟਸ ਦੀ ਗਿਣਤੀ ਘਟ ਸਕਦੀ ਹੈ। ਕਾਰੋਬਾਰੀ ਕਾਰਨਾਂ ਦਾ ਹਵਾਲਾ ਦਿੰਦਿਆਂ ਕੰਪਨੀ ਨੇ ਆਪਣੇ ਇਸ ਫ਼ੈਸਲੇ ਪਿੱਛੇ ਬਾਜ਼ਾਰ ਵਿੱਚ ‘ਲੋੜੋਂ ਵੱਧ ਵੈਕਸੀਨ ਦੀ ਉਪਲਬਧਤਾ’ ਨੂੰ ਜਿ਼ੰਮੇਵਾਰ ਠਹਿਰਾਇਆ ਹੈ। ਐਸਟਰਾਜ਼ੈਨੇਕਾ ਨੇ ਦਾਅਵਾ ਕੀਤਾ ਹੈ ਕਿ ਟੀਕੇ ਵਾਪਸ ਮੰਗਵਾਉਣ ਦਾ ਅਦਾਲਤ ਵਿੱਚ ਚੱਲ ਰਹੇ ਕੇਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਸ ਵੇਲੇ ਟੀਕੇ ਦੀ ਖਰੀਦ-ਵਿਕਰੀ ਰੋਕਣਾ ਮਹਿਜ਼ ਇਤਫ਼ਾਕ ਹੀ ਹੈ; ਹਾਲਾਂਕਿ ਇਸ ਕਦਮ ਨੂੰ ਸਾਖ਼ ਬਚਾਉਣ ਲਈ ਹਤਾਸ਼ਾ ਵਿੱਚ ਕੀਤੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।
ਕੰਪਨੀ ਦੀਆਂ ਕਾਨੂੰਨੀ ਔਖਿਆਈਆਂ ਹਾਲੇ ਮੁੱਕਣ ਵਾਲੀਆਂ ਨਹੀਂ ਹਨ ਕਿਉਂਕਿ ਬਰਤਾਨੀਆ ਵਿਚ ਕਰੀਬ 81 ਮੌਤਾਂ ਤੇ ਕਈ ਹੋਰ ਗੰਭੀਰ ਕੇਸਾਂ ਨੂੰ ਟੀਟੀਐੱਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਰਜਾਨਾ ਮੰਗਦਿਆਂ 50 ਤੋਂ ਵੱਧ ਕਥਿਤ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਲੰਡਨ ਵਿੱਚ ਹਾਈ ਕੋਰਟ ਪਹੁੰਚ ਚੁੱਕੇ ਹਨ। ਭਾਰਤ ਵਿਚ ਵੀ ਸੁਪਰੀਮ ਕੋਰਟ ਨੇ ਐਸਟਰਾਜ਼ੈਨੇਕਾ ਨਾਲ ਸਬੰਧਿਤ ਪਟੀਸ਼ਨ ਸੁਣਨ ਲਈ ਹਾਮੀ ਭਰ ਦਿੱਤੀ ਹੈ। ਟੀਕੇ ਦਾ ਨਿਰਮਾਣ ਭਾਰਤ ਵਿੱਚ ਪੁਣੇ ਦੇ ‘ਸੀਰਮ ਇੰਸਟੀਚਿਊਟ ਆਫ ਇੰਡੀਆ’ ਵੱਲੋਂ ਕੀਤਾ ਗਿਆ ਸੀ। ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਸਵਾਲਾਂ ਦੇ ਘੇਰੇ ਵਿਚ ਆਏ ‘ਸਾਈਡ ਇਫੈਕਟਸ’ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਗਠਿਤ ਕੀਤੀ ਜਾਵੇ ਅਤੇ ਜਿੱਥੇ ਕਿਤੇ ਵੀ ਟੀਕਾਕਰਨ ਤੋਂ ਬਾਅਦ ਕਿਸੇ ਦੀ ਮੌਤ ਜਾਂ ਅਪੰਗਤਾ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉਸ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ।
ਐਸਟਰਾਜ਼ੈਨੇਕਾ ਲਈ ਸਿਰਫ਼ ਇਹ ਕਹਿ ਦੇਣਾ ਹੀ ਕਾਫੀ ਨਹੀਂ ਹੈ ਕਿ ਮਰੀਜ਼ ਦੀ ਸਲਾਮਤੀ ਉਸ ਦੀ ਪਹਿਲੀ ਤਰਜੀਹ ਹੈ। ਵੈਕਸਜ਼ੇਵਰਿਆ ਤੇ ਕੋਵੀਸ਼ੀਲਡ ਨੇ ਬੇਸ਼ੱਕ ਕਰੋੜਾਂ ਜਿ਼ੰਦਗੀਆਂ ਬਚਾਉਣ ਵਿਚ ਵੱਡਾ ਰੋਲ ਅਦਾ ਕਰਨ ਦੇ ਨਾਲ-ਨਾਲ ਮਹਾਮਾਰੀ ਨੂੰ ਖਤਮ ਕੀਤਾ ਹੈ ਪਰ ਟੀਟੀਐੱਸ ਕਾਰਨ ਸਿਹਤ ’ਤੇ ਪੈਣ ਵਾਲੇ ਅਸਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਸਮੇਂ ਦੀ ਲੋੜ ਹੈ। ਰੈਗੂਲੇਟਰੀ ਇਕਾਈਆਂ ਜਿਹੜੀਆਂ ਵੈਕਸੀਨ ਦੀ ਸੁਰੱਖਿਅਤ ਵਰਤੋਂ ਯਕੀਨੀ ਬਣਾਉਣ ਲਈ ਸਖ਼ਤ ਮਿਆਰ ਕਾਇਮ ਰੱਖਣ ਵਿੱਚ ਨਾਕਾਮ ਹੋਈਆਂ ਹਨ, ਨੂੰ ਵੀ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ। ਇਸ ਸਾਰੇ ਮਾਮਲੇ ਵਿੱਚ ਸੁਰੱਖਿਅਤ ਵੈਕਸੀਨ ’ਤੇ ਲੋਕਾਂ ਦਾ ਵਿਸ਼ਵਾਸ ਅਤੇ ਨਿਰਮਾਤਾਵਾਂ ਦੀ ਭਰੋਸੇਯੋਗਤਾ ਤੇ ਜਵਾਬਦੇਹੀ ਦਾਅ ਉਤੇ ਲੱਗੀ ਹੋਈ ਹੈ। ਅਸਲ ਵਿਚ, ਕੋਵਿਡ-19 ਵੇਲੇ ਹਰ ਕਿਸੇ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਉਸ ਵਕਤ ਤਾਂ ਵੱਡਾ ਮਸਲਾ ਵੈਕਸੀਨ ਤਿਆਰ ਕਰਨ ਦਾ ਸੀ ਤਾਂ ਕਿ ਸਮੁੱਚੇ ਸੰਸਾਰ ਨੂੰ ਇਸ ਸੰਕਟ ਵਿਚੋਂ ਕੱਢਿਆ ਜਾ ਸਕੇ। ਉਂਝ, ਉਸ ਵਕਤ ਕੁਝ ਮਾਹਿਰਾਂ ਨੇ ਦਾਅਵੇ ਕੀਤੇ ਸਨ ਕਿ ਇਹ ਵੀ ਹੋਰ ਵਾਇਰਸਾਂ ਵਰਗਾ ਵਾਇਰਸ ਹੈ; ਇਸ ਦਾ ਮੁਕਾਬਲਾ ਚੰਗੀ ਖੁਰਾਕ ਅਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਮਜ਼ਬੂਤ ਪ੍ਰਣਾਲੀ ਨਾਲ ਕੀਤਾ ਜਾ ਸਕਦਾ ਹੈ ਪਰ ਉਦੋਂ ਇਨ੍ਹਾਂ ਮਾਹਿਰਾਂ ਦੀ ਰਾਇ ਨੂੰ ਗੌਲਿਆ ਨਹੀਂ ਗਿਆ ਤੇ ਧੜਾ-ਧੜ ਵੈਕਸੀਨ ਲਾਉਣੀ ਆਰੰਭ ਕਰ ਦਿੱਤੀ। ਇੱਕ ਮੌਕੇ ਤਾਂ ਵੈਕਸੀਨ ਲਗਵਾਉਣੀ ਜ਼ਰੂਰੀ ਵੀ ਕਰ ਦਿੱਤੀ ਗਈ ਸੀ। ਕੁਝ ਥਾਈਂ ਤਾਂ ਉਨ੍ਹਾਂ ਲੋਕਾਂ ਦਾ ਦਫਤਰਾਂ ਤੇ ਕਾਰੋਬਾਰੀ ਖੇਤਰਾਂ ਵਿੱਚ ਦਾਖ਼ਲਾ ਹੀ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਵੈਕਸੀਨ ਨਹੀਂ ਸੀ ਲਗਵਾਈ। ਇਉਂ ਵੈਕਸੀਨ ਦੀ ਰਾਤੋ-ਰਾਤ ਵਿਕਰੀ ਤੋਂ ਸਬੰਧਿਤ ਕੰਪਨੀਆਂ ਨੇ ਕਰੋੜਾਂ ਰੁਪਏ ਕਮਾ ਲਏ ਸਨ। ਹੁਣ ਜਦੋਂ ਇਸ ਦੇ ਉਲਟ ਅਸਰਾਂ ਬਾਰੇ ਖ਼ਬਰਾਂ ਆਈਆਂ ਹਨ ਤਾਂ ਸਰਕਾਰਾਂ ਨੂੰ ਇਸ ਮਸਲੇ ਨੂੰ ਸੰਜੀਦਗੀ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਆਮ ਲੋਕ ਪਹਿਲਾਂ ਵਾਂਗ ਖ਼ੌਫ਼ਜ਼ਦਾ ਨਾ ਹੋਣ।

Advertisement

Advertisement
Author Image

joginder kumar

View all posts

Advertisement
Advertisement
×