For the best experience, open
https://m.punjabitribuneonline.com
on your mobile browser.
Advertisement

ਸੂਰਜੀ ਮਿਸ਼ਨ: ਆਦਿੱਤਿਆ ਐਲ1 ਦੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ

06:48 AM Sep 02, 2023 IST
ਸੂਰਜੀ ਮਿਸ਼ਨ  ਆਦਿੱਤਿਆ ਐਲ1 ਦੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ
ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਪੀਐੱਸਐੱਲਵੀ-ਸੀ57 ਲਾਂਚਰ ’ਤੇ ਕੰਮ ਕਰਦੇ ਇਸਰੋ ਵਿਗਿਆਨੀ। -ਫੋਟੋ: ਪੀਟੀਆਈ
Advertisement

ਸ੍ਰੀਹਰੀਕੋਟਾ: ਸੂਰਜ ਦੇ ਅਧਿਐਨ ਲਈ ਭੇਜੇ ਜਾਣ ਵਾਲੇ ਭਾਰਤ ਦੇ ਪਹਿਲੇ ਮਿਸ਼ਨ ‘ਆਦਿੱਤਿਆ ਐਲ1’ ਦੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਨੂੰ ਪੀਐੱਸਐਲਵੀ ਰਾਕੇਟ ਨਾਲ ਦਾਗਿਆ ਜਾਣਾ ਹੈ। ਇਹ ਮਿਸ਼ਨ ਭਲਕੇ ਸਵੇਰੇ 11.50 ’ਤੇ ਲਾਂਚ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਰਤ ਨੇ ‘ਚੰਦਰਯਾਨ-3’ ਮਿਸ਼ਨ ’ਚ ਸਫ਼ਲਤਾ ਹਾਸਲ ਕੀਤੀ ਹੈ ਤੇ ਚੰਦ ਦੀ ਸਤਹਿ ’ਤੇ ਸੌਫਟ ਲੈਂਡਿੰਗ ਕੀਤੀ ਹੈ। ਇਸਰੋ ਨੇ ਐਕਸ (ਪਹਿਲਾਂ ਟਵਿੱਟਰ) ਉਤੇ ਦੱਸਿਆ, ‘ਪੀਐੱਸਐਲਵੀ-ਸੀ57/ਆਦਿੱਤਿਆ-ਐਲ1 ਮਿਸ਼ਨ: 2 ਸਤੰਬਰ 2023 ਨੂੰ 11.50 ’ਤੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ।’ ਪੁਲਾੜ ਏਜੰਸੀ ਨੇ ਦੱਸਿਆ ਕਿ 23 ਘੰਟੇ 40 ਮਿੰਟ ਦਾ ‘ਕਾਊਂਟਡਾਊਨ’ ਅੱਜ ਦੁਪਹਿਰੇ 12.10 ’ਤੇ ਸ਼ੁਰੂ ਹੋਇਆ ਹੈ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਪਹਿਲਾਂ ਦੱਸਿਆ ਸੀ ਕਿ ਮਿਸ਼ਨ ਸਟੀਕ ਰੇਡੀਅਸ ਉਤੇ ਪਹੁੰਚਣ ਵਿਚ 125 ਦਿਨ ਲਏਗਾ। ਆਦਿੱਤਿਆ-ਐਲ1 ‘ਸੋਲਰ ਕਰੋਨਾ’ ਦੀ ਦੂਰੋਂ ਜਾਂਚ ਕਰੇਗਾ ਤੇ ਐਲ1 (ਸਨ-ਅਰਥ ਲਗਰਾਂਗਿਅਨ ਪੁਆਇੰਟ) ’ਤੇ ‘ਸੋਲਰ ਵਿੰਡ’ ਦਾ ਮੁਆਇਨਾ ਕਰੇਗਾ।
ਇਹ ਪੁਆਇੰਟ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ। ਆਦਿੱਤਿਆ ਐਲ1 ਰਾਹੀਂ ਭੇਜਿਆ ਜਾਣ ਵਾਲਾ ਪ੍ਰਾਇਮਰੀ ਪੇਅਲੋਡ ‘ਦਿ ਵਿਜ਼ੀਬਲ ਐਮਿਸ਼ਨ ਲਾਈਨ ਕਰੋਨਾਗਰਾਫ਼’ (ਵੀਈਐਲਸੀ), ਇਕ ਦਿਨ ਵਿਚ ਗਰਾਊਂਡ ਸਟੇਸ਼ਨ ਨੂੰ ਵਿਸ਼ਲੇਸ਼ਣ ਲਈ 1440 ਫੋਟੋਆਂ ਭੇਜੇਗਾ। ਵੀਈਐਲਸੀ ਨੂੰ ਇੰਡੀਅਨ ਇੰਸਟੀਚਿਊਟ ਆਫ ਐਸਟਰੋਫਿਜ਼ਿਕਸ (ਆਈਆਈਏ) ਵਿਚ ਪਰਖਿਆ ਤੇ ਤਿਆਰ ਕੀਤਾ ਗਿਆ ਹੈ। ਆਦਿੱਤਿਆ-ਐਲ1 ਵਿਚ ਸੱਤ ਪੇਅਲੋਡ ਹਨ ਜੋ ਕਿ ਸੂਰਜ ਦਾ ਅਧਿਐਨ ਕਰਨਗੇ।
ਇਨ੍ਹਾਂ ਵਿਚੋਂ ਚਾਰ ਸੂਰਜੀ ਰੌਸ਼ਨੀ ਦਾ ਨਿਰੀਖਣ ਕਰਨਗੇ ਤੇ ਬਾਕੀ ਤਿੰਨ ਪਲਾਜ਼ਮਾ ਤੇ ਮੈਗਨੈਟਿਕ ਫੀਲਡ ਦੇ ਮਾਪਦੰਡਾਂ ਨੂੰ ਜਾਂਚਣਗੇ। ਆਦਿੱਤਿਆ-ਐਲ1 ਨੂੰ ਲਗਰਾਂਗਿਅਨ ਪੁਆਇੰਟ ’ਤੇ ਪੰਧ ਉਤੇ ਪਾਇਆ ਜਾਵੇਗਾ ਜਿੱਥੋਂ ਇਹ ਸੂਰਜ ਨੂੰ ਲਗਾਤਾਰ ਦੇਖ ਸਕੇਗਾ। ਆਈਆਈਏ ਦੇ ਮੁੱਖ ਵਿਗਿਆਨੀ ਤੇ ਪ੍ਰੋਫੈਸਰ ਡਾ. ਆਰ ਰਮੇਸ਼ ਨੇ ਸੂਰਜ ਦੇ ਅਧਿਐਨ ਦੀ ਜ਼ਰੂਰਤ ਉਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਜਿਵੇਂ ਧਰਤੀ ਉਤੇ ਭੂਚਾਲ ਆਉਂਦੇ ਹਨ, ਉਸੇ ਤਰ੍ਹਾਂ ਸੂਰਜ ਉਤੇ ਵੀ ਭੂਚਾਲ ਆਉਂਦੇ ਹਨ।
ਇਨ੍ਹਾਂ ਭੂਚਾਲਾਂ ਦੇ ਅਧਿਐਨ ਲਈ ਸੂਰਜ ਦੀ 24 ਘੰਟੇ ਨਿਗਰਾਨੀ ਜ਼ਰੂਰੀ ਹੈ ਕਿਉਂਕਿ ਸੂਰਜ ਉਤੇ ਆਉਂਦੇ ਇਹ ਭੂਚਾਲ ਧਰਤੀ ਦੀ ‘ਜੀਓਮੈਗਨੈਟਿਕ ਫੀਲਡ’ ਉਤੇ ਅਸਰ ਪਾ ਸਕਦੇ ਹਨ। ਸੂਰਜ ਉਤੇ ਆਉਂਦੇ ਭੂਚਾਲਾਂ ਨਾਲ ਲੱਖਾਂ ਟਨ ਸੌਰ ਸਮੱਗਰੀ ਪੁਲਾੜ ਵਿਚ ਖਿੱਲਰ ਜਾਂਦੀ ਹੈ ਜਿਸ ਨੂੰ ‘ਕਰੋਨਲ ਮਾਸ ਇਜੈਕਸ਼ਨ’ (ਸੀਐਮਈ) ਵੀ ਕਿਹਾ ਜਾਂਦਾ ਹੈ। ਇਹ ਸੀਐਮਈ 3 ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਫੜ ਸਕਦੇ ਹਨ ਤੇ ਕਈ ਧਰਤੀ ਵੱਲ ਵੀ ਆਉਂਦੇ ਹਨ। ਸਭ ਤੋਂ ਤੇਜ਼ ਸੀਐਮਈ 15 ਘੰਟਿਆਂ ਵਿਚ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੋ ਸਕਦਾ ਹੈ। ਸ੍ਰੀਹਰੀਕੋਟਾ ਵਿੱਚ ਆਦਿੱਤਿਆ ਐੱਲ1 ਦੀ ਲਾਂਚ ਨੂੰ ਵੇਖਣ ਵਾਲਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇੇ ਵਿਦਿਆਰਥੀ ਵੀ ਮੌਜੂਦ ਰਹਿਣਗੇ। ਪੰਜਾਬ ਦੇ ਇਹ ਵਿਦਿਆਰਥੀ ਚੰਡੀਗੜ੍ਹ ਤੋਂ ਉਡਾਣ ਰਾਹੀਂ ਅੱਜ ਸ੍ਰੀਹਰੀਕੋਟਾਂ ਲਈ ਰਵਾਨਾ ਹੋਏ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਫੇਰੀ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਵਿਦਿਆਰਥੀਆਂ ਨੇ ਸ੍ਰੀਹਰੀਕੋਟਾ ਤੋਂ ਚੰਦਰਯਾਨ-3 ਦੀ ਉਡਾਣ ਨੂੰ ਵੀ ਵੇਖਿਆ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement