For the best experience, open
https://m.punjabitribuneonline.com
on your mobile browser.
Advertisement

ਮਿੱਟੀ ਘੁਟਾਲਾ: ਕਿਸਾਨਾਂ ਨੇ ਜਾਂਚ ਕਮੇਟੀ ਦੇ ਗਠਨ ’ਤੇ ਸਵਾਲ ਚੁੱਕੇ

08:46 AM Jul 02, 2024 IST
ਮਿੱਟੀ ਘੁਟਾਲਾ  ਕਿਸਾਨਾਂ ਨੇ ਜਾਂਚ ਕਮੇਟੀ ਦੇ ਗਠਨ ’ਤੇ ਸਵਾਲ ਚੁੱਕੇ
Advertisement

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 1 ਜੁਲਾਈ
ਚੀਕਾ ਵਿੱਚ ਘੱਗਰ ਦਰਿਆ ’ਚੋਂ ਮਿੱਟੀ ਕੱਢਣ ਦੇ ਮਾਮਲੇ ਵਿੱਚ ਗਠਿਤ ਕੀਤੀ ਜਾਂਚ ਕਮੇਟੀ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿੱਟੀ ਨੂੰ ਵੇਚਣ ਵਿੱਚ ਸ਼ਾਮਲ ਹੋਣ ਦੇ ਜਿਸ ਅਧਿਕਾਰੀ ’ਤੇ ਦੋਸ਼ ਲੱਗੇ ਹਨ, ਪ੍ਰਸ਼ਾਸਨ ਨੇ ਉਸੇ ਅਧਿਕਾਰੀ ਨੂੰ ਜਾਂਚ ਕਮੇਟੀ ਵਿੱਚ ਸ਼ਾਮਲ ਕੀਤਾ। ਕਿਸਾਨਾਂ ਨੇ ਪ੍ਰਸ਼ਾਸਨ ਦੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਤੁਰੰਤ ਕਮੇਟੀ ਨੂੰ ਬਦਲਣ ਦੀ ਮੰਗ ਰੱਖੀ। ਇਸ ਤੋਂ ਬਾਅਦ ਇਹ ਪੂਰਾ ਮਾਮਲਾ ਵਿਧਾਇਕ ਈਸ਼ਵਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਵਿਧਾਇਕ ਨੇ ਤੁਰੰਤ ਡੀਸੀ ਕੈਥਲ ਨਾਲ ਗੱਲ ਕਰ ਕੇ ਜਾਂਚ ਕਮੇਟੀ ਨੂੰ ਬਦਲਣ ਦੀ ਅਪੀਲ ਕੀਤੀ। ਵਿਧਾਇਕ ਦੇ ਕਹਿਣ ’ਤੇ ਡੀਸੀ ਕੈਥਲ ਨੇ ਜਾਂਚ ਕਮੇਟੀ ’ਚੋਂ ਉਕਤ ਅਧਿਕਾਰੀ ਨੂੰ ਹਟਾਉਂਦੇ ਹੋਏ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਿਸਾਨ ਆਗੂ ਲਖਵਿੰਦਰ ਸਿੰਘ ਕਿੰਦਰ, ਜਰਨੈਲ ਸਿੰਘ ਜੈਲੀ, ਕੇਵਲ ਸਿੰਘ ਸਦਰੇਹੜੀ, ਗੁਰਜੰਟ ਟਟਿਆਣਾ ਨੇ ਦੱਸਿਆ ਕਿ ਘੱਗਰ ਦਰਿਆ ਦੇ ਸਾਈਫਨ ਤੋਂ ਮਿੱਟੀ ਕੱਢਣ ਦਾ ਸਰਕਾਰ ਨੇ ਟੇਂਡਰ ਛੱਡਿਆ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਮਿੱਟੀ ਨੂੰ ਬਰਸਾਤ ਦੇ ਮੌਸਮ ਵਿੱਚ ਹੜ੍ਹ ਵਰਗੇ ਹਾਲਾਤਾਂ ਲਈ ਜਮ੍ਹਾਂ ਕੀਤਾ ਜਾਣਾ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਵਿਭਾਗ ਦੇ ਅਧਿਕਾਰੀ ਠੇਕੇਦਾਰ ਦੇ ਨਾਲ ਮਿਲੀਭਗਤੀ ਕਰ ਕੇ ਲੱਖਾਂ ਰੁਪਏ ਦੀ ਮਿੱਟੀ ਨੂੰ ਸ਼ਰ੍ਹੇਆਮ ਵੇਚ ਰਹੇ ਹਨ। ਡੀਸੀ ਨੇ ਬੀਡੀਪੀਓ ਗੂਹਲਾ, ਐੱਸਡੀਓ ਪੰਚਾਇਤੀ ਰਾਜ ਅਤੇ ਐੱਸਡੀਓ ਪੀਡਬਲਿਊਡੀ ਗੂਹਲਾ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਮਿੱਟੀ ਵੇਚਣ ਦੇ ਦੋਸ਼ਾਂ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਹੈ।

Advertisement

ਘੱਗਰ ਦਰਿਆ ਵਿੱਚ ਹੋ ਰਿਹੈ ਕਰੋੜਾਂ ਦਾ ਘੁਟਾਲਾ: ਚੜੂਨੀ

ਮਿੱਟੀ ਘੁਟਾਲੇ ਦਾ ਮਾਮਲਾ ਹੁਣ ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚੜੂਨੀ ਤੱਕ ਪਹੁੰਚ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਹਰਿਆਣਾ ਹੱਦ ਉੱਤੇ ਸਥਿਤ ਚੀਕਾ ਸ਼ਹਿਰ ਤੋਂ ਨਿਕਲ ਰਹੇ ਘੱਗਰ ਦਰਿਆ ਵਿੱਚ ਲੱਖਾਂ ਦਾ ਨਹੀਂ, ਬਲਕਿ ਕਰੋੜਾਂ ਰੁਪਏ ਦਾ ਮਿੱਟੀ ਘੁਟਾਲਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਕੁੱਝ ਜ਼ਿਲ੍ਹੇ ਅਤੇ ਉਪ ਮੰਡਲ ਦੇ ਸੀਨੀਅਰ ਅਧਿਕਾਰੀਆਂ ਦੀ ਨੱਕ ਦੇ ਹੇਠਾਂ ਹੋ ਰਿਹਾ ਹੈ। ਚੜੂਨੀ ਨੇ ਦੋਸ਼ ਲਾਇਆ ਕਿ ਘੱਗਰ ਦਰਿਆ ਦੀ ਸਫਾਈ ਦੇ ਨਾਮ ਉੱਤੇ ਇੱਥੇ ਮਿੱਟੀ ਘੁਟਾਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਮੰਗ ਕੀਤੀ ਕਿ ਘੱਗਰ ਦਰਿਆ ਵਿੱਚ ਹੋ ਰਹੇ ਮਿੱਟੀ ਘੁਟਾਲੇ ਦੀ ਕਿਸੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇ ਅਤੇ ਸਾਰੇ ਬੰਨ੍ਹਾਂ ਨੂੰ ਕੰਕਰੀਟ ਨਾਲ ਪੱਕੇ ਕਰਵਾਇਆ ਜਾਵੇ ਤਾਂ ਕਿ ਬੰਨ੍ਹ ਦੇ ਵਾਰ-ਵਾਰ ਟੁੱਟਣ ਦਾ ਸਿਲਸਿਲਾ ਖਤਮ ਹੋ ਸਕੇ ਅਤੇ ਕਿਸਾਨ ਵੀ ਸੁੱਖ ਦਾ ਸਾਹ ਲੈ ਸਕਣ। ਇਸ ਮੌਕੇ ਉੱਤੇ ਭਾਰਤੀ ਕਿਸਾਨ ਯੂਨੀਅਨ ਦੇ ਸਥਾਨਕ ਵਰਕਰ ਕੇਵਲ ਸਿੰਘ ਸਦਰੇਹੜੀ, ਜਰਨੈਲ ਸਿੰਘ ਜੈਲੀ, ਸੁਭਾਸ਼ ਪੂਨੀਆ ਅਤੇ ਕਿੰਦਰ ਸਿੰਘ ਵੀ ਮੌਜੂਦ ਰਹੇ।

Advertisement

Advertisement
Author Image

sukhwinder singh

View all posts

Advertisement