ਹਾਈਡਲ ਨਹਿਰ ਦਾ ਖੋਰਾ ਰੋਕਣ ਲਈ ਮਿੱਟੀ ਦੇ ਬੋਰੇ ਲਾਏ
ਜਗਜੀਤ ਸਿੰਘ
ਮੁਕੇਰੀਆਂ, 30 ਜੂਨ
ਹਾਈਡਲ ਨਹਿਰ ਵਿੱਚ ਦਾਤਾਰਪੁਰ ਪੁਲ ਕੋਲ ਨਹਿਰ ਨੂੰ ਲੱਗ ਰਹੇ ਖੋਰੇ ਦਾ ਖੁਲਾਸਾ ਹੋਣ ਤੋਂ ਬਾਅਦ ਹਾਈਡਲ ਅਧਿਕਾਰੀਆਂ ਨੇ ਆਰਜ਼ੀ ਪ੍ਰਬੰਧਾਂ ਵਜੋਂ ਖੋਰਾ ਰੋਕਣ ਲਈ ਮਿੱਟੀ ਦੇ ਬੋਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਬੀਤੀ ਰਾਤ ਮੀਂਹ ਪੈਣ ਕਾਰਨ ਇਸੇ ਥਾਂ ’ਤੇ ਦੋ ਹੋਰ ਸਲੈਬਾਂ ਖੁਰ ਗਈਆਂ ਹਨ। ਉੱਧਰ ਮਜ਼ਦੂਰਾਂ ਵਲੋਂ ਬਿਨਾਂ ਕਿਸੇ ਨਿਗਰਾਨ ਦੇ ਬੋਰੇ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਮਜ਼ਦੂਰ ਬਿਨਾਂ ਕਿਸੇ ਸੁਰੱਖਿਆ ਇੰਤਜ਼ਾਮ ਦੇ ਜਾਨ ਜ਼ੋਖ਼ਮ ਵਿੱਚ ਪਾ ਕੇ ਕੰਮ ਕਰ ਰਹੇ ਹਨ ਜਿਸ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਉੱਧਰ ਵਿਭਾਗ ਦੇ ਚੀਫ ਇੰਜਨੀਅਰ ਨੇ ਇੱਥੇ ਨਿਗਰਾਨ ਇੰਜਨੀਅਰ ਦੀ ਤਾਇਨਾਤੀ ਕਰਨ ਦਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਹਾਜੀਪੁਰ-ਦਾਤਾਰਪੁਰ ਸੰਪਰਕ ਸੜਕ ’ਤੇ ਹਾਈਡਲ ਨਹਿਰ ਦੇ ਪੁਲ ਕੋਲ ਖੋਰਾ ਲੱਗਣ ਦਾ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਇੱਥੇ ਮਿੱਟੀ ਦੇ ਬੋਰੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਖੋਰੇ ਵਾਲੀ ਥਾਂ ਦਾ ਦੌਰਾ ਕਰਨ ’ਤੇ ਦੇਖਿਆ ਕਿ ਉੱਥੇ ਠੇਕੇਦਾਰ ਦੇ ਮਜ਼ਦੂਰ ਸੁਰੱਖਿਆ ਪੱਖੋਂ ਅਵੇਸਲੇ ਹੋ ਕੇ ਮਿੱਟੀ ਦੇ ਬੋਰੇ ਲਗਾ ਰਹੇ ਸਨ ਜਦੋਂ ਕਿ ਉੱਥੇ ਕੋਈ ਵੀ ਵਿਭਾਗੀ ਅਧਿਕਾਰੀ ਜਾਂ ਠੇਕੇਦਾਰ ਦਾ ਸੁਪਰਵਾਈਜ਼ਰ ਮੌਜੂਦ ਨਹੀਂ ਸੀ। ਮਜ਼ਦੂਰ ਮਿੱਟੀ ਦੇ ਬੋਰੇ ਉੱਪਰੋਂ ਹੇਠਾਂ ਵੱਲ ਸੁੱਟ ਰਹੇ ਸਨ ਅਤੇ ਹੇਠਾਂ ਨਹਿਰ ਦੇ ਚੱਲਦੇ ਪਾਣੀ ਦੇ ਕਿਨਾਰੇ ਖੜ੍ਹੇ ਮਜ਼ਦੂਰ ਇਨ੍ਹਾਂ ਨੂੰ ਬੋਚ ਕੇ ਉੱਥੇ ਟਿਕਾ ਰਹੇ ਸਨ। ਨਹਿਰ ਦੇ ਤੇਜ਼ ਵਹਾਅ ਕੋਲ ਕੰਮ ਕਰ ਰਹੇ ਮਜ਼ਦੂਰਾਂ ਨੇੜੇ ਕੋਈ ਸੁਰੱਖਿਆ ਕਿਸ਼ਤੀ ਜਾਂ ਸੁਰੱਖਿਆ ਪ੍ਰਬੰਧਾਂ ਹਿੱਤ ਸੇਫਟੀ ਬੈਲਟ ਆਦਿ ਨਹੀਂ ਸੀ। ਦੱਸਣਾ ਬਣਦਾ ਹੈ ਕਿ ਨਹਿਰ ਵਿੱਚ 11500 ਕਿੳੂਸਿਕ ਪਾਣੀ ਵਹਿੰਦਾ ਹੈ।
ਕੋਤਾਹੀ ਵਰਤਣ ਵਾਲਿਆਂ ਦੀ ਜਵਾਬ ਤਲਬੀ ਕੀਤੀ ਜਾਵੇਗੀ: ਚੀਫ ਇੰਜਨੀਅਰ
ਚੀਫ਼ ਇੰਜਨੀਅਰ ਡੀ ਕੇ ਖੋਸਲਾ ਨੇ ਕਿਹਾ ਕਿ ਕੋਤਾਹੀ ਵਰਤਣ ਵਾਲੇ ਹੇਠਲੇ ਅਧਿਕਾਰੀਆਂ ਦੀ ਜਵਾਬ ਤਲਬੀ ਕਰਕੇ ਸੁਰੱਖਿਆ ਨਿਯਮ ਯਕੀਨੀ ਬਣਾਏ ਜਾਣਗੇ। ਇੱਥੇ ਇੱਕ ਪੱਕੇ ਨਿਗਰਾਨ ਇੰਜਨੀਅਰ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਉਹ ਭਲਕੇ ਖੁਦ ਵੀ ਖੋਰੇ ਵਾਲੇ ਸਥਾਨ ਦਾ ਦੌਰਾ ਕਰਨਗੇ। ਵਿਭਾਗ ਦੇ ਐਸਡੀਓ ਸਟਾਲਨਪ੍ਰੀਤ ਸਿੰਘ ਨੇ ਕਿਹਾ ਕਿ ਖੋਰੇ ਵਾਲੇ ਥਾਂ ’ਤੇ ਬੋਰੇ ਲਗਾਏ ਜਾ ਰਹੇ ਹਨ ਅਤੇ ਜੇਕਰ ਦੋ ਹੋਰ ਸਲੈਬਾਂ ਵੀ ਬੈਠ ਗਈਆਂ ਹਨ ਤਾਂ ਕੋਈ ਵੱਡੀ ਗੱਲ ਨਹੀਂ ਹੈ, ਉਹ ਵੀ ਮੁਰੰਮਤ ਕਰਵਾ ਦਿੱਤੀਆਂ ਜਾਣਗੀਆਂ।