For the best experience, open
https://m.punjabitribuneonline.com
on your mobile browser.
Advertisement

ਕਰਤਾਰਪੁਰ ਦੀ ਮਿੱਟੀ

08:29 AM Oct 24, 2023 IST
ਕਰਤਾਰਪੁਰ ਦੀ ਮਿੱਟੀ
Advertisement

ਜਸਵਿੰਦਰ ਸਿੰਘ ਰੁਪਾਲ
ਕਰਤਾਰਪੁਰ ਦੇ ਦਰਸ਼ਨਾਂ ਦੀ ਤਾਂਘ ਕਾਫੀ ਦੇਰ ਤੋਂ ਮਨ ਵਿਚ ਲਈ ਬੈਠੇ ਸਾਂ। ਦਸੰਬਰ 2021 ਵਿਚ ਆਨਲਾਈਨ ਅਰਜ਼ੀ ਲਾਈ ਤੇ ਸਾਨੂੰ ਜਾਣ ਦੀ ਆਗਿਆ ਮਿਲ ਗਈ। 27 ਦਸੰਬਰ ਦੀ ਸਵੇਰ ਅਸੀਂ ਕਰਤਾਰਪੁਰ ਜਾ ਰਹੇ ਸੀ। ਨਾਲ ਦੀ ਨਾਲ ਗੁਰੂ ਨਾਨਕ ਦੇਵ ਜੀ ਦਾ ਅੰਤਮ ਸਮੇਂ ਖੇਤੀ ਕਰਨਾ ਅਤੇ ਹੋਰ ਕਈ ਗੱਲਾਂ ਚੇਤੇ ਵਿਚ ਉੱਭਰ ਆਈਆਂ।
ਗੁਰੂ ਨਾਨਕ ਦੇ ਖੇਤਾਂ ਨੂੰ ਨਮਸਕਾਰ ਕੀਤੀ ਅਤੇ ਕਿਰਤ ਕਰਨ ਦਾ ਸੰਕਲਪ ਦ੍ਰਿੜ ਕੀਤਾ। ਇਤਿਹਾਸਕ ਖ਼ੂਹ ਦੇ ਦਰਸ਼ਨ ਵੀ ਕੀਤੇ ਅਤੇ ਜਲ ਵੀ ਛਕਿਆ। ਸੰਗਤਾਂ ਗੁਰੂ ਨਾਨਕ ਜੀ ਦੇ ਖੇਤਾਂ ਦੀ ਮਿੱਟੀ ਆਪਣੇ ਨਾਲ ਲਿਜਾ ਰਹੀਆਂ ਸਨ। ਪਤਾ ਲੱਗਿਆ ਕਿ ਟਰਮੀਨਲ ’ਤੇ ਵੀ ਕੋਈ ਇਤਰਾਜ਼ ਨਹੀਂ ਕਰਦਾ। ਸ਼ੁਰੂ ਤੋਂ ਹੀ ‘ਗਿਆਨ’ ਨੂੰ ਅਹਿਮੀਅਤ ਦੇਣ ਕਰ ਕੇ ਮੈਂ ਅਜਿਹੀਆਂ ਵਸਤਾਂ/ਰੀਤਾਂ ਨੂੰ ਕਦੇ ਬਹੁਤਾ ਵਧੀਆ ਨਹੀਂ ਸਮਝਿਆ ਜਿਵੇਂ ਸਰੋਵਰ ਜਾਂ ਕਿਸੇ ਇਤਿਹਾਸਕ ਖੂਹ ਆਦਿ ਦਾ ਜਲ ਬਗੈਰਾ ਲਿਆਉਣਾ ਆਦਿ ਪਰ ਐਤਕੀਂ ਮਨ ਅੰਦਰ ਸ਼ਰਧਾ ਨੇ ਜਨਮ ਲੈ ਲਿਆ ਅਤੇ ਅਸੀਂ ਬਾਬੇ ਦੇ ਖੇਤਾਂ ਦੀ ਮਿੱਟੀ ਲਿਫਾਫੇ ਵਿਚ ਪਾ ਕੇ ਲੈ ਆਏ। ਰਾਹ ਵਿਚ ਕੋਈ ਰੁਕਾਵਟ ਨਹੀਂ ਆਈ। ਘਰ ਉਸ ਵਿਚ ਅਸੀਂ ਬੂਟੇ ਬਗੈਰਾ ਲਗਾ ਦਿੱਤੇ, ਕੁਝ ਆਪਣਿਆਂ ਨੂੰ ਵੀ ਦੇ ਦਿੱਤੀ।...
ਦੋਵੇਂ ਪੁੱਤਰ ਕੁਝ ਸਾਲਾਂ ਤੋਂ ਕੈਨੇਡਾ ਸਨ ਜੋ ਸਟੱਡੀ ਵੀਜ਼ਾ, ਵਰਕ ਵੀਜ਼ਾ ਆਦਿ ਪੜਾਵਾਂ ਵਿਚੋਂ ਨਿਕਲ ਕੇ ਪੀਆਰ ਲੈ ਚੁੱਕੇ ਸਨ। ਵੱਡੇ ਪੁੱਤਰ ਦਾ ਵਿਆਹ ਹੋ ਗਿਆ ਤੇ ਨੂੰਹ ਵੀ ਕੈਨੇਡਾ ਪੁੱਜ ਗਈ ਸੀ। ਇਸ ਸਮੇਂ ਦੌਰਾਨ ਪੁੱਤਰ ਕੈਨੇਡਾ ਵਿਚ ਮਕਾਨ ਖਰੀਦਣ ਦੀ ਕਿਰਿਆ ਵਿਚ ਸਨ। ਉਨ੍ਹਾਂ ਪਲਾਟ ਲੈ ਲਿਆ ਸੀ ਅਤੇ ਉਸਾਰੀ ਹੋਣੀ ਸੀ।... ਮਨ ਦੇ ਕਿਸੇ ਕੋਨਿਓਂ ਹਸਰਤ ਉੱਠੀ ਕਿ ਗੁਰੂ ਨਾਨਕ ਦੇ ਖੇਤਾਂ ਦੀ ਮਿੱਟੀ ਬਣ ਰਹੇ ਮਕਾਨ ਦੀ ਨੀਂਹ ਜਾਂ ਵਿਹੜੇ ਵਿਚ ਖਿੰਡਾਈ ਜਾਵੇ। ਇਸ ਕਲਪਨਾ ਤੋਂ ਆਨੰਦਿਤ ਹੋ ਕੇ ਮਿੱਟੀ ਬਾਹਰ ਭੇਜਣ ਬਾਰੇ ਖੋਜ ਸ਼ੁਰੂ ਕੀਤੀ ਪਰ ਕਿਤਿਓਂ ਤਸੱਲੀ ਨਾ ਹੋਈ। ਸਮੱਸਿਆ ਇਹ ਸੀ ਕਿ ਮਿੱਟੀ ਕੈਨੇਡਾ ਕਿਵੇਂ ਭੇਜੀ ਜਾਵੇ, ਇੰਮੀਗ੍ਰੇਸ਼ਨ ਅਧਿਕਾਰੀ ਮਿੱਟੀ ਜਾਣ ਨਹੀਂ ਸਨ ਦਿੰਦੇ। ਉਨ੍ਹਾਂ ਨੂੰ ਇਸ ਵਿਚ ਨਸ਼ਾ ਹੋਣ ਦਾ ਸ਼ੱਕ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ’ਤੇ ਬੜਾ ਗੁੱਸਾ ਆਇਆ ਜਨਿ੍ਹਾਂ ਦੀ ਅਜਿਹੀ ਗ਼ਲਤੀ ਕਾਰਨ ਚੈਕਿੰਗ ਵਧੇਰੇ ਸਖ਼ਤ ਹੋ ਰਹੀ ਸੀ।
ਕੁਝ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵਿਚਾਰ ਕੀਤੀ ਤਾਂ ਕਈ ਸੁਝਾਅ ਆਏ: ਮਿੱਟੀ ਦਾ ਕੋਈ ਬਰਤਨ ਬਣਾ ਕੇ ਲਿਜਾਇਆ ਜਾਵੇ ਤੇ ਉੱਥੇ ਜਾ ਕੇ ਭੰਨ ਲਿਆ ਜਾਵੇ; ਕਿਸੇ ਖੋਖਲੇ ਜਿਹੇ ਬਰਤਨ ਵਿਚ ਮਿੱਟੀ ਪਾ ਕੇ ਲਿਜਾਈ ਜਾਵੇ; ਅਟੈਚੀ ਹੇਠਾਂ ਵਿਛਾ ਦਿੱਤੀ ਜਾਵੇਅਤੇ ਉੱਥੇ ਜਾ ਕੇ ਝਾੜ ਲਈ ਜਾਵੇ। ਕੋਈ ਹੋਰ ਗੁਪਤ ਤਰੀਕੇ ਵੀ ਦੱਸ ਰਿਹਾ ਸੀ ਪਰ ਮਨ ਹਾਮੀ ਨਹੀਂ ਸੀ ਭਰਦਾ। ਹਵਾਈ ਅੱਡੇ ’ਤੇ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਝੱਲਣ ਲਈ ਅਸੀਂ ਤਿਆਰ ਨਹੀਂ ਸੀ। ਪਤਾ ਨਹੀਂ ਸੀ ਕਿ ਇੰਮੀਗ੍ਰੇਸ਼ਨ ਵਾਲੇ ਇਸ ਨੂੰ ਕਿਸ ਤਰ੍ਹਾਂ ਲੈਣਗੇ ਅਤੇ ਕਿਸ ਤਰ੍ਹਾਂ ਪੇਸ਼ ਆਉਣ; ਦੂਜੇ, ਜੇ ਉੱਥੇ ਹੀ ਮਿੱਟੀ ਬਾਹਰ ਕੱਢਣ ਲਈ ਕਿਹਾ ਤਾਂ ਹਵਾਈ ਅੱਡੇ ’ਤੇ ਕਿੱਥੇ ਤੇ ਕਿਵੇਂ ਕੱਢਾਂਗੇ!
ਪੁੱਤਰ ਅਜਿਹੇ ਕਿਸੇ ਵੀ ਕੰਮ ਲਈ ‘ਹਾਂ’ ਨਹੀਂ ਸੀ ਕਰ ਰਹੇ ਜਿਸ ਵਿਚ ਹਲਕਾ ਜਿਹਾ ਵੀ ਰਿਸਕ ਹੋਵੇ। ਵੱਡੇ ਪੁੱਤਰ ਨੇ ਦੱਸਿਆ ਕਿ ਉਸ ਨੇ ਯੂਟਿਊਬ ’ਤੇ ਚੈਕਿੰਗ ਅਤੇ ਸਕੈਨਿੰਗ ਦੇਖੀ ਹੈ। ਕੰਪਿਊਟਰ ਨੂੰ ਵੱਖ ਵੱਖ ਕਿਸਮ ਦੇ ਪਦਾਰਥਾਂ ਦੀ ਪਛਾਣ ਕਰਵਾਈ ਹੋਈ ਹੈ; ਮਸਲਨ ਕੱਪੜੇ, ਲੋਹਾ, ਧਾਤਾਂ ਆਦਿ ਨੂੰ ਕੰਪਿਊਟਰ ਸਕੈਨ ਕਰ ਲੈਂਦਾ ਹੈ। ਜੋ ਚੀਜ਼ ਉਸ ਨੂੰ ਫੀਡ ਨਹੀਂ ਕੀਤੀ ਹੁੰਦੀ, ਉਸ ਨੂੰ ਉਹ ਬੇਪਛਾਣ ਵਰਗ ਵਿਚ ਦਸ ਦੇਵੇਗਾ ਅਤੇ ਉਸ ਨੂੰ ਚੈੱਕ ਕਰਨ ਲਈ ਅਧਿਕਾਰੀ ਅਟੈਚੀ ਵੀ ਖੋਲ੍ਹ ਸਕਦੇ ਹਨ। ਇਉਂ ਅਧਿਕਾਰੀ ‘ਬੇਪਛਾਣ ਚੀਜ਼’ ਲਿਜਾਣ ਨਹੀਂ ਦਿੰਦੇ। ਡਾਕ ਰਾਹੀਂ ਭੇਜਣ ਬਾਰੇ ਵੀ ਮੁੱਖ ਡਾਕ ਘਰ ਤੋਂ ਪੁੱਛ ਆਇਆ ਸੀ ਪਰ ਇਨਕਾਰ ਮਿਲ ਗਿਆ ਸੀ। ਲੁਧਿਆਣਿਓਂ ਪੀਏਯੂ ਤੋਂ ਟੈਸਟ ਕਰਵਾ ਕੇ ਰਿਪੋਰਟ ਨਾਲ ਲਗਾਉਣ ਦੀ ਗੱਲ ਵੀ ਹੋਈ ਪਰ ਸਿਰੇ ਨਹੀਂ ਚੜ੍ਹੀ। ਕਿਸੇ ਵੀ ਤਰੀਕੇ ਨਾਲ ਇਹ ਇੱਛਾ ਪੂਰੀ ਹੁੰਦੀ ਨਹੀਂ ਸੀ ਲੱਗ ਰਹੀ।
ਪੁੱਤਰਾਂ ਨਾਲ ਫੋਨ ’ਤੇ ਗੱਲਾਂ ਕਰਦਿਆਂ ਅਸੀਂ ਕਈ ਵਾਰ ਆਪਣੀ ਨਿਰਾਸ਼ਾ ਪ੍ਰਗਟ ਕਰਦੇ। ਇੱਕ ਦਿਨ ਛੋਟੇ ਪੁੱਤਰ ਨਾਲ ਫੋਨ ’ਤੇ ਗੱਲ ਹੋ ਰਹੀ ਸੀ ਕਿ ਉਸ ਨੇ ਮੇਰੀ ਪਰੇਸ਼ਾਨੀ ਮਹਿਸੂਸ ਕਰ ਕੇ ਸਹਿਜ ਸੁਭਾਅ ਹੀ ਕਿਹਾ, “ਡੈਡੀ ਸਾਰੀ ਮਿੱਟੀ ਬਾਬੇ ਨਾਨਕ ਦੀ ਹੀ ਹੈ।” ਉਸ ਦੇ ਮੂੰਹੋਂ ਸਹਿਜ ਸੁਭਾਅ ਨਿੱਕਲੇ ਬੋਲ ਝੰਜੋੜ ਗਏ, ਮੈਂ ਜਿਵੇਂ ਕਿਸੇ ਗਹਿਰੀ ਨੀਂਦ ’ਚੋਂ ਜਾਗਿਆ ਹੋਵਾਂ। ਸੱਚਮੁੱਚ, ਬਾਬਾ ਨਾਨਕ ਤਾਂ ਸਮੂਹ ਬ੍ਰਹਿਮੰਡ ਦਾ ਹੈ। ਮੈਂ ਉਸ ਨੂੰ ਕਿਸੇ ਖਾਸ ਖੇਤਰ ਨਾਲ ਕਿਵੇਂ ਜੋੜ ਸਕਦਾ ਸੀ! ਮੇਰੇ ਅੰਦਰਲੇ ਗਿਆਨ ਸਰਵਰ ’ਚ ਕੋਈ ਛੱਲ ਆਈ।... ਮੈਨੂੰ ਇਹ ਸੋਝੀ ਪਹਿਲਾਂ ਕਿਉਂ ਨਾ ਆਈ? ਸਾਰੀ ਧਰਤੀ ਹੀ ਬਾਬੇ ਨਾਨਕ ਦੀ ਹੈ, ਮੇਰੀ ਦ੍ਰਿਸ਼ਟੀ ਹੀ ਅਜੇ ਵਿਸ਼ਾਲ ਨਹੀਂ ਸੀ ਹੋਈ!
ਹੁਣ ਜਦੋਂ ਪੁੱਤਰ ਦੇ ਬਣਾਏ ਮਕਾਨ ਵਿਚ ਬੈਠਾ ਹਾਂ ਤਾਂ ਮੈਨੂੰ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਦੀ ਮਹਿਕ ਆ ਰਹੀ ਹੈ।...

Advertisement

Advertisement
Author Image

Advertisement
Advertisement
×