ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਚਾਰਾਂ ਦੀ ਆਜ਼ਾਦੀ ਦਾ ਸ਼ੈਦਾਈ ਸੀ ਸੁਕਰਾਤ

11:27 AM Feb 25, 2024 IST

ਗੁਰਚਰਨ ਸਿੰਘ ਨੂਰਪੁਰ

Advertisement

ਸੁਕਰਾਤ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੰਵਾਦ ਰਚਾਉਣ ਦੀ ਜਾਚ ਦੱਸੀ। ਉਹ ਦੁਨੀਆ ਦਾ ਮਹਾਨ ਚਿੰਤਕ ਸੀ ਜਿਸ ਨੇ ਤਰਕਪੂਰਨ ਢੰਗ ਨਾਲ ਪ੍ਰਚਲਿਤ ਪ੍ਰਾਚੀਨ ਧਾਰਨਾਵਾਂ ਨੂੰ ਰੱਦ ਕੀਤਾ।
ਮੌਤ ਦੀ ਅੱਖ ਵਿੱਚ ਅੱਖ ਪਾ ਕੇ ਜਿਉਣ ਅਤੇ ਪੁਰਾਤਨ ਰੂੜੀਵਾਦ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੀ ਤਾਕਤ ਦਾ ਪ੍ਰਤੀਕ ਹੈ ਸੁਕਰਾਤ। 470 ਈਸਾ ਪੂਰਵ ਪੈਦਾ ਹੋਇਆ ਸੁਕਰਾਤ ਤਾਉਮਰ ਵਿਦਿਆਰਥੀ ਬਣ ਕੇ ਵਿਚਰਿਆ ਅਤੇ ਆਪਣੀ ਮੌਤ ਤੱਕ ਵੀ ਉਹ ਵਿਦਿਆਰਥੀ ਦੀ ਹੈਸੀਅਤ ਵਿੱਚ ਸੀ। ਉਸ ਦੀ ਇਸੇ ਖ਼ੂਬੀ ਨੇ ਉਸ ਨੂੰ ਸਾਰੀ ਦੁਨੀਆ ਵਿੱਚ ਪ੍ਰਸਿੱਧ ਕਰ ਦਿੱਤਾ। ਯੂਨਾਨ ਵਿੱਚ ਉਸ ਦਾ ਵੱਡਾ ਨਾਂ ਸੀ। ਇੱਕ ਦਿਨ ਉਸ ਨੇ ਆਪਣੇ ਸ਼ਾਗਿਰਦਾਂ ਨੂੰ ਕਿਹਾ, ‘‘ਜਾਓ, ਸਾਰੇ ਏਥਨਜ਼ ਵਿੱਚ ਪ੍ਰਚਾਰ ਦਿਓ ਕਿ ਸੁਕਰਾਤ ਜਿੰਨਾ ਵੱਡਾ ਹੋਰ ਕੋਈ ਅਗਿਆਨੀ ਨਹੀਂ ਹੈ।’’ ਅਜਿਹਾ ਕਰ ਕੇ ਉਹ ਸੰਸਾਰ ਨੂੰ ਸਮਝਣ ਜਾਣਨ ਦੀ ਤੀਬਰ ਇੱਛਾ ਦਾ ਪ੍ਰਤੀਕ ਬਣ ਕੇ ਦੁਨੀਆ ਵਿੱਚ ਪ੍ਰਸਿੱਧ ਹੋਇਆ।
ਸੁਕਰਾਤ ਦਾ ਬਾਪ ਇੱਕ ਬੁੱਤਘਾੜਾ ਸੀ ਅਤੇ ਮਾਂ ਦਾਈ ਦਾ ਕੰਮ ਕਰਦੀ ਸੀ। ਬਚਪਨ ਵਿੱਚ ਉਹ ਆਪਣੇ ਪਿਤਾ ਨੂੰ ਬੁੱਤ ਬਣਾਉਂਦਿਆਂ ਦੇਖਦਾ ਤਾਂ ਹੈਰਾਨ ਹੁੰਦਾ ਤੇ ਕਲਾ ਸਬੰਧੀ ਸਵਾਲ ਖੜ੍ਹੇ ਕਰਦਾ। ਉਹ ਹੋਰ ਕਲਾਵਾਂ ਨਾਲ ਕੰਮ ਕਰਦੇ, ਵਸਤਾਂ ਪੈਦਾ ਕਰਦੇ ਲੋਕਾਂ ਨੂੰ ਦੇਖ ਕੇ ਸੋਚਦਾ ਕਿ ਵਸਤਾਂ ਕਿੱਥੋਂ ਆਉਂਦੀਆਂ ਹਨ। ਉਹ ਘੁਮਿਆਰ ਨੂੰ ਘੜੇ ਬਣਾਉਂਦਿਆਂ ਘੰਟਿਆਂਬੱਧੀ ਦੇਖਦਾ ਰਹਿੰਦਾ। ਮਿੱਟੀ ਤੋਂ ਭਾਡਾਂ ਬਣੀ ਵਸਤੂ ਨੂੰ ਦੇਖ ਕੇ ਘੁਮਿਆਰ ਨੂੰ ਪੁੱਛਦਾ ਕਿ ਇਹ ਵਸਤੂ ਜੋ ਕੁਝ ਸਮਾਂ ਪਹਿਲਾਂ ਮਿੱਟੀ ਦੇ ਰੂਪ ਵਿੱਚ ਸੀ ਕਿੱਥੋਂ ਆਈ ਹੈ? ਆਪਣੀ ਸਮਝ ਨਾਲ ਉਹ ਕਿਆਸ ਕਰਦਾ ਕਿ ਇਹ ਵਸਤੂ ਮਨੁੱਖ ਦੀ ਚੇਤਨਾ ਤੋਂ ਉਪਜੀ ਹੈ ਅਤੇ ਚੇਤਨਾ ਨੂੰ ਵਿਸਥਾਰ ਦੇਣ ਲਈ ਗਿਆਨ ਬੜਾ ਜ਼ਰੂਰੀ ਹੈ। ਘੁਮਿਆਰ ਉਸ ਦੇ ਸਵਾਲਾਂ ਦੇ ਸਹੀ ਜਵਾਬ ਨਾ ਦੇ ਸਕਦਾ। ਗਿਆਨ ਦੀ ਤਲਾਸ਼ ਵਿੱਚ ਉਹ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਕਰਦਾ। ਹਜ਼ਾਰਾਂ ਦੀ ਤਾਦਾਦ ਵਿੱਚ ਨੌਜੁਆਨ ਉਸ ਦੇ ਮੁਰੀਦ ਹੋ ਗਏ। ਉਹ ਜਿੱਧਰ ਜਾਂਦਾ, ਵੱਡੀ ਗਿਣਤੀ ’ਚ ਸ਼ਾਗਿਰਦ ਉਸ ਦੇ ਮਗਰ ਹੁੰਦੇ। ਸੁਕਰਾਤ ਜਿੱਥੇ ਖੜ੍ਹ ਕੇ ਬੋਲਦਾ ਲੋਕਾਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਜਾਂਦੀ। ਉਹ ਸਿਆਣੇ ਮਨੁੱਖਾਂ ਨਾਲ ਸੰਵਾਦ ਕਰਦਾ, ਸਵਾਲ ਉਠਾਉਂਦਾ। ਉਸ ਦੇ ਕੁਝ ਸ਼ਾਗਿਰਦ ਦੁਨੀਆ ਦੇ ਬੜੇ ਨਾਮੀ ਦਾਰਸ਼ਨਿਕ ਬਣੇ। ਪਲੈਟੋ ਵੀ ਇਨ੍ਹਾਂ ’ਚੋਂ ਇੱਕ ਸੀ ਜੋ ਅਫਲਾਤੂਨ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸੁਕਰਾਤ ਦੇ ਗਿਆਨ ਨੂੰ ਲਿਖਤੀ ਰੂਪ ਦੇਣ ਵਾਲਾ ਵੀ ਇਹੋ ਪਲੈਟੋ ਨਾਮ ਦਾ ਵਿਦਵਾਨ ਹੀ ਸੀ। ਸੁਕਰਾਤ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਲੈਟੋ ਨੇ ਦੁਨੀਆ ਭਰ ਦੀ ਰਾਜਨੀਤੀ ਸਬੰਧੀ ਉਸ ਸਮੇਂ ਬੜੇ ਤਰਕਪੂਰਨ ਵਿਚਾਰ ਦਿੱਤੇ। ਸੁਕਰਾਤ ਨਾਲ ਪਲੈਟੋ ਦੀ ਮਿਲਣੀ ਵੀ ਬੜੀ ਵਿਲੱਖਣ ਸੀ। ਇੱਕ ਦਿਨ ਸੁਕਰਾਤ ਆਪਣੇ ਚੇਲਿਆਂ ਨਾਲ ਇੱਕ ਨਗਰ ’ਚੋਂ ਲੰਘ ਰਿਹਾ ਸੀ ਕਿ ਉਸ ਦਾ ਸਾਹਮਣਾ ਪਲੈਟੋ ਨਾਲ ਹੋਇਆ। ਪਹਿਲੀ ਮਿਲਣੀ ਦੌਰਾਨ ਹੀ ਸੁਕਰਾਤ ਨੇ ਰੋਕ ਕੇ ਉਸ ਨੂੰ ਪੁੱਛਿਆ, “ਤੈਨੂੰ ਨੇਕੀ ਅਤੇ ਗਿਆਨ ਦੇ ਮਦਰੱਸੇ ਦਾ ਪਤਾ ਹੈ?”
ਪਲੈਟੋ ਉਦੋਂ ਭਰ ਜਵਾਨ ਸੀ ਅਤੇ ਉਸ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਸੀ, ਉਹ ਬੋਲਿਆ
“ਨਹੀਂ ਮਹਾਰਾਜ, ਮੈਂ ਤਾਂ ਆਪ ਗਿਆਨ ਦੀ ਤਲਾਸ਼ ਵਿੱਚ ਹਾਂ।”
ਸੁਕਰਾਤ ਨੇ ਆਪਣੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, “ਮੈਨੂੰ ਇਹੋ ਜਿਹੇ ਹੰਸਾਂ ਦੀ ਲੋੜ ਹੈ ਜੋ ਗਿਆਨ ਦੀ ਤਲਾਸ਼ ਵਿੱਚ ਫਿਰ ਰਹੇ ਹੋਣ।” ਪਲੈਟੋ ਉਸ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਜਵਾਨੀ ਦੀ ਉਮਰ ਵਿੱਚ ਉਸ ਨੇ ਗਿਆਨ ਪ੍ਰਾਪਤੀ ਨੂੰ ਆਪਣਾ ਮਿਸ਼ਨ ਬਣਾ ਲਿਆ।
ਸ਼ਕਲ ਸੂਰਤ ਤੋਂ ਸੁਕਰਾਤ ਭਾਵੇਂ ਸੋਹਣਾ ਨਹੀਂ ਸੀ ਪਰ ਆਪਣੇ ਵਿਚਾਰਾਂ ਦੀ ਸ਼ਕਤੀ ਨਾਲ ਉਹ ਸੋਚ ਵਿਚਾਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਣ ਦੀ ਤਾਕਤ ਰੱਖਦਾ ਸੀ। ਸੁਕਰਾਤ ਦੀ ਪ੍ਰਸਿੱਧੀ ਯੂਨਾਨ ਵਿੱਚ ਦੂਰ ਦੂਰ ਤੱਕ ਫੈਲ ਗਈ। ਕਰਮਕਾਂਡ ਕਰਨ ਵਾਲੀ ਪੁਜਾਰੀ ਜਮਾਤ ਉਸ ਨਾਲ ਈਰਖਾ ਕਰਨ ਲੱਗੀ। ਇੱਕ ਦਿਨ ਉਹ ਆਪਣੇ ਬਹੁਤ ਸਾਰੇ ਸ਼ਾਗਿਰਦਾਂ ਵਿੱਚ ਬੈਠਾ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਭਵਿੱਖ ਦੱਸਣ ਦਾ ਦਾਅਵਾ ਕਰਦਾ ਇੱਕ ਜੋਤਸ਼ੀ ਆ ਕੇ ਉਸ ਨੂੰ ਬੁਰਾ ਭਲਾ ਬੋਲਣ ਲੱਗਿਆ। ਉਸ ਨੇ ਸੁਕਰਾਤ ਦੇ ਸ਼ਾਗਿਰਦਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਜਿਸ ਬੰਦੇ ਨੂੰ ਤੁਸੀਂ ਗੁਰੂ ਮੰਨੀ ਬੈਠੇ ਹੋ ਇਸ ਦੇ ਨੱਕ ਤੋਂ ਪਤਾ ਲੱਗਦਾ ਹੈ ਕਿ ਇਹ ਕ੍ਰੋਧੀ ਹੈ। ਇਸ ਦੇ ਸਿਰ ਦੀ ਬਣਾਵਟ ਦੱਸਦੀ ਹੈ ਕਿ ਇਹ ਲਾਲਚੀ ਅਤੇ ਸਨਕੀ ਕਿਸਮ ਦਾ ਬੰਦਾ ਹੈ। ਇਸ ਦੇ ਬੁੱਲ੍ਹ ਤੋਂ ਪਤਾ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਧ੍ਰੋਹੀ ਹੋਵੇਗਾ।” ਸੁਕਰਾਤ ਬਾਰੇ ਅਜਿਹੇ ਸ਼ਬਦ ਸੁਣ ਕੇ ਉਸ ਦੇ ਸ਼ਾਗਿਰਦ ਜੋਤਸ਼ੀ ਨੂੰ ਮਾਰਨ ਵਧੇ ਪਰ ਉਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਸ ਨੇ ਜੋਤਸ਼ੀ ਨੂੰ ਸਤਿਕਾਰ ਸਹਿਤ ਵਿਦਾ ਕਰਦਿਆਂ ਕਿਹਾ, ‘‘ਤੁਹਾਡਾ ਧੰਨਵਾਦ, ਤੁਸੀਂ ਮੇਰੀ ਸਰੀਰਕ ਭਾਸ਼ਾ ਪੜ੍ਹੀ।’’ ਇੱਕ ਸ਼ਾਗਿਰਦ ਨੇ ਉਸ ਨੂੰ ਪੁੱਛਿਆ, “ਜੋਤਸ਼ੀ ਜੋ ਬਕਵਾਸ ਕਰ ਰਿਹਾ ਸੀ, ਕੀ ਉਹ ਸੱਚ ਹੈ? ਕੀ ਤੁਸੀਂ ਉਹੋ ਜਿਹੇ ਹੋ ਜੋ ਉਹ ਦੱਸ ਰਿਹਾ ਸੀ?” ਉਸ ਨੇ ਜਵਾਬ ਦਿੱਤਾ, “ਸ਼ਕਲ ਸ਼ੂਰਤ ਤੋਂ ਮੈਂ ਅਜਿਹਾ ਹੀ ਹਾਂ ਜਿਹਾ ਉਹ ਆਖ ਰਿਹਾ ਸੀ ਪਰ ਇਸ ਵਿਅਕਤੀ ਨੇ ਸਿਰਫ਼ ਮੇਰੀ ਸਰੀਰਕ ਭਾਸ਼ਾ ਪੜ੍ਹੀ ਹੈ। ਇਸ ਨੇ ਮੇਰੇ ਵਿਵੇਕ ਦੀ ਸ਼ਕਤੀ ’ਤੇ ਧਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ।”
ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਤਾਂ ਵੱਡੀ ਉਮਰ ਵਿੱਚ ਉਸ ਦਾ ਜੀਨੀ ਨਾਮ ਦੀ ਔਰਤ ਨਾਲ ਦੁਬਾਰਾ ਵਿਆਹ ਹੋਇਆ। ਜੀਨੀ ਉਸ ਤੋਂ ਵੀਹ ਸਾਲ ਛੋਟੀ ਸੀ। ਜੀਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੀ ਲੜਾਕੀ ਔਰਤ ਸੀ। ਉਹ ਸੁਕਰਾਤ ਦੇ ਸ਼ਾਗਿਰਦਾਂ ਨੂੰ ਵੀ ਬੁਰਾ ਭਲਾ ਬੋਲਦੀ, “ਕੀ ਤੁਸੀਂ ਹਰ ਵੇਲੇ ਇਸ ਬੰਦੇ ਦੇ ਮਗਰ ਲੱਗੇ ਰਹਿੰਦੇ ਹੋ! ਇਹਨੂੰ ਤਾਂ ਆਪਣਾ ਘਰ ਚਲਾਉਣ ਦਾ ਵੀ ਪਤਾ ਨਹੀਂ? ਤੁਹਾਨੂੰ ਇਹ ਕੀ ਸਿਖਾ ਦੇਵੇਗਾ?” ਸੁਕਰਾਤ ਦੇ ਚੇਲੇ ਜੀਨੀ ਦੀ ਸ਼ਿਕਾਇਤ ਅਕਸਰ ਉਸ ਪਾਸ ਕਰਦੇ ਤਾਂ ਉਹ ਉਨ੍ਹਾਂ ਨੂੰ ਕਹਿੰਦਾ, “ਤੁਸੀਂ ਤਾਂ ਦੋ ਪਲ ਆਏ ਤੇ ਚਲੇ ਗਏ। ਉਸ ਬੰਦੇ (ਸੁਕਰਾਤ) ਦਾ ਜੇਰਾ ਵੇਖੋ ਜੋ ਉਸ ਨਾਲ ਰਹਿ ਰਿਹਾ ਹੈ।” ਉਹ ਆਪਣੀ ਪਤਨੀ ਬਾਰੇ ਅਕਸਰ ਕਿਹਾ ਕਰਦਾ ਸੀ ਕਿ ‘‘ਜਦੋਂ ਉਹ ਗੁੱਸੇ ਵਿੱਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਦੇ ਜ਼ਬਤ ਨੂੰ ਪਰਖਦਾ ਹਾਂ। ਜਦੋਂ ਉਹ ਲਾਲ ਪੀਲੀ ਅੱਗ ਬਗੂਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪ੍ਰੀਖਿਆ ਲੈਂਦਾ ਹਾਂ।’’
ਸੁਕਰਾਤ ਗਿਆਨ ਦਾ ਬਹੁਤ ਵੱਡਾ ਅਭਿਲਾਸ਼ੀ ਸੀ। ਉਹ ਮੰਨਦਾ ਸੀ ਕਿ ਦੁਨੀਆ ਵਿੱਚ ਗਿਆਨ ਦੇ ਤੁਲ ਪਵਿੱਤਰ ਹੋਰ ਕੋਈ ਚੀਜ਼ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ਜਿਸਮ ਦੀ ਮੌਤ ਵਿਚਾਰਾਂ ਦਾ ਖਾਤਮਾ ਨਹੀਂ ਹੁੰਦੀ ਸਗੋਂ ਆਜ਼ਾਦੀ ਦਾ ਰਾਹ ਹੈ। ਅਗਿਆਨਤਾ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਰਾਜਨੀਤੀ ਬਾਰੇ ਉਹ ਕਿਹਾ ਕਰਦਾ ਸੀ ਕਿ ਰਾਜਨੀਤੀ ਤਕੜਿਆਂ ਦਾ ਹੱਥਠੋਕਾ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਿਸ਼ਨ ਲੋਕ ਸੇਵਾ ਹੋਣਾ ਚਾਹੀਦਾ ਹੈ। ਅੱਜ ਤੋਂ 2400 ਸਾਲ ਪਹਿਲਾਂ ਅਜਿਹੇ ਵਿਚਾਰ ਪੇਸ਼ ਕਰਨੇ ਕੋਈ ਛੋਟੀ ਗੱਲ ਨਹੀਂ ਸੀ। ਉਸ ਸਮੇਂ ਦੁਨੀਆ ਵਿੱਚ ਬਹੁ-ਦੇਵਵਾਦ ਦੀ ਵਿਚਾਰਧਾਰਾ ’ਤੇ ਆਧਾਰਿਤ ਧਰਮ ਪ੍ਰਚਲਤ ਸੀ। ਇੱਕੋ ਇੱਕ ਰੱਬ ਦੀ ਧਾਰਨਾ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਲੋਕ ਮੀਂਹ, ਅੱਗ, ਪਾਣੀ, ਚੰਦ, ਸੂਰਜ, ਹਵਾ ਆਦਿ ਨੂੰ ਆਪਣੇ ਦੇਵਤੇ ਮੰਨਦੇ ਸਨ। ਮਨੁੱਖੀ ਸਮਝ ਦਾ ਇਹ ਇਤਿਹਾਸਕ ਦੌਰ ਲੰਮਾ ਸਮਾਂ ਦੁਨੀਆ ਦੇ ਲਗਪਗ ਹਰ ਖਿੱਤੇ ਵਿੱਚ ਰਿਹਾ ਹੈ। ਏਸ਼ਿਆਈ ਦੇਸ਼ਾਂ ਵਿੱਚ ਵੀ ਪੁਰਾਤਨ ਵੇਦਾਂ ਸ਼ਾਸਤਰਾਂ ਅਨੁਸਾਰ ਬਹੁਦੇਵਵਾਦ ’ਤੇ ਆਧਾਰਿਤ ਧਰਮ ਪ੍ਰਚੱਲਿਤ ਰਿਹਾ ਹੈ। ਵੱਖ ਵੱਖ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਵੱਖ ਵੱਖ ਦੇਵਤਿਆਂ ਵਜੋਂ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਇਨ੍ਹਾਂ ਦੇਵਤਿਆਂ ਦੀ ਖ਼ੁਸ਼ੀ ਹਾਸਲ ਕਰਨ ਲਈ ਜਾਨਵਰਾਂ ਅਤੇ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ਸਨ। ਸੁਕਰਾਤ ਧਰਮ ਕਰਮ ਦੇ ਨਾਮ ’ਤੇ ਹੁੰਦੀਆਂ ਅਜਿਹੀਆਂ ਵਹਿਸ਼ੀ ਕਾਰਵਾਈਆਂ ਦੀ ਸ਼ਰ੍ਹੇਆਮ ਮੁਖਾਲਫ਼ਤ ਕਰਦਾ। ਉਸ ਨੇ ਸੂਰਜ ਨੂੰ ਅੱਗ ਦਾ ਗੋਲਾ ਅਤੇ ਚੰਦ ਨੂੰ ਪੱਥਰ ਕਿਹਾ ਤਾਂ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਹਲਕਿਆਂ ਵਿੱਚ ਤਹਿਲਕਾ ਮੱਚ ਗਿਆ। ਉਸ ’ਤੇ ਨਾਸਤਿਕ ਹੋਣ ਦੇ ਇਲਜ਼ਾਮ ਲੱਗਣ ਲੱਗੇ। ਉਹ ਇੱਥੇ ਹੀ ਨਹੀਂ ਰੁਕਿਆ। ਉਸ ਸਮੇਂ ਦੀ ਨਿਆਂ ਪ੍ਰਣਾਲੀ ਨੂੰ ਆਪਣੇ ਤਰਕ ਅਤੇ ਵਿਵੇਕ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ। ਉਸ ਨੇ ਸਮੇਂ ਦੇ ਕਾਨੂੰਨ ਤੇ ਅਦਾਲਤਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਿਆ ਅਤੇ ਇਨਸਾਫ਼ ਕਰਨ ਵਾਲਿਆਂ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਵੱਢੀ ਲੈ ਕੇ ਕੀਤਾ ਜਾਣ ਵਾਲਾ ਅਨਿਆਂ, ਨਿਆਂ ਕਿਵੇਂ ਹੋਇਆ? ਉਸ ਦਾ ਸਭ ਤੋਂ ਜ਼ਿਆਦਾ ਜ਼ੋਰ ਚੰਗੇ ਕਿਰਦਾਰ ’ਤੇ ਸੀ। ਉਸ ਨੇ ਮੁਨਸਿਫ਼ਾਂ ਨੂੰ ਪੁੱਛਿਆ ਕਿ ਜਿਸ ਵਿਅਕਤੀ ਦਾ ਆਪਣਾ ਕਿਰਦਾਰ ਠੀਕ ਨਹੀਂ ਉਹ ਨਿਆਂ ਕਿਵੇਂ ਕਰ ਸਕੇਗਾ? ਉਹ ਆਪ ਵੀ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਸੀ। ਉਸ ਨੇ ਸਾਦਾ ਜੀਵਨ ਬਤੀਤ ਕੀਤਾ।
ਉਸ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਜ਼ਿੰਦਗੀ ਨੇਕ ਕੰਮਾਂ ਵਿੱਚ ਲਾ ਕੇ ਹੀ ਅਸਲੀ ਖ਼ੁਸ਼ੀ ਹਾਸਲ ਹੁੰਦੀ ਹੈ। ਸੁਕਰਾਤ ਸਮਝਦਾ ਸੀ ਕਿ ਨੇਕੀ ਹੀ ਸਭ ਤੋਂ ਉੱਤਮ ਭਲਾਈ ਹੈ ਅਤੇ ਨੇਕ ਬਣਨਾ ਉਸ ਦਾ ਮਿਸ਼ਨ ਸੀ।
ਉਸ ਨੇ ਆਪਣੇ ਸਮੇਂ ਦੌਰਾਨ ਪ੍ਰਚੱਲਿਤ ਧਰਮ, ਅਦਬ, ਕਾਨੂੰਨ, ਰਾਜਨੀਤੀ ਅਤੇ ਸਮਾਜ ਦੇ ਵਿਸ਼ਿਆਂ ’ਤੇ ਬੜੇ ਤਰਕਪੂਰਨ ਸਵਾਲ ਖੜ੍ਹੇ ਕੀਤੇ। ਉਸ ਨੇ ਸੂਰਜ ਨੂੰ ਦੇਵਤੇ ਦੀ ਥਾਂ ਅੱਗ ਦਾ ਗੋਲਾ ਅਤੇ ਅਖੌਤੀ ਧਰਮ ਦੇ ਦਾਅਵੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਬਲੀਆਂ ਨੂੰ ਮਾਨਵਤਾ ਦੀ ਤੌਹੀਨ ਕਿਹਾ। ਉਹ ਅਜਿਹੀ ਤਰਕਪੂਰਨ ਗੱਲ ਕਰਦਾ ਕਿ ਸੁਣਨ ਵਾਲੇ ਦੰਗ ਰਹੇ ਜਾਂਦੇ। ਅਖੀਰ 399 ਈਸਾ ਪੂਰਵ ਨੂੰ ਉਸ ਨੂੰ
ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੇ ਤਿੰਨ ਇਲਜ਼ਾਮ ਲਾਏ ਗਏ: 1) ਸੁਕਰਾਤ ਨੌਜੁਆਨਾਂ ਨੂੰ ਵਿਗਾੜ ਰਿਹਾ ਹੈ, ਅਜਿਹਾ ਕਰਨਾ ਸਮਾਜ ਲਈ ਖ਼ਤਰਨਾਕ ਹੈ; 2) ਉਹ ਨਾਸਤਿਕ ਹੈ; 3) ਉਹ ਦੇਵੀ ਦੇਵਤਿਆਂ ਦੀ ਹਸਤੀ ’ਤੇ ਸ਼ੱਕ ਕਰਦਾ ਹੈ।
ਉਸ ਸਮੇਂ ਅਜਿਹੇ ਜੁਰਮਾਂ ਦੀ ਸਜ਼ਾ ਮੌਤ ਸੀ। ਵੱਡਾ ਦਾਰਸ਼ਨਿਕ ਹੋਣ ਕਰਕੇ ਸੁਕਰਾਤ ਨੂੰ ਕਿਹਾ ਗਿਆ ਕਿ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਜਾਵੇ ਤਾਂ ਉਸ ਦੀ ਸਜ਼ਾ ਮੁਆਫ਼ ਕੀਤੀ ਜਾ ਸਕਦੀ ਹੈ। ਪਰ ਉਸ ਨੇ ਭਰੀ ਅਦਾਲਤ ਵਿੱਚ ਕਿਹਾ, “ਮੈਂ ਤੁਹਾਡੇ ਜਾਹਲਾਂ ਤੋਂ ਜ਼ਿੰਦਗੀ ਦੀ ਭੀਖ ਕਿਉਂ ਮੰਗਾਂ? ਤੁਹਾਡੇ ਰਹਿਮ ’ਤੇ ਕਿਉਂ ਰਹਾਂ? ਤੁਹਾਡੇ ਲਈ ਕਸ਼ਟਦਾਇਕ ਮੈਂ ਨਹੀਂ ਹਾਂ ਸਗੋਂ ਮੇਰੇ ਵਿਚਾਰ ਹਨ। ਇਸ ਲਈ ਜੇ ਹਿੰਮਤ ਹੈ ਤਾਂ ਆਪਣੇ ਵਿਚਾਰਾਂ ਦੀ ਕਾਟ ਨਾਲ ਮੇਰੇ ਵਿਚਾਰਾਂ ਨੂੰ ਖ਼ਤਮ ਕਰੋ। ਮੇਰੇ ਮਰਨ ਨਾਲ ਕੀ ਹੋਵੇਗਾ? ਮੇਰੇ ਵਿਚਾਰ ਤਾਂ ਸਗੋਂ ਹੋਰ ਤਕੜੇ ਹੋ ਜਾਣਗੇ।” ਸੀਮਿਤ ਬੁੱਧੀ ਵਾਲੇ ਕਾਨੂੰਨ ਦੇ ਰਾਖਿਆਂ ਕੋਲ ਉਸ ਦੀਆਂ ਤਰਕਪੂਰਨ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਏਥਨਜ਼ ਦੀ ਹਕੂਮਤ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦਾ ਹੁਕਮ ਦੇ ਦਿੱਤਾ। ਇਸ ਅਨਿਆਂ ਭਰੇ ਸਰਕਾਰੀ ਹੁਕਮ ਮਗਰੋਂ ਸੁਕਰਾਤ ਦੇ ਸ਼ਾਗਿਰਦਾਂ ਨੇ ਆਪਣੇ ਮਹਾਨ ਦਾਰਸ਼ਨਿਕ ਨੂੰ ਜੇਲ ’ਚੋਂ ਭਜਾ ਕੇ ਲਿਜਾਣ ਦੀ ਯੋਜਨਾ ਬਣਾਈ। ਇਹ ਗੱਲ ਪਤਾ ਲੱਗਣ ’ਤੇ ਉਸ ਨੇ ਕਿਹਾ, “ਮੈਂ ਆਪਣਾ ਦੇਸ਼ ਛੱਡ ਕੇ ਕਿਉਂ ਜਾਵਾਂ? ਮੈਂ ਆਪਣੇ ਵਿਚਾਰਾਂ ’ਤੇ ਅਡੋਲ ਰਹਿ ਕੇ ਮਰਨਾ ਚਾਹੁੰਦਾ ਹਾਂ।” ਮੌਤ ਵਾਲੇ ਦਿਨ ਉਸ ਦੀ ਪਤਨੀ ਜੀਨੀ, ਬੱਚੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਗਿਰਦ ਉਸ ਨੂੰ ਮਿਲਣ ਆਏ। ਪਤਨੀ ਤੇ ਬੱਚੇ ਰੋਣ ਕੁਰਲਾਉਣ ਲੱਗੇ। ਸੁਕਰਾਤ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਆਪਣੇ ਕੁਝ ਸ਼ਾਗਿਰਦਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਘਰ ਛੱਡ ਆਓ। ਜ਼ਹਿਰ ਘੋਟਿਆ ਜਾ ਰਿਹਾ ਸੀ। ਉਹ ਬੜੇ ਸਹਿਜ ਨਾਲ ਆਪਣੇ ਸ਼ਾਗਿਰਦਾਂ ਨਾਲ ਗੱਲਬਾਤ ਕਰ ਰਿਹਾ ਸੀ। ਗੱਲਾਂ ਕਰਦਿਆਂ-ਕਰਦਿਆਂ ਸੁਕਰਾਤ ਨੇ ਜ਼ਹਿਰ ਘੋਟ ਰਹੇ ਜੱਲਾਦ ਨੂੰ ਪੁੱਛਿਆ, “ਜ਼ਹਿਰ ਘੋਟਣ ਲਈ ਅਜੇ ਕਿੰਨੀ ਕੁ ਦੇਰ ਹੋਰ ਲੱਗੇਗੀ?” ਉਸ ਦੇ ਇੱਕ ਚੇਲੇ ਕਰਾਈਟੋ ਨੇ ਰੋਂਦਿਆਂ ਕਿਹਾ, “ਕੀ ਕਰ ਰਹੇ ਹੋ, ਐਨੀ ਵੀ ਕੀ ਕਾਹਲੀ ਐ?”
ਸੁਕਰਾਤ ਬੋਲਿਆ, “ਸਾਰੀ ਉਮਰ ਕੁਝ ਨਾ ਕੁਝ ਨਵਾਂ ਸਿੱਖਣ ਦਾ ਇਛੁੱਕ ਰਿਹਾ ਹਾਂ। ਅੱਜ ਮੌਤ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਤਾਂ ਤੀਬਰ ਇੱਛਾ ਹੋ ਰਹੀ ਹੈ ਕਿ ਇਸ ਬਾਰੇ ਵੀ ਜਾਣ ਲਵਾਂ।” ਜੇਲ੍ਹਰ ਦੀ ਦੇਖ-ਰੇਖ ਹੇਠ ਜੱਲਾਦ ਨੇ ਜ਼ਹਿਰ ਪਿਆਲਾ ਉਸ ਨੂੰ ਫੜਾਇਆ। ਉਸ ਨੇ ਜਲਾਦ ਹੱਥੋਂ ਜ਼ਹਿਰ ਦਾ ਪਿਆਲਾ ਇੰਝ ਫੜ ਲਿਆ ਜਿਵੇਂ ਦੁੱਧ ਦਾ ਭਰਿਆ ਪਿਆਲਾ ਹੋਵੇ। ਬੜੇ ਸ਼ਾਂਤ ਚਿੱਤ ਨਾਲ ਜ਼ਹਿਰ ਪੀ ਲੈਣ ਮਗਰੋਂ ਉਸ ਨੇ ਵਿਚਾਰਾਂ ਦੀ ਲੜੀ ਅਗਾਂਹ ਤੋਰ ਲਈ। ਖਾਲੀ ਪਿਆਲਾ ਜ਼ਮੀਨ ’ਤੇ ਰੱਖ ਕੇ ਉਹ ਫਿਰ ਸ਼ਾਗਿਰਦਾਂ ਨਾਲ ਗੱਲਾਂ ਕਰਨ ਲੱਗਿਆ। ਜੱਲਾਦ ਨੇ ਕਿਹਾ, “ਗੱਲਾਂ ਨਾ ਕਰੋ। ਇਸ ਨਾਲ ਜ਼ਹਿਰ ਚੰਗੀ ਤਰ੍ਹਾਂ ਅਸਰ ਨਹੀਂ ਕਰਦਾ ਅਤੇ ਜ਼ਹਿਰ ਦੋ ਜਾਂ ਕਦੇ ਕਦੇ ਤਿੰਨ ਵਾਰ ਵੀ ਪੀਣਾ ਪੈਂਦਾ ਹੈ।” ਇਸ ’ਤੇ ਸੁਕਰਾਤ ਨੇ ਹੱਸ ਕੇ ਕਿਹਾ, “ਜਦੋਂ ਜ਼ਹਿਰ ਹੀ ਪੀ ਲਿਆ ਤਾਂ ਫਿਰ ਇੱਕ ਜਾਂ ਦੋ ਵਾਰ ਪੀਣ ਵਿੱਚ ਕੀ ਹਰਜ਼?” ਉਸ ਦੀਆਂ ਲੱਤਾਂ ’ਤੇ ਜ਼ਹਿਰ ਦਾ ਅਸਰ ਹੋਇਆ ਤਾਂ ਉਸ ਨੇ ਇਸ ਬਾਰੇ ਦੱਸਿਆ। ਸਰੀਰ ’ਤੇ ਜ਼ਹਿਰ ਦੇ ਅਸਰ ਦੀ ਵਿਆਖਿਆ ਉਹ ਨਾਲੋ ਨਾਲ ਕਰਦਾ ਰਿਹਾ। ਕੁਝ ਦੇਰ ਬਾਅਦ ਉਸ ਦੀ ਆਵਾਜ਼ ਧੀਮੀ ਹੋਣ ਲੱਗੀ ਤਾਂ ਨੇੜੇ ਖੜ੍ਹੇ ਆਪਣੇ ਇੱਕ ਸ਼ਾਗਿਰਦ ਨੂੰ ਕਿਹਾ, ‘‘ਜਦੋਂ ਮੈਂ ਸੌਂ ਜਾਵਾਂ ਮੇਰੇ ਉੱਪਰ ਚਾਦਰ ਪਾ ਦੇਣੀ।’’ ਇਸ ਤਰ੍ਹਾਂ ਉਹ ਦੁਨੀਆ ਦਾ ਪਹਿਲਾ ਮਨੁੱਖ ਸੀ ਜਿਸ ਨੇ ਬਹੁਦੇਵਵਾਦ ’ਤੇ ਤਰਕ ਕਰਦਿਆਂ ਇੱਕ (ਦੇਵ) ਰੱਬ ਦੀ ਕਲਪਨਾ ਕੀਤੀ ਅਤੇ ਉਸ ਨੂੰ ਨਾਸਤਿਕ ਕਹਿ ਕੇ ਮਾਰ ਦਿੱਤਾ ਗਿਆ। ਦੁਨੀਆ ਭਰ ਦੇ ਲੱਖਾਂ ਲੇਖਕ, ਵਿਦਵਾਨ, ਦਾਰਸ਼ਨਿਕ, ਚਿੰਤਕ ਅਤੇ ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਸੁਕਰਾਤ ਦਾ ਨਾਮ ਬੜੇ ਅਦਬ ਨਾਲ ਲੈਂਦੇ ਹਨ। ਸੁਕਰਾਤ ਨੂੰ ਜ਼ਹਿਰ ਦੇਣ ਵਾਲਿਆਂ ਨੇ ਸਮਝ ਲਿਆ ਕਿ ਸੁਕਰਾਤ ਮਰ ਗਿਆ ਹੈ ਪਰ ਉਹ ਕਦੇ ਮਰਿਆ ਨਹੀਂ। ਉਹ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖਤਾ ਨੂੰ ਅੱਜ ਵੀ ਵੰਗਾਰਦਾ ਹੈ।
ਸੰਪਰਕ: 98550-51099

Advertisement
Advertisement