ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੁਲਾਈ
ਜੀਤੋ ਲੁਧਿਆਣਾ ਚੈਪਟਰ ਸੰਸਥਾ ਵੱਲੋਂ ਏਡੀਸੀ ਗੌਤਮ ਜੈਨ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕਿ ਹੜ੍ਹਾਂ ਤੋਂ ਪ੍ਰਭਾਵਿਤ ਚਾਰ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਕਿਹਾ ਕਿ ਇਸ ਸੰਸਥਾ ਨੇ ਕੋਵਿਡ ਦੌਰਾਨ ਵੀ ਅੱਗੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਸੀ। ਉਨ੍ਹਾਂ ਜੀਤੋ ਲੁਧਿਆਣਾ ਚੈਪਟਰ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਡੀਐੱਮ ਡਾ. ਹਰਜਿੰਦਰ ਸਿੰਘ ਵੀ ਹਾਜ਼ਰ ਸਨ। ਲੁਧਿਆਣਾ ਚੈਪਟਰ ਦੇ ਚੇਅਰਮੈਨ ਰਾਜੀਵ ਜੈਨ ਤੇ ਤਰੁਣ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਤਲੁਜ ਦਰਿਆ ਨੇੜੇ ਪੈਂਦੇ ਚਾਰ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਹੜ੍ਹਾਂ ਤੋਂ ਪ੍ਰਭਾਵਿਤ ਖੇੜਾ ਬੇਟ, ਆਹੂਲਵਾਲ, ਰਾਜਪੁਰ, ਪਲੋਵਾਲ ਜੱਦੀ ਆਦਿ ਪਿੰਡਾਂ ਦੇ 300 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੂਜਨ ਜੈਨ, ਮਨੀਸ਼ ਜੈਨ, ਗੁਲਸ਼ਨ ਜੈਨ, ਜੀਤੋ ਲੇਡੀਜ਼ ਵਿੰਗ ਦੀ ਚੀਫ ਸਕੱਤਰ ਰਿਚਾ ਜੈਨ, ਸੀਰਜ ਓਸਵਾਲ, ਏਕਤਾ ਜੈਨ, ਅਮਿਤਾ ਜੈਨ, ਸਾਹਿਲ ਜੈਨ, ਰਮਯਕ ਜੈਨ ਤੇ ਸਿਧਾਂਤ ਜੈਨ ਆਦਿ ਵੀ ਹਾਜ਼ਰ ਸਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਮਹਾਂਵੀਰ ਸੇਵਾ ਸੰਸਥਾ ਵੱਲੋਂ ਮੀਤ ਪ੍ਰਧਾਨ ਰਾਕੇਸ਼ ਮੌਦਗਿਲ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ’ਤੇ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਐੱਸਡੀਐੱਮ (ਪੱਛਮੀ) ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਤਲੁਜ ਦਰਿਆ ਦੇ ਕੰਢੇ ਖੈਰਾਬੇਟ, ਰਜਾਪੁਰ, ਨੂਰਪੁਰ ਬੇਟ, ਭੋਲੇਵਾਲ ਅਤੇ ਹੋਰ ਪਿੰਡਾਂ ਵਿੱਚ ਸਰਵੇਖਣ ਮਗਰੋਂ ਪੀੜਤਾਂ ਨੂੰ ਸੰਸਥਾ ਵੱਲੋਂ ਸੁੱਕਾ ਰਾਸ਼ਨ ਦਿੱਤਾ ਗਿਆ। ਐੱਸਡੀਐੱਮ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ਭਗਵਾਨ ਮਹਾਂਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ, ਮੀਤ ਪ੍ਰਧਾਨ ਰਾਕੇਸ਼ ਮੌਦਗਿਲ, ਬੀਡੀਪੀਓ ਰਾਕੇਸ਼ ਚੱਢਾ, ਰਮਾ ਜੈਨ, ਡਾ. ਜਤਿੰਦਰ ਕੌਰ ਅਤੇ ਹਰਮਿੰਦਰ ਸਿੰਘ ਰੋਮੀ ਆਦਿ ਵੀ ਹਾਜ਼ਰ ਸਨ।