ਫੁਟਬਾਲ: ਫਰਾਂਸ, ਪੁਰਤਗਾਲ ਤੇ ਬੈਲਜੀਅਮ ਯੂਰਪੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ
ਪੈਰਿਸ, 14 ਅਕਤੂਬਰ
ਕਾਇਲੀਅਨ ਐਮਬਾਪੇ ਅਤੇ ਕ੍ਰਿਸਟੀਆਨੋ ਰੋਨਾਲਡੋ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਫਰਾਂਸ ਅਤੇ ਪੁਰਤਗਾਲ ਨੇ ਕੁਆਲੀਫਾਇੰਗ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਅਗਲੇ ਸਾਲ ਹੋਣ ਵਾਲੀ ਯੂਰਪੀਅਨ ਫੁਟਬਾਲ ਚੈਂਪੀਅਨਸ਼ਿਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਬੈਲਜੀਅਮ ਵੀ ਜਰਮਨੀ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ’ਚ ਸਫਲ ਰਿਹਾ। ਇਨ੍ਹਾਂ ਤਿੰਨ ਟੀਮਾਂ ਨੂੰ ਕੁਆਲੀਫਾਈ ਕਰਨ ਲਈ ਜਿੱਤ ਦੀ ਲੋੜ ਸੀ ਅਤੇ ਉਨ੍ਹਾਂ ਦੇ ਸਟ੍ਰਾਈਕਰਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਫਰਾਂਸ ਨੇ ਐਮਸਟਰਡਮ ਵਿੱਚ ਖੇਡੇ ਗਏ ਮੈਚ ਵਿੱਚ ਨੈਦਰਲੈਂਡਜ਼ ਨੂੰ 2-1 ਨਾਲ ਹਰਾਇਆ। ਫਰਾਂਸ ਦੀ ਇਹ ਲਗਾਤਾਰ ਛੇਵੀਂ ਜਿੱਤ ਸੀ। ਐਮਬਾਪੇ ਨੇ ਸੱਤਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਹ ਉਸ ਦਾ 41ਵਾਂ ਕੌਮਾਂਤਰੀ ਗੋਲ ਸੀ। ਇਸ ਤੋਂ ਬਾਅਦ ਉਸ ਨੇ 51ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਨੈਦਰਲੈਂਡਜ਼ ਲਈ ਇੱਕ-ੋਇੱਕ ਗੋਲ ਕੁਇਲਿੰਡਸਕੀ ਹਾਰਟਮੈਨ ਨੇ ਕੀਤਾ। ਇਸੇ ਤਰ੍ਹਾਂ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਪੁਰਤਗਾਲ ਨੇ ਸਲੋਵਾਕੀਆ ਨੂੰ 3-2 ਨਾਲ ਹਰਾਇਆ। ਰੋਨਾਲਡੋ ਨੇ ਹੁਣ ਤੱਕ 202 ਕੌਮਾਂਤਰੀ ਮੈਚਾਂ ਵਿੱਚ 125 ਗੋਲ ਕੀਤੇ ਹਨ। ਪੁਰਤਗਾਲ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ। -ਪੀਟੀਆਈ