For the best experience, open
https://m.punjabitribuneonline.com
on your mobile browser.
Advertisement

ਸਨੋਅ ਫਾਲ

08:04 AM Nov 16, 2024 IST
ਸਨੋਅ ਫਾਲ
Advertisement

ਹਰਦੇਵ ਚੌਹਾਨ

Advertisement

‘‘ਦਾਦੀ! ਕੈਨੇਡਾ ਦੀਆਂ ਮੋਟੀਆਂ, ਕਾਲੀਆਂ ਗਲਹਿਰੀਆਂ ਜੋਤਸ਼ੀ ਹੁੰਦੀਆਂ ਨੇ...।’’
‘‘ਮੈਂ ਸਮਝੀ ਨਹੀਂ।’’ ਈਲੀ ਦੀ ਦਾਦੀ ਨੇ ਕਿਹਾ।
‘‘ਦਾਦੀ! ਇੱਥੇ ਸਾਡੀਆਂ ਗਲਹਿਰੀਆਂ ਨੂੰ ਗਰਮੀ, ਸਰਦੀ ਤੇ ‘ਸਨੋਅ ਫਾਲ’ ਦੀ ਸਾਰੀ ਜਾਣਕਾਰੀ ਹੁੰਦੀ ਹੈ। ਬਰਸਾਤੀ, ਤੂਫ਼ਾਨੀ ਤੇ ਬਰਫ਼ਾਨੀ ਮੌਸਮਾਂ ਤੋਂ ਪਹਿਲਾਂ ਉਹ ਆਪਣੇ ਬਾਲ-ਬੱਚਿਆਂ ਨੂੰ ਪਾਲਣ ਲਈ ਬੜੀ ਮਿਹਨਤ ਕਰਦੀਆਂ ਹਨ। ਤੜਕੇ ਸਵੇਰੇ ਟਪੂਸੀਆਂ ਮਾਰਦੀਆਂ ਆਪਣੇ ਕਾਰ-ਵਿਹਾਰ ਸ਼ੁਰੂ ਕਰ ਦਿੰਦੀਆਂ ਹਨ। ਰੁੱਖਾਂ, ਝਾੜੀਆਂ ਦੀਆਂ ਖੋੜਾਂ ਵਾਲੇ ਲੁਕਵੇਂ ਘਰਾਂ ਵਿੱਚ ਗਿਰੀਆਂ, ਮੇਵੇ ਤੇ ਦਾਣੇ ਇਕੱਠੇ ਕਰਦੀਆਂ ਹਨ ਤੇ ਮੀਂਹ, ਹਨੇਰੀਆਂ ਵਾਲੇ ਬਰਫ਼ਾਨੀ ਮੌਸਮਾਂ ਤੋਂ ਬੇਫਿਕਰ ਹੋ ਜਾਂਦੀਆਂ ਹਨ। ਸੱਚੀ! ਬੰਦੇ ਨਾਲੋਂ ਸਿਆਣੀਆਂ ਤੇ ਜੁਗਤੀ ਹੁੰਦੀਆਂ ਨੇ।’’ ਮੋਬਾਈਲ ਫੋਨ ਰਾਹੀਂ ਈਲੀ ਆਪਣੀ ਦਾਦੀ ਨੂੰ ਦੱਸ ਰਹੀ ਸੀ।
ਈਲੀ ਹੁਣ ਕੈਨੇਡਾ ਰਹਿੰਦੀ ਹੈ। ਮੋਟੀਆਂ, ਤਾਜ਼ੀਆਂ ਗਲਹਿਰੀਆਂ, ਸਲੇਟੀ ਕਾਲੇ ਤੇ ਬਿਸਕੁਟੀ ਰੰਗ ਦੇ ਕਬੂਤਰ, ਚਿੜੀਆਂ ਅਤੇ ਨਵੇਂ, ਨਵੇਂ ਹੋਰ ਪੰਛੀ ਵੇਖਦੀ ਬੜੀ ਖ਼ੁਸ਼ ਹੁੰਦੀ ਹੈ। ਉਨ੍ਹਾਂ ਨੂੰ ਬਰੈੱਡ, ਬਿਸਕੁਟ ਤੇ ਚੋਗਾ ਪਾਉਂਦੀ ਹੈ। ਮੋਟੀ ਸਾਰੀ ਪੂਛਲ ਹਿਲਾਉਂਦੀਆਂ ਗਲਹਿਰੀਆਂ ਉਸ ਦੇ ਲਾਗੇ ਆਉਂਦੀਆਂ ਤੇ ਉਸ ਦੇ ਹੱਥਾਂ ’ਚੋਂ ਰੋਟੀ ਜਾਂ ਬਿਸਕੁਟ ਲੈ ਜਾਂਦੀਆਂ ਹਨ। ਹੌਲੀ ਹੌਲੀ ਉਸ ਨੂੰ ਆਪਣੀਆਂ ਸਹੇਲੀਆਂ, ਅਧਿਆਪਕਾਂ ਅਤੇ ਬਾਲ ਕਹਾਣੀਆਂ ਵਾਲੀਆਂ ਕਿਤਾਬਾਂ ਰਾਹੀਂ ਜਾਣਕਾਰੀ ਮਿਲੀ ਕਿ ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਆਪਣੇ ਖਾਣ ਵਾਲੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ।
‘‘ਦਾਦੀ! ਤੇਲ, ਘਿਓ ਲੂਣ ਤੇ ਚੀਨੀ ਵਾਲੇ ਸਾਡੇ ਮਸਾਲੇਦਾਰ ਖਾਣੇ ਪੰਛੀਆਂ ਨੂੰ ‘ਆਲਸੀ’ ਬਣਾਉਂਦੇ ਨੇ। ਇਹ ਬੇਜ਼ੁਬਾਨੇ ਜੀਵ ਜੰਤੂਆਂ ਨੂੰ ਬਿਮਾਰ ਕਰ ਦਿੰਦੇ ਹਨ। ਕੁਦਰਤ ਨੇ ਆਪਣੇ ਹਰ ਜੀਵ-ਜੰਤੂ ਦੇ ਖਾਣ-ਪੀਣ ਲਈ ਕੀੜੇ-ਮਕੌੜੇ, ਫਲ-ਫਰੂਟ ਅਤੇ ਦਾਣੇ-ਪਾਣੀ ਦਾ ਸਾਰਾ ਪ੍ਰਬੰਧ ਕੀਤਾ ਹੁੰਦਾ ਹੈ।’’ ਆਪਣੀ ਗ਼ਲਤੀ ਮੰਨਦਿਆਂ ਈਲੀ ਨੇ ਦੱਸਿਆ।
‘‘ਈਲੀ! ਤੇਰੀਆਂ ਗੱਲਾਂ ਵੀ ਸੱਚੀਆਂ ਨੇ। ਕੁਦਰਤ ਦੀ ਕਾਇਨਾਤ ਬੜੀ ਸੋਚੀ, ਵੀਚਾਰੀ ਤੇ ਸੁੱਖ-ਸਕੂਨ ਦੇਣ ਵਾਲੀ ਮੁਕੰਮਲ ਸਿਰਜਣਾ ਹੈ। ਇਹ ਆਪਣੇ ਪਸਾਰੇ ਖ਼ਿਲਾਫ਼ ਕੋਈ ਨੁਕਤਾਚੀਨੀ ਜਾਂ ਢਾਹ-ਉਸਾਰੀ ਬਰਦਾਸ਼ਤ ਨਹੀਂ ਕਰਦੀ। ਜਿੱਥੇ ਕਿਤੇ ਬੰਦਾ ਕੁਦਰਤ ਦੇ ਵਰਤਾਰੇ ਨਾਲ ਛੇੜਖਾਨੀ ਕਰਦਾ ਹੈ, ਬਦਲੇ ਵਿੱਚ ਉਹ ਉੱਥੇ ਢੇਰ ਸਾਰੇ ਕਹਿਰ ਵਰਤਾਉਂਦੀ ਹੈ। ਹੜ੍ਹ, ਸੁਨਾਮੀਆਂ, ਭੁਚਾਲ, ਸੋਕੇ, ਅੱਤ ਦੀ ਗਰਮੀ, ਕਹਿਰਾਂ ਦੀ ਸਰਦੀ... ਸਭ ਕੁਦਰਤ ਨਾਲ ਕੀਤੀਆਂ ਜਿਆਦਤੀਆਂ ਅਤੇ ਖਿਲਵਾੜ ਦੇ ਨਤੀਜੇ ਹੁੰਦੇ ਹਨ।’’ ਦਾਦੀ ਨੇ ਈਲੀ ਨੂੰ ਦੱਸਿਆ।
‘‘ਦਾਦੀ! ਕੈਨੇਡਾ ਦੇ ਲੋਕ ਬੜੇ ਸਿਆਣੇ ਹੁੰਦੇ ਨੇ। ਉਹ ਕੋਈ ਗ਼ਲਤੀ ਨਹੀਂ ਕਰਦੇ। ਮੁਸੀਬਤ ਭਰੇ ਅਜਿਹੇ ਵੇਲਿਆਂ ਦੌਰਾਨ ਜੀਵ-ਜੰਤੂਆਂ ਦੀ ਰਾਖੀ ਸਰਕਾਰ ਦੁਆਰਾ ਕੀਤੀ ਜਾਂਦੀ ਹੈ। ਇੱਥੇ ਈਮਾਨਦਾਰ ਲੋਕ ਟੈਕਸਾਂ ਦੀ ਚੋਰੀ ਵੀ ਨਹੀਂ ਕਰਦੇ। ਬਦਲੇ ਵਿੱਚ ਕੀ ਹੁੰਦਾ ਹੈ, ਸਰਕਾਰ ਵੱਲੋਂ ਉਨ੍ਹਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸਿਹਤ, ਸਟੋਰ ਤੇ ਫਾਰਮ ਹਾਊਸ ਦਾ ਬੀਮਾ ਕਰਵਾਇਆ ਹੋਵੇ ਤਾਂ ਫਾਇਰ ਜਾਂ ਕੁਦਰਤੀ ਆਫ਼ਤ ਕਾਰਨ ਹੋਏ ਘਾਟੇ ਦੀ ਪੂਰਤੀ ਵੀ ਹੋ ਜਾਂਦੀ ਹੈ।’’
‘‘ਹਾਂ!... ਹਾਂ!... ਤੇਰੀ ਮੰਮੀ ਵੀ ਦੱਸਦੀ ਸੀ ਕਿ ਕੁਦਰਤੀ ਆਫ਼ਤ ਜਾਂ ਬਰਫ਼ਾਨੀ ਤੂਫ਼ਾਨ ਆਉਣਾ ਹੋਵੇ, ਬਿਜਲੀ ਦੀ ਕਟੌਤੀ ਹੋਣੀ ਹੋਵੇ ਜਾਂ ਵਾਟਰ ਸਪਲਾਈ ਵਿੱਚ ਵਿਘਨ ਪਿਆ ਹੋਵੇ ਤਾਂ ਮੌਸਮੀ ਸੁਰੱਖਿਆ ਵਿਭਾਗ ਆਪਣੇ ਨਾਗਰਿਕਾਂ ਨੂੰ ਘਰ ਘਰ ਲੱਗੇ ਸਪੀਕਰਾਂ, ਮੋਬਾਈਲਾਂ ਅਤੇ ਸੂਚਨਾ ਦੇਣ ਵਾਲੇ ਹੋਰ ਸਾਧਨਾਂ ਰਾਹੀਂ ਸਮੇਂ ਸਿਰ ਚਿਤਾਵਨੀ ਦੇ ਦਿੰਦੇ ਹਨ। ਸਕੂਲ, ਕਾਲਜ ਤੇ ਦਫ਼ਤਰ ਬੰਦ ਕਰ ਦਿੱਤੇ ਜਾਂਦੇ ਹਨ, ਪਰ ਜਨਤਾ ਲਈ ਜ਼ਰੂਰੀ ਸੇਵਾਵਾਂ ਤੇ ਸਿਹਤ ਸਹੂਲਤਾਂ ਨਿਰਵਿਘਨ ਜਾਰੀ ਰੱਖੀਆਂ ਜਾਂਦੀਆਂ ਹਨ।’’ ਦਾਦੀ ਨੇ ਈਲੀ ਨੂੰ ਦੱਸਿਆ।
‘‘ਦਾਦੀ! ਮੌਸਮ ਵਿੱਚ ਗੜਬੜ ਹੋ ਜਾਵੇ ਤਾਂ ਸਾਡੇ ਸਕੂਲ ਬੰਦ ਕਰ ਦਿੱਤੇ ਜਾਂਦੇ ਹਨ। ਨਿੱਕੇ ਨਿੱਕੇ ਵਿਦਿਆਰਥੀ ਛੁੱਟੀਆਂ ਦੀਆਂ ਖ਼ਬਰਾਂ ਸੁਣ ਕੇ ਹੈਪੀ ਨਹੀਂ, ਸੈਡ ਹੋ ਜਾਂਦੇ ਨੇ। ਉਹ ਇੰਝ ਦਿਸਦੇ ਜਿਵੇਂ ਕਿਸੇ ਨੇ ਉਨ੍ਹਾਂ ਦਾ ਪਸੰਦੀਦਾ ਖਿਡਾਉਣਾ ਖੋਹ ਲਿਆ ਹੋਏ ਜਾਂ ਫਿਰ ਸੁਆਦਲਾ ਕੋਈ ਪੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੋਏ।’’ ਈਲੀ ਨੇ ਦੱਸਿਆ।
‘‘ਈਲੀ! ਇੰਡੀਆ ਦੀ ਸੁਣ, ਦਸੰਬਰ, ਜਨਵਰੀ ਦੇ ਮਹੀਨੇ ਕੈਨੇਡਾ ਵਾਂਗ ਪੰਜਾਬ ਵਿੱਚ ‘ਸਨੋਅ ਫਾਲ’ ਤਾਂ ਨਹੀਂ ਹੁੰਦੀ, ਪਰ ਠੰਢ ਤੇ ਧੁੰਦ ਦਾ ਕਹਿਰ ਵਧ ਜਾਂਦਾ ਹੈ। ਦ੍ਰਿਸ਼ ਤੇ ਦ੍ਰਿਸ਼ਟੀ ਦੋਵੇਂ ਧੁੰਦਲਾ ਜਾਂਦੇ ਹਨ। ਸਕੂਲ, ਕਾਲਜ ਬੰਦ ਹੋ ਜਾਂਦੇ ਹਨ। ਛੁੱਟੀਆਂ ਹੋਣ ਕਾਰਨ ਵਿਦਿਆਰਥੀ ਬਹੁਤ ਖ਼ੁਸ਼ ਨਜ਼ਰ ਆਉਂਦੇ ਹਨ। ਇੰਨੇ ਖ਼ੁਸ਼, ਜਿਵੇਂ ਹੱਥਾਂ ਵਿੱਚ ‘ਕਾਰੂ ਦਾ ਖ਼ਜ਼ਾਨਾ’ ਆ ਗਿਆ ਹੋਵੇ।’’ ਦਾਦੀ ਨੇ ਦੱਸਿਆ।
ਦਾਦੀ ਨਾਲ ਗੱਲਾਂ ਕਰਦੇ-ਕਰਦੇ ਦਾਦੀ ਨੂੰ ਪਤਾ ਹੀ ਨਾ ਲੱਗਾ ਕਿ ਈਲੀ ਕਦੋਂ ਸੌਂ ਗਈ। ਫਿਰ ਦਾਦੀ ਆਪਣੀ ਪੋਤੀ ਦੀ ਸੂਝ-ਸਮਝ ’ਤੇ ਫਖ਼ਰ ਮਹਿਸੂਸ ਕਰਦਿਆਂ ਆਪਣੇ ਘਰੇਲੂ ਕੰਮਾਂ ਵਿੱਚ ਰੁੱਝ ਗਈ।
ਸੰਪਰਕ: 70098-57708

Advertisement

Advertisement
Author Image

joginder kumar

View all posts

Advertisement