For the best experience, open
https://m.punjabitribuneonline.com
on your mobile browser.
Advertisement

ਨਿੱਕੇ ਹਾਦਸੇ ਵੱਡੇ ਸਬਕ

11:44 AM Apr 20, 2024 IST
ਨਿੱਕੇ ਹਾਦਸੇ ਵੱਡੇ ਸਬਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਡਾ. ਰਣਜੀਤ ਸਿੰਘ

ਆਦਤਾਂ ਮਨੁੱਖੀ ਜੀਵਨ ਦਾ ਅਨਖਿੱੜਵਾਂ ਅੰਗ ਹਨ। ਆਦਤਾਂ ਚੰਗੀਆਂ ਵੀ ਹੁੰਦੀਆਂ ਹਨ ਤੇ ਮਾੜੀਆਂ ਵੀ। ਇਨ੍ਹਾਂ ਵਿੱਚ ਮਾਪਿਆਂ ਅਤੇ ਸੰਗੀ ਸਾਥੀਆਂ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ। ਜਦੋਂ ਕਦੇ ਬੱਚਾ ਕੋਈ ਗ਼ਲਤ ਕੰਮ ਕਰਕੇ ਆਉਂਦਾ ਹੈ ਤਾਂ ਸੁਚੱਜੇ ਮਾਪੇ ਉਸ ਨੂੰ ਇਸ ਬਾਰੇ ਪਿਆਰ ਨਾਲ ਸਮਝਾਉਂਦੇ ਹਨ ਪਰ ਕਈ ਮਾਪੇ ਇਹ ਆਖ ਬੱਚੇ ਨੂੰ ਉਤਸ਼ਾਹਿਤ ਕਰਦੇ ਹਨ, ‘ਕੋਈ ਨ੍ਹੀਂ ਫਿਰ ਕੀ ਹੋਇਆ ਬੱਚਾ ਹੈ।’ ਇਸੇ ਤਰ੍ਹਾਂ ਸੰਗੀ ਸਾਥੀ ਵੀ ਇਸ ਵਿੱਚ ਯੋਗਦਾਨ ਪਾਉਂਦੇ ਹਨ। ਜਦੋਂ ਕੋਈ ਦਫ਼ਤਰ ਵਿੱਚ ਨਵੀਂ ਨੌਕਰੀ ਸ਼ੁਰੂ ਕਰਦਾ ਹੈ ਤਾਂ ਉਸ ’ਤੇ ਸੰਗਤ ਦਾ ਰੰਗ ਜ਼ਰੂਰ ਚੜ੍ਹਦਾ ਹੈ। ਚੰਗੇ ਸਾਥੀ ਮਿਹਨਤ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਹਨ ਜਦੋਂ ਕਿ ਭੈੜੇ ਸਾਥੀ ਕੁਰਾਹੇ ਪਾਉਂਦੇ ਹਨ। ਮਾਪਿਆਂ ਅਤੇ ਅਧਿਆਪਕਾਂ ਦੀਆਂ ਆਪਣੀਆਂ ਆਦਤਾਂ ਦਾ ਵੀ ਬੱਚੇ ’ਤੇ ਪ੍ਰਭਾਵ ਪੈਂਦਾ ਹੈ। ਭੈੜੀਆਂ ਆਦਤਾਂ ਛੇਤੀ ਸਿੱਖੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਲਾਪਰਵਾਹੀ ਵਧਦੀ ਹੈ ਤੇ ਸਵੈ ਭਰੋਸਾ ਘੱਟ ਹੋਣ ਲੱਗਦਾ ਹੈ। ਜੀਵਨ ਵਿੱਚ ਸਫਲਤਾ ਦੇ ਰਾਹ ਵਿੱਚ ਇਹ ਦੋਵੇਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਹਨ।
ਇਰਾਕ ਵਿੱਚ ਕਈ ਸਾਲਾਂ ਤੋਂ ਚੱਲਦੀ ਖਾਨਾਜੰਗੀ ਇਰਾਨ ਨਾਲ ਸਮਝੌਤੇ ਪਿੱਛੋਂ 1974 ਵਿੱਚ ਬੰਦ ਹੋ ਗਈ। ਸਦਾਮ ਹੁਸੈਨ ਦੀ ਅਗਵਾਈ ਹੇਠ ਦੇਸ਼ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਆਰੰਭ ਹੋਏ। ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ। ਪਿੰਡਾਂ ਵਿੱਚ ਲੋਕਾਂ ਨੂੰ ਮੁਫ਼ਤ ਘਰ ਬਣਾ ਕੇ ਦਿੱਤੇ ਗਏ। ਸਹਿਕਾਰੀ ਸਭਾਵਾਂ ਵਿੱਚ ਖੇਤੀ ਸੰਦ ਭੇਜੇ ਗਏ ਤੇ ਕਿਸਾਨਾਂ ਦੇ ਖੇਤਾਂ ਦੀ ਵਹਾਈ ਸ਼ੁਰੂ ਹੋਈ। ਔਰਤਾਂ ਘਰਾਂ ਵਿੱਚੋਂ ਬਾਹਰ ਨਿਕਲੀਆਂ ਤੇ ਨੌਕਰੀਆਂ ਕਰਨ ਲੱਗ ਪਈਆਂ। ਸਰਕਾਰ ਦੀ ਇੰਨੀ ਦਹਿਸ਼ਤ ਸੀ ਕਿ ਹਰ ਤਰ੍ਹਾਂ ਦੇ ਜ਼ੁਰਮ ਬੰਦ ਹੋ ਗਏ। ਸਰਕਾਰ ਵੱਲੋਂ ਮਿੱਥੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਤੋਂ ਵੱਧ ਲੈਣ ਦੀ ਕੋਈ ਵੀ ਜੁਰਅੱਤ ਨਹੀਂ ਸੀ ਕਰਦਾ।
ਇਰਾਕ ਵਿੱਚ ਉਸ ਸਮੇਂ ਸਿੱਖਿਅਤ ਮਾਹਰਾਂ ਦੀ ਘਾਟ ਸੀ। ਕਾਲਜਾਂ ਲਈ ਪ੍ਰੋਫੈਸਰ ਅਤੇ ਵਿਕਾਸ ਕਾਰਜਾਂ ਲਈ ਮਾਹਰ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਤੋਂ ਮੰਗਵਾਏ ਗਏ। ਭਾਵੇਂ ਅਮਰੀਕਾ ਨਾਲ ਸਬੰਧ ਚੰਗੇ ਨਹੀਂ ਸਨ ਪਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਪੜ੍ਹਨ ਲਈ ਭੇਜੇ ਗਏ। ਵਿਦੇਸ਼ੀ ਮਾਹਰਾਂ ਵਿੱਚ ਬਹੁਗਿਣਤੀ ਮਿਸਰ, ਭਾਰਤ ਅਤੇ ਪਾਕਿਸਤਾਨੀਆਂ ਦੀ ਸੀ। ਮੇਰੀ ਵੀ ਨਿਯੁਕਤੀ ਮੌਸਿਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਹੋਈ ਸੀ। ਮੌਸਿਲ ਜਿਸ ਨੂੰ ਨੈਨਵਾਹ ਵੀ ਆਖਿਆ ਜਾਂਦਾ ਹੈ ਇੱਕ ਪੁਰਾਣਾ ਸ਼ਹਿਰ ਹੈ। ਯੂਨੀਵਰਸਿਟੀ ਦੇ ਸਾਰੇ ਕਾਲਜਾਂ ਵਿੱਚ 15 ਕੁ ਭਾਰਤੀ ਪ੍ਰੋਫੈਸਰ ਸਨ। ਇਨ੍ਹਾਂ ਵਿੱਚ ਡਾਕਟਰ ਤੇ ਇੰਜਨੀਅਰ ਵੀ ਸ਼ਾਮਲ ਸਨ।
ਪ੍ਰਦੇਸ਼ ਵਿੱਚ ਆਪਣਿਆਂ ਵਿਚਕਾਰ ਅਪਣੱਤ ਜਾਗ ਹੀ ਪੈਂਦੀ ਹੈ। ਇੰਝ ਇੱਕ ਦੂਜੇ ਦੇ ਆਉਣ ਜਾਣਾ ਹੁੰਦਾ ਰਹਿੰਦਾ ਸੀ। ਪਗੜੀ ਵਾਲਾ ਸਾਰੇ ਸ਼ਹਿਰ ਵਿੱਚ ਮੈਂ ਇੱਕ ਹੀ ਸਾਂ। ਉੱਥੇ ਛੁੱਟੀ ਐਤਵਾਰ ਦੀ ਥਾਂ ਸ਼ੁੱਕਰਵਾਰ ਨੂੰ ਹੁੰਦੀ ਹੈ। ਆਮ ਲੋਕਾਂ ਵਿੱਚ ਭਾਵੇਂ ਅਨਪੜ੍ਹਤਾ ਸੀ ਪਰ ਪ੍ਰੋਫੈਸਰ ਦੀ ਬਹੁਤ ਇੱਜ਼ਤ ਸੀ। ਉਨ੍ਹਾਂ ਨੂੰ ਜਦੋਂ ਪਤਾ ਲੱਗਦਾ ਸੀ ਕਿ ਤੁਸੀਂ ‘ਉਸਤਾਦ ਜਾਮੀਆ’ ਭਾਵ ਯੂਨੀਵਰਸਿਟੀ ਪ੍ਰੋਫੈਸਰ ਹੋ ਤਾਂ ਤੁਹਾਡਾ ਕੰਮ ਪਹਿਲ ਦੇ ਆਧਾਰ ’ਤੇ ਹੁੰਦਾ ਸੀ। ਸਿਨੇਮਾ ਘਰਾਂ ਵਿੱਚ ਹਿੰਦੀ ਫਿਲਮਾਂ ਆਮ ਵਿਖਾਈਆਂ ਜਾਂਦੀਆਂ ਸਨ। ਉਦੋਂ ਹਰੇਕ ਪਾਸੇ ‘ਸ਼ੋਲੇ’ ਫਿਲਮ ਦੀ ਚਰਚਾ ਹੋ ਰਹੀ ਸੀ।
ਅਸੀਂ ਭਾਰਤੀ ਪ੍ਰੋਫੈਸਰ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਰਲ ਕੇ ਦੁਪਹਿਰ ਦਾ ਖਾਣਾ ਖਾਂਦੇ ਸਾਂ। ਇਹ ਕਿਸੇ ਦੇ ਘਰ ਵੀ ਹੋ ਸਕਦਾ ਸੀ ਜਾਂ ਬਾਹਰ ਕਿਸੇ ਸੈਰਗਾਹ ’ਤੇ ਵੀ ਜਾਂਦੇ ਸਾਂ, ਕਿਉਂਕਿ ਕਾਰਾਂ ਤਾਂ ਲਗਭਗ ਸਾਰਿਆਂ ਕੋਲ ਹੀ ਸਨ। ਪਰ ਇਰਾਕੀ ਲੋਕਾਂ ਕੋਲ ਬਹੁਤ ਘੱਟ ਕਾਰਾਂ ਸਨ। ਟੈਕਸੀਆਂ ਸਾਰੀਆਂ ਅੰਪਾਲਾ ਕਾਰਾਂ ਸਨ ਤੇ ਕਿਰਾਇਆ ਬਹੁਤ ਘੱਟ ਸੀ। ਇੱਕ ਵਾਰ ਪਿਕਨਿਕ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਸਾਰਿਆਂ ਘਰੋਂ ਕੁਝ ਨਾ ਕੁਝ ਤਿਆਰ ਕਰਕੇ ਲਿਆਉਣਾ ਤੇ ਸਭਨਾਂ ਰਲ ਕੇ ਛਕਣਾ ਸੀ। ਸ਼ਹਿਰੋਂ ਕੋਈ 10 ਕੁ ਕਿਲੋਮੀਟਰ ਦੂਰ ਪਾਣੀ ਦਾ ਇੱਕ ਚਸ਼ਮਾ ਸੀ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਇੱਥੇ ਪੁੱਜੇ ਤਾਂ ਵੇਖਿਆ ਕਿ ਧਰਤੀ ਵਿੱਚੋਂ ਪਾਣੀ ਫੁੱਟ ਰਿਹਾ ਸੀ ਤੇ ਇੱਕ ਖਾਲ ਰਾਹੀਂ ਅੱਗੇ ਖੇਤਾਂ ਨੂੰ ਜਾ ਰਿਹਾ ਸੀ। ਉੱਥੇ ਕੁਝ ਰੁੱਖ ਸਨ ਜਿਨ੍ਹਾਂ ਦੀ ਛਾਂਵੇਂ ਚਾਦਰਾਂ ਵਿਛਾ ਲਈਆਂ ਗਈਆਂ। ਇਹ ਕੋਈ ਵਿਕਸਤ ਪਿਕਨਿਕ ਸਪੌਟ ਨਹੀਂ ਸੀ ਫਿਰ ਵੀ ਘਰੋਂ ਬਾਹਰ ਖੁੱਲ੍ਹੇ ਵਿੱਚ ਰਲ ਬੈਠਣ ਦਾ ਵਧੀਆ ਮੌਕਾ ਸੀ। ਕੁਝ ਦੇਰ ਖੇਡਾਂ ਖੇਡੀਆਂ ਗਈਆਂ, ਕੁਝ ਸੁਣਿਆ ਤੇ ਸੁਣਾਇਆ ਗਿਆ, ਮੁੜ ਰੋਟੀ ਦਾ ਦੌਰ ਸ਼ੁਰੂ ਹੋਇਆ। ਸਾਡੇ ਵਿੱਚ ਦੇਸ਼ ਦੇ ਵੱਖੋ ਵੱਖਰੇ ਪ੍ਰਾਂਤਾਂ ਦੇ ਟੱਬਰ ਸਨ ਇਸ ਕਰਕੇ ਖਾਣੇ ਦਾ ਬਹੁਤ ਆਨੰਦ ਆਇਆ।
ਸਾਰਿਆਂ ਨੇ ਵਗਦੇ ਪਾਣੀ ਵਿੱਚ ਆਪੋ ਆਪਣੇ ਭਾਂਡੇ ਧੋ ਕੇ ਗੱਡੀਆਂ ਵਿੱਚ ਸਾਂਭ ਲਏ। ਸਾਡੇ ਨਾਲ ਡਾ. ਵਾਰਸ਼ਨੀ ਦਾ ਪਰਿਵਾਰ ਵੀ ਸੀ। ਡਾ. ਸਾਹਿਬ ਇੰਜਨੀਅਰ ਸਨ ਤੇ ਪਹਿਲਾਂ ਵੀ ਕਈ ਹੋਰ ਦੇਸ਼ਾਂ ਵਿੱਚ ਕੰਮ ਕਰ ਚੁੱਕੇ ਸਨ। ਉਨ੍ਹਾਂ ਨੇ ਆਪਣੇ ਬਰਤਨਾਂ ਦੀ ਗਿਣਤੀ ਕੀਤੀ ਤਾਂ ਇੱਕ ਚਮਚਾ ਘੱਟ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਆਖਣ ਲੱਗੇ ਦੁਬਾਰਾ ਗਿਣ ਲਵੋ ਐਵੇਂ ਭੁਲੇਖਾ ਲੱਗਿਆ ਹੋਣਾ। ਉਨ੍ਹਾਂ ਦੁਬਾਰਾ ਗਿਣਤੀ ਕੀਤੀ ਪਰ ਚਮਚਾ ਘੱਟ ਸੀ। ਆਖਣ ਲੱਗੇ ਭਾਂਡੇ ਧੋਣ ਲੱਗਿਆਂ ਖਾਲ ਵਿੱਚ ਹੀ ਰਹਿ ਗਿਆ ਹੋਣਾ ਮੈਂ ਇੱਥੋਂ ਲੱਭਦਾ ਹਾਂ। ਸਾਰੇ ਆਖਣ ਲੱਗੇ, ‘‘ਚਲੋ ਛੱਡੋ ਚਮਚਾ ਹੀ ਹੈ ਆਪਾਂ ਚੱਲੀਏ।’’ ਉਹ ਆਖਣ ਲੱਗੇ ਚਮਚਾ ਇਸੇ ਖਾਲ ਵਿੱਚ ਹੀ ਹੋਵੇਗਾ। ਪਾਣੀ ਸਾਫ਼ ਤੇ ਵਗਦਾ ਵੀ ਹੌਲੀ ਹੈ ਇਸ ਕਰਕੇ ਰੁੜ੍ਹ ਕੇ ਦੂਰ ਨਹੀਂ ਜਾ ਸਕਦਾ ਤੇ ਉਹ ਪਾਣੀ ਵਿੱਚ ਚਮਚਾ ਲੱਭਣ ਲੱਗ ਪਏ। ਉਨ੍ਹਾਂ ਦਾ ਪਰਿਵਾਰ ਤੇ ਬਾਕੀ ਸਾਰੇ ਆਖਦੇ ਰਹੇ, ‘‘ਛੱਡੋ ਇੱਕ ਚਮਚਾ ਹੀ ਹੈ। ਆਪਾਂ ਚੱਲੀਏ’’ ਪਰ ਉਹ ਲੱਗੇ ਰਹੇ ਤੇ ਆਖਰ ਉਨ੍ਹਾਂ ਨੇ ਚਮਚਾ ਲੱਭ ਹੀ ਲਿਆ। ਸਾਰਿਆਂ ਨੇ ਉਨ੍ਹਾਂ ਦੀ ਸਫਲਤਾ ਲਈ ਤਾੜੀਆਂ ਮਾਰੀਆਂ।
ਉਨ੍ਹਾਂ ਸਮਝਿਆ ਮੈਨੂੰ ਮਖੌਲ ਕਰ ਰਹੇ ਹਨ। ਆਖਣ ਲੱਗੇ, ‘‘ਗੱਲ ਚਮਚੇ ਦੀ ਨਹੀਂ ਹੈ ਸਗੋਂ ਆਦਤ ਦੀ ਹੈ। ‘’ਚਲੋ ਛੱਡੋ’ ਵਾਲੀ ਆਦਤ ਇਨਸਾਨ ਨੂੰ ਨਿਕੰਮਾ ਬਣਾ ਦਿੰਦੀ ਹੈ ਤੇ ਉਹ ਆਲਸੀ ਹੋ ਜਾਂਦਾ ਹੈ। ਆਲਸੀ ਮਨੁੱਖ ਵੱਡੀਆਂ ਪ੍ਰਾਪਤੀਆਂ ਨਹੀਂ ਕਰ ਸਕਦਾ। ਪ੍ਰਾਪਤੀਆਂ ਲਈ ਤਾਂ ਸਿਰੜੀ ਹੋਣਾ ਜ਼ਰੂਰੀ ਹੈ। ਜੇਕਰ ਸਿਰੜ ਨਾਲ ਯਤਨ ਜਾਰੀ ਰੱਖਿਆ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ।’’
ਇਹ ਇੱਕ ਵੱਡਾ ਸਬਕ ਸੀ ਜਿਹੜਾ ਇੱਕ ਨਿੱਕੀ ਜਿਹੀ ਘਟਨਾ ਤੋਂ ਪ੍ਰਾਪਤ ਹੋਇਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×