ਮਾੜੇ ਬਿਜਲੀ ਪ੍ਰਬੰਧਾਂ ਖ਼ਿਲਾਫ਼ ਨਾਅਰੇਬਾਜ਼ੀ
ਨਵਕਿਰਨ ਸਿੰਘ
ਮਹਿਲ ਕਲਾਂ, 28 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮਾੜੇ ਬਿਜਲੀ ਪ੍ਰਬੰਧਾਂ ਖ਼ਿਲਾਫ਼ ਠੁੱਲੀਵਾਲ ਗਰਿੱਡ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡਾਂ ’ਚ ਨਾ ਤਾਂ 24 ਘੰਟੇ ਬਿਜਲੀ ਸਪਲਾਈ ਪੂਰੀ ਹੋ ਰਹੀ ਤੇ ਨਾ ਖੇਤੀ ਲਈ 8 ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜੜ੍ਹ ਓਵਰਲੋਡ ਟਰਾਂਸਫਾਰਮਰਾਂ ਹਨ, ਜਨਿ੍ਹਾਂ ਨੂੰ ਬਿਜਲੀ ਵਿਭਾਗ ਬਦਲ ਨਹੀਂ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਨਾਜਰ ਸਿੰਘ ਠੁੱਲੀਵਾਲ, ਇਕਾਈ ਪ੍ਰਧਾਨ ਮੇਵਾ ਸਿੰਘ ਭੱਟੀ, ਖਜ਼ਾਨਚੀ ਜਸਵੀਰ ਸਿੰਘ, ਮੀਤ ਪ੍ਰਧਾਨ ਭੋਲਾ ਸਿੰਘ, ਹਰਤੇਜ ਸਿੰਘ ਆਦਿ ਨੇ ਕਿਹਾ ਕਿ ਪਿੰਡ ਅੰਦਰ ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਨੂੰ ਬਦਲ ਕੇ ਵੱਧ ਲੋਡ ਵਾਲੇ ਟਰਾਂਸਫ਼ਾਰਮਰ ਰੱਖਣ ਸਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਅੱਜ ਤੱਕ ਇਨ੍ਹਾਂ ਟਰਾਂਸਫਰ ਨੂੰ ਅੰਡਰ ਲੋਡ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਲਈ 24 ਘੰਟੇ ਘਰੇਲੂ ਬਿਜਲੀ ਸਪਲਾਈ ਅਤੇ ਕਿਸਾਨਾਂ ਨੂੰ ਖੇਤੀ ਖੇਤਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਬਿਜਲੀ ਸਪਲਾਈ ਨਾ ਮਿਲਣ ਕਾਰਨ ਐੱਸਡੀਓ ਦਫ਼ਤਰ ਦਾ ਘਿਰਾਓ
ਸ਼ਹਿਣਾ, (ਪ੍ਰਮੋਦ ਸਿੰਗਲਾ): ਖੇਤੀ ਸੈਕਟਰ ਲਈ ਬਿਜਲੀ ਦੀ ਸਲਪਾਈ ਸਹੀ ਨਾ ਆਉਣ ਅਤੇ ਲਾਈਨਾਂ ਦੀ ਮੁਰੰਮਤ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਚੀਮਾ ਵੱਲੋਂ ਬਿਜਲੀ ਬੋਰਡ ਦੇ ਐੱਸਡੀਓ ਦਫ਼ਤਰ ਸ਼ਹਿਣਾ ਦਾ ਘਿਰਾਓ ਕਰ ਕੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਬਲਾਕ ਆਗੂ ਦਰਸ਼ਨ ਸਿੰਘ, ਜਗਤਾਰ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਸਨ ਪਰ ਕਿਸਾਨਾਂ ਨੂੰ 6 ਘੰਟੇ ਵੀ ਬਿਜਲੀ ਸਪਲਾਈ ਸਹੀ ਤਰੀਕੇ ਨਹੀਂ ਦਿੱਤੀ ਜਾ ਰਹੀ। ਪਿੰਡ ਚੀਮਾ ਦੇ ਸ਼ਹਿਰੀ ਫੀਡਰ ਦਾ ਇੱਕ ਟਰਾਂਸਫਾਰਮਰ ਜੋ ਪੁਰਾਣੀਆਂ ਤਾਰਾਂ ’ਤੇ ਲੋਡ ਜ਼ਿਆਦਾ ਹੋਣ ਕਰਕੇ ਅਕਸਰ ਹੀ ਖਰਾਬ ਰਹਿੰਦਾ, ਉਸ ਦੀ ਕੋਈ ਸਾਰ ਨਹੀਂ ਲਈ ਜਾ ਰਹੀ।