ਸੱਤਾ ਦੀ ਬੰਦਗੀ
ਨਾਥ ਪਰੰਪਰਾ ਦੇ ਸ਼ਕਤੀਸ਼ਾਲੀ ਗੋਰਕਸ਼ਾਪੀਠ ਸੰਪਰਦਾ ਦੇ ਮੁਖੀ ਯੋਗੀ ਆਦਿਤਿਆਨਾਥ, ਜੋ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਹਨ, ਨੇ ਵਾਰਾਣਸੀ ਅਤੇ ਮਥੁਰਾ ਵਿੱਚ ਕ੍ਰਮਵਾਰ ਗਿਆਨਵਾਪੀ ਅਤੇ ਸ਼ਾਹੀ ਈਦਗਾਹ ਮਸਜਿਦਾਂ ਦੇ ਵਿਵਾਦ ਦੇ ਮੱਦੇਨਜ਼ਰ ਮਹਾਭਾਰਤ ਦੇ ਮਨਮਰਜ਼ੀ ਦੇ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਯੋਗੀ ਨੇ ਯੂਪੀ ਵਿਧਾਨ ਸਭਾ ਵਿੱਚ ਭਗਵਾਨ ਕ੍ਰਿਸ਼ਨ ਦਾ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਨੇ ਪਾਂਡਵਾਂ ਲਈ ਸਿਰਫ਼ ਪੰਜ ਪਿੰਡ ਮੰਗੇ ਸਨ, ਉਹ ਵੀ ਤਿੰਨ ਧਰਮ ਅਸਥਾਨਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜ ਪਿੰਡ ਦੇਣ ਤੋਂ ਵੀ ਨਾਂਹ ਕਰ ਦਿੱਤੀ ਗਈ ਤਾਂ ਫਿਰ ਮਹਾਭਾਰਤ ਦਾ ਯੁੱਧ ਅਟੱਲ ਹੋ ਗਿਆ ਸੀ।
ਬਹਰਹਾਲ, ਕ੍ਰਿਸ਼ਨ ਨੇ ਕੌਰਵਾਂ ਦੇ ਦਰਬਾਰ ਵਿੱਚ ਪਾਂਡਵਾਂ ਦੇ ਦੂਤ ਵਜੋਂ ਪਹਿਲਾਂ ਅੱਧਾ ਰਾਜ ਅਤੇ ਫਿਰ ਪੰਜ ਪਿੰਡ, ਫਿਰ ਇੱਕ ਪਿੰਡ, ਫਿਰ ਪੰਜ ਘਰ, ਫਿਰ ਇੱਕ ਘਰ ਦੇਣ ਦੀ ਮੰਗ ਕੀਤੀ ਸੀ। ਜਦੋਂ ਕੌਰਵ ਰਾਜ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਂਡਵਾਂ ਨੂੰ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਦਿੱਤੀ ਜਾਵੇਗੀ ਅਤੇ ਜਦੋਂ ਕ੍ਰਿਸ਼ਨ ਨੂੰ ਕੈਦੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਇਹ ਮਿਸ਼ਨ ਨਾਕਾਮ ਹੋ ਗਿਆ। ਮਹਾਭਾਰਤ ਦੀ ਗਾਥਾ ਹੈ ਕਿ ਉਨ੍ਹਾਂ ਦਰਬਾਰ ’ਚੋਂ ਬਾਹਰ ਆਉਣ ਤੋਂ ਪਹਿਲਾਂ ਆਪਣੇ ਵਿਸ਼ਵਰੂਪਮ (ਵਿਰਾਟ ਰੂਪ) ਦਾ ਪ੍ਰਦਰਸ਼ਨ ਕੀਤਾ ਸੀ। ਇਹ ਕਹਾਣੀਆਂ ਭਾਰਤ ਦੇ ਪੂਰਬ ਅਤੇ ਦੱਖਣ ਵਿੱਚ ਸਨਾਤਨੀ ਸੱਭਿਆਚਾਰ ਵਿੱਚ ਵਾਰ ਵਾਰ ਦੁਹਾਰਾਈਆਂ ਜਾਂਦੀਆਂ ਹਨ।
ਅਸਲ ਵਿੱਚ, ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਮਥੁਰਾ ਵਿੱਚ ਕ੍ਰਿਸ਼ਨ ਮੰਦਰ ਨੂੰ ਢਾਹੁਣ ਦੇ ਬਾਵਜੂਦ, ਔਰੰਗਜ਼ੇਬ ਮੂਲ ਭਾਰਤੀ ਸੰਸਕ੍ਰਿਤੀ ਦਾ ਕੁਝ ਵੀ ਨਹੀਂ ਵਿਗਾੜ ਸਕਿਆ ਸੀ। ਮਸਲਨ, ਇਕ ਦਿਨ ਮੈਂ ਯੂਟਿਊਬ ’ਤੇ ਜੈਦੇਵ ਦੇ ਗੀਤਾ ਗੋਵਿੰਦਮ ਦੇ ਮਸ਼ਹੂਰ ਗੀਤ ‘ਯਹੀ ਮਾਧਵ ਯਹੀ ਕੇਸ਼ਵ’ ਦੀ ਖੋਜ ਕਰ ਰਿਹਾ ਸੀ, ਜਦੋਂ ਮੇਰੀ ਤਲਾਸ਼ ਦੌਰਾਨ ਕੇਲੁਚਰਨ ਮੋਹਾਪਾਤਰਾ ਦੀ ਉੜੀਸੀ ਪੇਸ਼ਕਾਰੀ ਅਤੇ ਭਰਤਨਾਟਿਅਮ, ਫਿਰ ਗਾਇਨ ਲਈ ਕਿਸ਼ੋਰੀ ਅਮੋਨਕਰ ਦੀ ਪੇਸ਼ਕਾਰੀ ਅਤੇ ਫਿਰ ਕੇਰਲਾ ਦੀ ਸੋਪਾਨ ਸੰਗੀਤਮ ਪਰੰਪਰਾ ਵਿੱਚ ਅਤੇ ਇੱਥੋਂ ਤੱਕ ਕਿ ਫਿਲਮੀ ਗੀਤਾਂ ਦੇ ਰੂਪ ਵਿੱਚ, ਉਹੀ ਸੰਸਕ੍ਰਿਤ ਗੀਤ ਸੰਗੀਤਮਈ ਪ੍ਰਬੀਨਤਾ ਦੇ ਕਈ ਜਗਤ ਸਿਰਜਦਾ ਹੈ।
ਬਾਰ੍ਹਵੀਂ ਸਦੀ ਦੇ ਸੰਤ ਜੈਦੇਵ ਭੁਬਨੇਸ਼ਵਰ ਅਤੇ ਪੁਰੀ ਵਿਚਕਾਰ ਪੈਂਦੇ ਇੱਕ ਪਿੰਡ ਵਿਚ ਰਹਿੰਦੇ ਸਨ ਅਤੇ ਜਿਸ ਪਿੰਡ ਨੂੰ ਹੈਦਰ ਅਲੀ, ਟੀਪੂ ਸੁਲਤਾਨ, ਡੱਚ, ਪੁਰਤਗਾਲੀ, ਫਰਾਂਸੀਸੀ ਅਤੇ ਅੰਗਰੇਜ਼ਾਂ ਦੁਆਰਾ ਵਾਰ ਵਾਰ ਤਬਾਹ ਕੀਤਾ ਗਿਆ ਸੀ। ਜੇ ਦੇਸ਼ ਦੇ ਕਿਸੇ ਨਾ ਕਿਸੇ ਦੂਰ-ਦੁਰਾਡੇ ਕੋਨੇ ਵਿੱਚ ਜੈਦੇਵ ਨੂੰ ਹਰ ਰੋਜ਼ ਸਤਿਕਾਰਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਕ੍ਰਿਸ਼ਨ ਨੂੰ ਅਸਲ ਵਿੱਚ ਕਿਸੇ ਹੋਰ ਮੰਦਰ ਦੀ ਲੋੜ ਨਹੀਂ ਹੈ। ਭਾਵੇਂ ਇਸ ਵਿਚ ਕਿੰਨੇ ਵੀ ਨੁਕਸ ਹੋਣ ਪਰ ਇਹ ਭਗਤੀ ਹੀ ਹੈ ਜਿਸ ਨੇ ਭਾਰਤੀ ਕਲਾਸਕੀ ਸੱਭਿਆਚਾਰ ਨੂੰ ਸੁਰੱਖਿਅਤ ਰੱਖਿਆ ਨਾ ਕਿ ਸੱਤਾ ਦੀ ਰਾਜਨੀਤੀ ਨੇ। ਇਹੀ ਭਗਤੀ ਹੈ ਜਿਸ ਨੇ ਭਾਰਤ ਨੂੰ ਇਕਜੁੱਟ ਕੀਤਾ ਜਿਵੇਂ ਕਿ ਇਹ ਗਾਂਧੀਵਾਦੀ ਰਾਸ਼ਟਰਵਾਦ ਵਿਚ ਪ੍ਰਗਟ ਹੁੰਦੀ ਹੈ।
ਹੁਣ ਜਦੋਂ ਭਗਤੀ ਅਤੇ ਤਪ ਦੀਆਂ ਉਨ੍ਹਾਂ ਹੀ ਰਵਾਇਤਾਂ ਅਤੇ ਪ੍ਰਤੀਕਾਂ ਨੂੰ ਰਾਜਨੀਤਕ ਸੱਤਾ ਹਾਸਲ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਆਪਣੇ ਤੋਂ ਵੱਖਰੇ ਦਰਸਾਏ ਜਾਂਦੇ ਕੁਝ ਲੋਕਾਂ ਦੇ ਦਿਲਾਂ ਵਿਚ ਸਹਿਮ ਪੈਦਾ ਹੋ ਜਾਂਦਾ ਹੈ। ਦੋ ਦਿਨ ਪਹਿਲਾਂ ਉਤਰਾਖੰਡ ਦੇ ਹਲਦਵਾਨੀ ਕਸਬੇ ਵਿਚ ਇਕ ਮਦਰੱਸਾ ਢਾਹ ਦਿੱਤਾ ਗਿਆ ਜਿਸ ਤੋਂ ਬਾਅਦ ਵੀਰਵਾਰ ਨੂੰ ਭੜਕੇ ਦੰਗੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਸੇ ਹਫ਼ਤੇ ਦਿੱਲੀ ਦੇ ਮਹਿਰੌਲੀ ਖੇਤਰ ਵਿਚ 600 ਸਾਲ ਪੁਰਾਣੀ ਇਕ ਦਰਗਾਹ ਢਾਹ ਦਿੱਤੀ ਗਈ। ਹੋ ਸਕਦਾ ਹੈ ਕਿ ਇਨ੍ਹਾਂ ’ਚੋਂ ਕੁਝ ਢਾਂਚੇ ਅਣਅਧਿਕਾਰਤ ਹੋਣ ਪਰ ਜੇ ਕਾਨੂੰਨ ਦਾ ਬਣਦਾ ਤੌਰ ਤਰੀਕਾ ਅਪਣਾਇਆ ਜਾਂਦਾ ਤਾਂ ਮੁਕਾਮੀ ਲੋਕਾਂ ਨੂੰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਪੈਣਾ ਸੀ ਸਗੋਂ ਉਨ੍ਹਾਂ ਸੁਰੱਖਿਅਤ ਮਹਿਸੂਸ ਕਰਨਾ ਸੀ। ਮਹਿਰੌਲੀ ਅਤੇ ਹਲਦਵਾਨੀ ਦੀਆਂ ਘਟਨਾਵਾਂ ਨਾਲ ਭਗਵਾਨ ਕ੍ਰਿਸ਼ਨ ਵਲੋਂ ਕੌਰਵਾਂ ਤੋਂ ਪਾਂਡਵਾਂ ਲਈ ਪੰਜ ਪਿੰਡ ਮੰਗਣ ਬਾਰੇ ਯੋਗੀ ਦੇ ਬਿਆਨ ਦੀ ਤਸਦੀਕ ਨਹੀਂ ਹੁੰਦੀ। ਇੱਥੋਂ ਤੱਕ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਜੋ ਕਿ ਆਜ਼ਾਦੀ ਤੋਂ ਬਾਅਦ ਜਿਨਾਹ ਦੀ ਮੁਸਲਿਮ ਲੀਗ ਦੀ ਨਿਸ਼ਾਨੀ ਹੈ ਅਤੇ ਮੁਸਲਮਾਨਾਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ, ਨੇ ਵੀ ਅਧਿਕਾਰਤ ਤੌਰ ’ਤੇ ਅਯੁੱਧਿਆ ਵਿਚ ਬਾਬਰੀ ਮਸਜਿਦ ਦੀ ਜਗ੍ਹਾ ਰਾਮ ਮੰਦਰ ਦੀ ਉਸਾਰੀ ਦਾ ਸਵਾਗਤ ਕੀਤਾ ਸੀ। ਉਸ ਸਮਾਗਮ ਤੋਂ ਦੋ ਦਿਨ ਬਾਅਦ ਆਈਯੂਐੱਮਐੱਲ ਦੀ ਕੇਰਲਾ ਇਕਾਈ ਦੇ ਪ੍ਰਧਾਨ ਸਈਦ ਸਾਦਿਕ ਅਲੀ ਸ਼ਿਹਾਬ ਥੰਗਲ ਨੇ ਰਾਮ ਮੰਦਰ ਨੂੰ ਇਕ ਹਕੀਕਤ ਕਰਾਰ ਦਿੰਦਿਆਂ ਕਿਹਾ: ‘‘ ਅਸੀਂ ਇਸ ਤੋਂ ਅੱਖਾਂ ਨਹੀਂ ਮੀਚ ਸਕਦੇ। ਇਸ ਦੇ ਖਿਲਾਫ਼ ਰੋਸ ਪ੍ਰਗਟਾਉਣ ਦੀ ਕੋਈ ਲੋੜ ਨਹੀਂ ਹੈ। ਅਦਾਲਤ ਦੇ ਹੁਕਮਾਂ ਦੇ ਆਧਾਰ ’ਤੇ ਇਹ ਮੰਦਰ ਬਣਾਇਆ ਗਿਆ ਹੈ ਅਤੇ ਬਾਬਰੀ ਮਸਜਿਦ ਦਾ ਨਿਰਮਾਣ ਕੀਤਾ ਜਾਣਾ ਹੈ। ਇਹ ਦੋਵੇਂ ਹੁਣ ਭਾਰਤ ਦਾ ਹਿੱਸਾ ਹਨ। ਰਾਮ ਮੰਦਰ ਅਤੇ ਪ੍ਰਸਤਾਵਿਤ ਬਾਬਰੀ ਮਸਜਿਦ ਅਜਿਹੀਆਂ ਦੋ ਸ਼ਾਨਦਾਰ ਮਿਸਾਲਾਂ ਹਨ ਜਿਨ੍ਹਾਂ ਨਾਲ ਸਾਡੇ ਦੇਸ਼ ਅੰਦਰ ਧਰਮ ਨਿਰਪੱਖਤਾ ਨੂੰ ਮਜ਼ਬੂਤੀ ਮਿਲਦੀ ਹੈ।’’
ਇਸ ਤੋਂ ਵੱਧ ਸਪੱਸ਼ਟ ਰੂਪ ਵਿਚ ‘ਹਕੀਕਤ’ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲੇ ਵੀ ਜਦੋਂ ਯੋਗੀ ਵਲੋਂ ਦੋ ਹੋਰ ਮੰਦਰਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਭਲਾ ਮੁਸਲਮਾਨਾਂ ਨੂੰ ਕਿਹੋ ਜਿਹੀ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ? ਮੈਂ ਦਿੱਲੀ ਯੂਨੀਵਰਸਿਟੀ ਦੇ ਤਿੰਨ ਗ਼ੈਰ ਹਿੰਦੂ ਵਿਦਿਆਰਥੀਆਂ ਨੂੰ ਜਾਣਦਾ ਹਾਂ ਜੋ ਆਪਣੀ ਕੈਬ ਹੇਲਿੰਗ ਅਤੇ ਫੂਡ ਡਲਿਵਰੀ ਮੋਬਾਈਲ ਐਪਸ ’ਤੇ ਹਿੰਦੂ ਨਾਵਾਂ ਦੀ ਵਰਤੋਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਨਫ਼ਰਤੀ ਹਮਲਿਆਂ ਦਾ ਖ਼ਤਰਾ ਰਹਿੰਦਾ ਹੈ। ਹਾਲੇ ਤੱਕ ਉਹ ਮਹਿਫ਼ੂਜ਼ ਹਨ ਪਰ ਜਦੋਂ ਨਫ਼ਰਤ ਨਾਲ ਅੰਨ੍ਹੇ ਹੋਏ ਅਨਸਰ ਦਨਦਨਾਉਂਦੇ ਫਿਰ ਰਹੇ ਹੋਣ ਜਾਂ ਆਪਣੇ ਫਿਰਕੇ ਦੇ ਬੈਨਰ ਨੂੰ ਰਾਸ਼ਟਰੀ ਝੰਡੇ ਤੋਂ ਉਪਰ ਫਹਿਰਾਉਣ ਦਾ ਯਤਨ ਕਰ ਰਹੇ ਹੋਣ ਅਤੇ ਜਦੋਂ ਸਰਕਾਰੀ ਅਫ਼ਸਰਾਂ ਦੀ ਕਿਸੇ ਗਰੁੱਪ ਹਾਊਸਿੰਗ ਸੁਸਾਇਟੀ ਵਿਚ ਗਣਤੰਤਰ ਦਿਵਸ ’ਤੇ ਵੀ ਤਿਰੰਗੇ ਦੀ ਬਜਾਏ ਭਗਵੇਂ ਝੰਡੇ ਨੂੰ ਲਹਿਰਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੋਵੇ ਤਾਂ ਥੋੜ੍ਹੀ ਵੱਖਰੀ ਸੋਚ ਜਾਂ ਮੱਤ ਦੇ ਹਰੇਕ ਧਾਰਨੀ ਦੇ ਮਨ ਵਿਚ ਖੌਫ਼ ਪੈਦਾ ਹੋਣਾ ਲਾਜ਼ਮੀ ਹੈ। ਅਚਾਨਕ ਹੀ ਹਰ ਕੋਈ ਗ਼ੈਰ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਾਰਿਆਂ ’ਤੇ ਖੌਫ਼ ਤਾਰੀ ਹੈ -ਉਹ ਐਨੇ ਖੌਫ਼ਜ਼ਦਾ ਹਨ ਕਿ ਕੋਈ ਵੀ ਇਹ ਪੁੱਛਣ ਦੀ ਹਿੰਮਤ ਨਹੀਂ ਕਰ ਰਿਹਾ ਕਿ ਰਾਮ ਮੰਦਰ ਦੇ ਉਦਘਾਟਨ ਤੋਂ ਐਨੇ ਦਿਨ ਬਾਅਦ ਵੀ ਭਗਵੇਂ ਝੰਡੇ ਕਿਉਂ ਨਹੀਂ ਹਟਾਏ ਜਾ ਰਹੇ।
ਥੰਗਲ ਵਾਂਗੂ ਹਰ ਕੋਈ, ਹਰੇਕ ਮੁਸਲਮਾਨ ਅਗਾਂਹ ਵਧਣਾ ਚਾਹੁੰਦਾ ਹੈ ਪਰ ਜਦੋਂ ਉਨ੍ਹਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਬਦਲੇ ਜਜ਼ੀਆ ਮੰਗਿਆ ਜਾਵੇਗਾ ਤਾਂ ਉਹ ਚਾਹ ਕੇ ਵੀ ਅਗਾਂਹ ਨਹੀਂ ਵਧ ਸਕਣਗੇ। ਜਦੋਂ ਦੋ ਹੋਰ ਮਸਜਿਦਾਂ ਸੌਂਪਣ ਲਈ ਕਿਹਾ ਜਾ ਰਿਹਾ ਹੈ ਤਾਂ ਕੀ ਗਾਰੰਟੀ ਹੈ ਕਿ ਇਸ ਤੋਂ ਬਾਅਦ 20 ਹੋਰ ਨਹੀਂ ਢਾਹੀਆਂ ਜਾਣਗੀਆਂ? ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿਚ ਮੌਜੂਦ -ਪ੍ਰਧਾਨ ਮੰਤਰੀ, ਆਰਐੱਸਐੱਸ ਮੁਖੀ, ਯੂਪੀ ਦੀ ਰਾਜਪਾਲ ਅਤੇ ਮੁੱਖ ਮੰਤਰੀ ਸਾਰੇ ਇਕ ਸਾਥ ਮੁਸਲਿਮ ਭਾਈਚਾਰੇ ਨੂੰ ਇਹ ਸੁਹਿਰਦ ਅਤੇ ਪਾਕ ਗਾਰੰਟੀ ਦੇ ਸਕਦੇ ਹਨ ਕਿ ਕਾਸ਼ੀ ਅਤੇ ਮਥੁਰਾ ਤੋਂ ਇਲਾਵਾ ਹੋਰ ਕਿਸੇ ਮਸਜਿਦ ਦਾ ਸਰਵੇ ਨਹੀਂ ਕਰਾਇਆ ਜਾਵੇਗਾ ਜਾਂ ਉਸ ਦੀ ਮੰਗ ਨਹੀਂ ਕੀਤੀ ਜਾਵੇਗੀ ਅਤੇ ਇਹ ਕਿ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਗਿਣ ਮਿੱਥ ਕੇ ਨਹੀਂ ਚਲਾਈ ਜਾਵੇਗੀ।
ਭਾਰਤ ਕੁਝ ਜ਼ਿਆਦਾ ਹੀ ਧਾਰਮਿਕ ਦੇਸ਼ ਹੈ। ਧਰਮ ਦੇ ਨਾਂ ’ਤੇ ਨਾਜਾਇਜ਼ ਕਬਜ਼ੇ ਫਿਰੌਤੀ ਦੇ ਧੰਦਿਆਂ ਦਾ ਰੂਪ ਧਾਰ ਲੈਂਦੇ ਹਨ ਅਤੇ ਇਸ ਲਈ ਇਨ੍ਹਾਂ ਨੂੰ ਝਟਪਟ ਹਟਾਉਣ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਵਿਚ ‘ਟ੍ਰਿਬਿਊਨ’ ਚੌਕ ਵਿਚ ਵੀ ਕੋਈ ਨਾ ਕੋਈ ਸ਼ਿਵਲਿੰਗ ਪ੍ਰਗਟ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਜਦੋਂ ਵੀ ਕਦੇ ਅਜਿਹਾ ਹੋਣ ਲਗਦਾ ਹੈ ਤਾਂ ਅਸੀਂ ਖ਼ਤਰੇ ਦੀਆਂ ਘੰਟੀਆਂ ਖੜਕਾ ਕੇ ਇਸ ਨੂੰ ਹਟਵਾ ਦਿੰਦੇ ਹਾਂ ਤਾਂ ਕਿ ਕੋਈ ਸੜਕ ਛਾਪ ਧੰਦੇਬਾਜ਼ ਭਗਵਾਨ ਸ਼ਿਵ ਦਾ ਨਾਂ ਬਦਨਾਮ ਨਾ ਕਰ ਸਕੇ। ਇਸੇ ਤਰ੍ਹਾਂ, ਸਾਰੇ ਗ਼ੈਰਕਾਨੂੰਨੀ ਮਦਰੱਸਿਆਂ (ਦਰਅਸਲ, ਧਾਰਮਿਕ ਸਿੱਖਿਆ ਨੂੰ ਨਿਰਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ) ਨੂੰ ਹਟਾਉਣਾ ਚਾਹੀਦਾ ਹੈ ਪਰ ਇਸ ਲਈ ਢੁਕਵਾਂ ਕਾਨੂੰਨੀ ਤੌਰ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ।
ਮਹਾਭਾਰਤ ਦੇ ਇਕ ਅਧਿਆਏ ਵਿਚ ਇਕ ਮਾਂ ਨੇ ਆਪਣੇ ਪੁੱਤਰ ਨੂੰ ਇਸ ਕਰ ਕੇ ਆਸ਼ੀਰਵਾਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਆਪਣੇ ਚਚੇਰ ਭਰਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਤੋਂ ਦੇਣ ਤੋਂ ਮੁਨਕਰ ਹੋ ਗਿਆ ਸੀ ਅਤੇ ਉਸ ਨੇ ਇਹ ਮਹਾਨ ਸ਼ਲੋਕ ਉਚਰਿਆ ਸੀ ‘ ਯਤੋ ਧਰਮਸਤਤੋ ਜਯ’ ਭਾਵ ਜਿੱਥੇ ਧਰਮ ਹੈ, ਉੱਥੇ ਜਿੱਤ ਹੁੰਦੀ ਹੈ।