ਕੰਡਕਟਰ ਦੇ ਥੱਪੜ ਮਾਰਨਾ ਔਰਤ ਨੂੰ ਪਿਆ ਮਹਿੰਗਾ
ਮਨੋਜ ਸ਼ਰਮਾ
ਬਠਿੰਡਾ, 16 ਅਗਸਤ
ਇੱਥੇ ਬੀਤੀ ਸ਼ਾਮ ਟਿਕਟ ਨੂੰ ਲੈ ਕੇ ਗੁੱਸੇ ’ਚ ਆਈ ਔਰਤ ਨੂੰ ਪੀਆਰਟੀਸੀ ਦੇ ਕੰਡਕਟਰ ਦੇ ਥੱਪੜ ਮਾਰਨਾ ਮਹਿੰਗਾ ਪੈ ਗਿਆ। ਪੀਆਰਟੀਸੀ ਮੁਲਾਜ਼ਮਾਂ ਵੱਲੋਂ ਇਸ ਮਾਮਲੇ ’ਚ ਵਿੱਢੇ ਸੰਘਰਸ਼ ਤੋਂ ਬਾਅਦ ਅੱਜ ਆਖ਼ਰ ਸਿਟੀ ਪੁਲੀਸ ਨੇ ਭੈਣ ਭਰਾ ਸੁਰਿੰਦਰ ਪਾਲ ਸਿੰਘ ਰਾਮਪੁਰਾ ਅਤੇ ਪਰਵਿੰਦਰ ਕੌਰ ਹਰਰਾਏਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ 6 ਵਜੇ ਬਠਿੰਡਾ ਤੋਂ ਚੰਡੀਗੜ੍ਹ ਲਈ ਪੀਆਰਟੀਸੀ ਦੇ ਬਠਿੰਡਾ ਡਿੱਪੂ ਦੀ ਬੱਸ ਚੱਲੀ ਸੀ। ਇਸ ਦੌਰਾਨ ਸਥਾਨਕ ਬੱਸ ਅੱਡੇ ਤੋਂ ਨਿਕਲਦੇ ਹੀ ਸੁਰਿੰਦਰ ਪਾਲ ਸਿੰਘ ਨੇ ਟਿਕਟ ਲਈ 500 ਦਾ ਨੋਟ ਦਿੱਤਾ ਜਦੋਂ ਕੰਡਕਟਰ ਨੇ ਬਕਾਇਆ ਰਾਮਪੁਰਾ ਫੂਲ ਵਿੱਚ ਦੇਣ ਲਈ ਕਿਹਾ ਤਾਂ ਵਿਅਕਤੀ ਦੇ ਨਾਲ ਬੈਠੀ ਔਰਤ ਨੇ ਕੰਡਕਟਰ ਬਲਜੀਤ ਰਾਮ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਇੰਨਾ ਵਧ ਗਿਆ ਕਿ ਔਰਤ ਨੇ ਕੰੰਡਕਟਰ ਦੇ ਥੱਪੜ ਜੜ ਦਿੱਤਾ। ਤਤਕਾਰ ਮਾਮਲੇ ਦੀ ਸੂਚਨਾ ਮਿਲਦੇ ਹੀ ਇਕੱਠੇ ਹੋਏ ਪੀਆਰਟੀਸੀ ਕਾਮਿਆਂ ਵੱਲੋਂ ਬਠਿੰਡਾ ਬੱਸ ਅੱਡੇ ਦਾ ਮੁੱਖ ਗੇਟ ਬੰਦ ਕਰਕੇ ਜਾਮ ਲਗਾ ਦਿੱਤਾ। ਹਾਲਾਂਕਿ ਇਸ ਦੌਰਾਨ ਨਿੱਜੀ ਬੱਸਾਂ ਵਾਲਿਆਂ ਨੇ ਇਸ ਹੜਤਾਲ ਦਾ ਲਾਹਾ ਖੱਟਿਆ ਅਤੇ ਸ਼ਹਿਰ ਦੀ ਮੁੱਖ ਸੜਕ ਹੋਣ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਰਹੀਂ । ਮਾਮਲੇ ਨੂੰ ਸ਼ਾਂਤ ਕਰਨ ਲਈ ਡੀਐਸਪੀ ਸਿਟੀ ਕੁਲਦੀਪ ਸਿੰਘ ਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਪਰਵਿੰਦਰ ਸਿੰਘ ਬੱਸ ਸਟੈਂਡ ਪੁੱਜੇ। ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਲਿਆ।