ਐੱਸਕੇਐੱਮ ਦੀ ਕੌਮੀ ਕੌਂਸਲ ਦੀ ਮੀਟਿੰਗ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ 6 ਜੂਨ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਉੱਤੇ ਕੀਤੇ ਲਾਠੀਚਾਰਜ ਅਤੇ ਸਮੂਹਿਕ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ। ਮੋਰਚੇ ਦੇ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਭਾਜਪਾ ਸਰਕਾਰ ਨੇ ਉਨ੍ਹਾਂ ਦੀ ਜਾਇਜ਼ ਮੰਗ ਵੱਲ ਧਿਆਨ ਦੇਣ ਦੀ ਬਜਾਏ ਕਿਸਾਨਾਂ ‘ਤੇ ਲਾਠੀਚਾਰਜ ਕਰ ਦਿੱਤਾ, ਜਿਸ ‘ਚ ਦਰਜਨਾਂ ਕਿਸਾਨ ਜ਼ਖ਼ਮੀ ਹੋ ਗਏ ਅਤੇ 30 ਤੋਂ ਵੱਧ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਸ੍ਰੀ ਬਾਜਵਾ ਨੇ ਕਿਹਾ ਕਿ 6 ਜੂਨ ਨੂੰ ਗ੍ਰੇਟਰ ਨੋਇਡਾ ਪੁਲੀਸ ਵੱਲੋਂ 33 ਿਕਸਾਨ ਕਾਰਕੁਨਾਂ ਦੀ ਗ੍ਰਿਫ਼ਤਾਰੀ ਗ਼ਲਤ ਹੈ। ਮੋਰਚੇ ਨੇ ਉੱਤਰ ਪ੍ਰਦੇਸ਼ ਵਿੱਚ ਮੋਹਨ ਸਰਾਨੀ, ਵਾਰਾਣਸੀ ਵਿੱਚ ਜ਼ਬਰਦਸਤੀ ਜ਼ਮੀਨ ਐਕੁਆਇਰ ਮਾਮਲੇ ਦੇ ਧਰਨੇ ਦਾ ਵੀ ਨੋਟਿਸ ਲਿਆ। ਉਨ੍ਹਾਂ ਪਹਿਲਵਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ। -ਪੱਤਰ ਪ੍ਰੇਰਕ