ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਹੁਨਰ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਜਨਵਰੀ
ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਪਿੰਡ ਘੁੱਦਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਵੀ ਦਰਬਾਰ, ਚਿੱਤਰਕਾਰੀ, ਸ਼ਤਰੰਜ ਅਤੇ ਬਾਰਾਂ ਡ੍ਹੀਟੀ ਮੁਕਬਾਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਹਰ ਉਮਰ ਦੇ ਵਿਅਕਤੀਆਂ ਵੱਲੋਂ ਹਿੱਸਾ ਲਿਆ ਗਿਆ। ਅਸ਼ਵਨੀ ਕੁਮਾਰ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਹਰ ਸਾਲ ਇਸ ਤਰ੍ਹਾਂ ਦਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪਿੰਡ ਤੋਂ ਇਲਾਵਾ ਦੂਰ-ਦਰਾਜ ਦੇ ਵਿਅਕਤੀਆਂ ਵੱਲੋਂ ਸਰਗਰਮੀਆਂ ਨਾਲ ਭਾਗ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਿੱਤਰਕਾਰੀ ’ਚ ਬੱਚਿਆਂ ਵੱਲੋਂ ਰੰਗ ਬਿਖ਼ੇਰਦਿਆਂ ਬਹੁਤ ਖੂਬਸੂਰਤ ਪਿਆਰੀਆਂ ਤਸਵੀਰਾਂ ਬਣਾਈਆਂ ਗਈਆਂ। ਇਸ ਮੌਕੇ ਕੈਫ਼ੇ ਵਰਲਡ ਵੱਲੋਂ ਕਿਤਾਬਾਂ ਦੀ ਸਟਾਲ ਲਗਾਈ ਗਈ ਅਤੇ ਪ੍ਰਕਾਸ਼ਨ ਸੰਸਥਾ ਵੱਲੋਂ ਦੋ ਦਰਜਨ ਕਿਤਾਬਾਂ, ਲਾਇਬਰੇਰੀ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਭਾਗ ਲੈਣ ਵਾਲੇ ਸਾਰਿਆਂ ਪ੍ਰਤੀਯੋਗੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ, ਜਿਸ ਉੱਪਰ ਸੁਰਜੀਤ ਪਾਤਰ ਦੀ ਕਵਿਤਾ ਵਾਲਾ ਪੋਸਟਰ ਸੀ, ਭੇਟ ਕੀਤਾ ਗਿਆ।