ਕੇਜਰੀਵਾਲ ਨੇ ਪੰਜਾਬੀਆਂ ਨਾਲ ਝੂਠੇ ਵਾਅਦੇ ਕੀਤੇ: ਕਾਲੀਆ
ਮਨੋਜ ਸ਼ਰਮਾ
ਬਠਿੰਡਾ, 4 ਜਨਵਰੀ
ਆਮ ਆਦਮੀ ਪਾਰਟੀ ਨੇ ਸਾਲ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਇਹ ਗੱਲਾਂ ਭਾਜਪਾ ਦੇ ਸੂਬਾਈ ਆਗੂ ਤੇ ਰਾਸ਼ਟਰੀ ਕਾਰਜਕਰਨੀ ਮੈਂਬਰ ਮਨੋਰੰਜਨ ਕਾਲੀਆ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੂਰਾ ਨਹੀਂ ਹੋਇਆ। ਹੁਣ ਇੱਕ ਵਾਰ ਫੇਰ ਦਿੱਲੀ ਚੋਣਾਂ ਵਿੱਚ ਕੇਜਰੀਵਾਲ ਦਿੱਲੀ ਵਿੱਚ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18,000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰ ਰਹੇ ਹਨ ਜਦਕਿ ਮੌਲਵੀਆਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਮੌਲਵੀ 17 ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਹੜਤਾਲ ’ਤੇ ਬੈਠੇ ਹਨ। ਕਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਖੁਸ਼ਹਾਲ ਪੰਜਾਬ ਨੂੰ ਕੰਗਾਲ ਪੰਜਾਬ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬੁਰੀ ਤਰ੍ਹਾਂ ਢਹਿ ਗਈ ਹੈ। ਖਨੌਰੀ ਵਿੱਚ ਡਲੇਵਾਲ ਦੇ ਮਰਨ ਵਰਤ ਅਤੇ ਕਿਸਾਨਾਂ ਦੇ ਧਰਨੇ ਪ੍ਰਤੀ ਕੇਂਦਰ ਸਰਕਾਰ ਦੇ ਪ੍ਰਤੀਕਰਮ ਬਾਰੇ ਪੁੱਛੇ ਸਵਾਲ ‘ਤੇ ਕਾਲੀਆ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਸੀਨੀਅਰ ਆਗੂ ਦਿਆਲ ਦਾਸ ਸੋਢੀ, ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਹਾਜ਼ਰ ਸਨ।