ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਛੇ ਜਵਾਨ ਜ਼ਖ਼ਮੀ
ਜੰਮੂ:
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਕੰਟਰੋਲ ਰੇਖਾ (ਐੱਲਓਸੀ) ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਛੇ ਫ਼ੌਜੀ ਜ਼ਖ਼ਮੀ ਹੋ ਗਏ। ਇਹ ਧਮਾਕਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਹੋਇਆ। ਅਧਿਕਾਰੀ ਨੇ ਕਿਹਾ, ‘ਇਹ ਘਟਨਾ ਸਵੇਰੇ 10.45 ਵਜੇ ਦੇ ਕਰੀਬ ਵਾਪਰੀ ਜਦੋਂ ਨੌਸ਼ਹਿਰਾ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਗਸ਼ਤ ਕਰ ਰਹੇ ਇੱਕ ਫ਼ੌਜੀ ਜਵਾਨ ਨੇ ਗਲਤੀ ਨਾਲ ਇੱਕ ਬਾਰੂਦੀ ਸੁਰੰਗ ’ਤੇ ਪੈਰ ਰੱਖ ਦਿੱਤਾ। ਇਸ ਧਮਾਕੇ ਵਿੱਚ ਛੇ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।’ ਗ਼ੌਰਤਲਬ ਹੈ ਕਿ ਭਾਰਤ ਵਾਲੇ ਪਾਸੇ ਐੱਲਓਸੀ ਦੇ ਨੇੜਲੇ ਖੇਤਰਾਂ ਨੂੰ ਬਾਰੂਦੀ ਸੁਰੰਗਾਂ ਲਗਾ ਕੇ ਸੁਰੱਖਿਅਤ ਕੀਤਾ ਗਿਆ ਹੈ ਤਾਂ ਜੋ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਘੁਸਪੈਠ ਅਤੇ ਦਹਿਸ਼ਤਗਰਦੀ ਸਰਗਰਮੀਆਂ ਨੂੰ ਠੱਲ੍ਹ ਪਾਈ ਜਾ ਸਕੇ। ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ, ‘ਸਾਡੇ ਪਾਸੇ ਕੰਟਰੋਲ ਰੇਖਾ ਨੇੜੇ ਲਗਾਈਆਂ ਕੁਝ ਬਾਰੂਦੀ ਸੁਰੰਗਾਂ ਮੀਂਹ ਕਾਰਨ ਆਪਣੀ ਉਸ ਅਸਲ ਜਗ੍ਹਾ ਤੋਂ ਹਿੱਲ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨੂੰ ਗਸ਼ਤ ਦੇ ਨਕਸ਼ੇ ’ਤੇ ਦਰਸਾਇਆ ਗਿਆ ਹੁੰਦਾ ਹੈ। ਅੱਜ ਵਰਗੇ ਦੁਖਾਂਤ ਇਨ੍ਹਾਂ ਬਾਰੂਦੀ ਸੁਰੰਗਾਂ ਕਾਰਨ ਹੀ ਵਾਪਰਦੇ ਹਨ, ਜਿਨ੍ਹਾਂ ਨੂੰ ਡ੍ਰਿਫਟ ਮਾਈਨਜ਼ (ਅਸਲ ਥਾਂ ਤੋਂ ਹਿੱਲੀਆਂ ਹੋਈਆਂ ਬਾਰੂਦੀ ਸੁਰੰਗਾਂ) ਕਿਹਾ ਜਾਂਦਾ ਹੈ।’ -ਆਈਏਐੱਨਐੱਸ/ਪੀਟੀਆਈ