Mahakumbha: ਮਾਘ ਦੀ ਸੰਗਰਾਂਦ ਮੌਕੇ 3.50 ਕਰੋੜ ਲੋਕਾਂ ਵੱਲੋਂ ਸੰਗਮ ਇਸ਼ਨਾਨ
ਪ੍ਰਯਾਗਰਾਜ, 14 ਜਨਵਰੀ
ਮਹਾਕੁੰਭ ਦੇ ਦੂਜੇ ਇਸ਼ਨਾਨ ਮਾਘ ਦੀ ਸੰਗਰਾਂਦ ਮੌਕੇ ਅੱਜ ਅਖਾੜਿਆਂ ਦੇ ਸਾਧੂ-ਸੰਤਾਂ ਦਾ ਅੰਮ੍ਰਿਤ ਇਸ਼ਨਾਨ ਕੀਤਾ। ਇਸੇ ਵਿਚਾਲੇ ਅੱਜ 3.50 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ’ਚ ਇਸ਼ਨਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਭ ਨੂੰ ਸੰਗਰਾਂਦ ਦੀ ਵਧਾਈ ਦਿੱਤੀ ਹੈ। ਅਖਾੜਿਆਂ ਦੇ ਅੰਮ੍ਰਿਤ ਇਸ਼ਨਾਨ ’ਚ ਸਭ ਤੋਂ ਪਹਿਲਾਂ ਸ੍ਰੀ ਪੰਚਾਇਤੀ ਅਖਾੜਾ ਮਹਾਨਿਰਵਾਣੀ ਅਤੇ ਸ੍ਰੀ ਸ਼ੰਭੂ ਪੰਚਾਇਤੀ ਅਟਲ ਅਖਾੜਾ ਦੇ ਸਾਧੂ-ਸੰਤਾਂ ਨੇ ਸੰਗਮ ’ਚ ਇਸ਼ਨਾਨ ਕੀਤਾ। ਤ੍ਰਿਵੈਣੀ ਸੰਗਮ ਦੇ ਬਰਫੀਲੇ ਪਾਣੀ ਨਾਲ ਅੰਮ੍ਰਿਤ ਇਸ਼ਨਾਨ ਤੜਕੇ ਤਕਰੀਬਨ 3 ਵਜੇ ‘ਬ੍ਰਹਮ ਮਹੂਰਤ’ ’ਚ ਸ਼ੁਰੂ ਹੋਇਆ। ਅੰਮ੍ਰਿਤ ਇਸ਼ਨਾਨ ਮਗਰੋਂ ਮਹਾਨਿਰਵਾਣੀ ਅਖਾੜੇ ਦੇ ਮਹਾਮੰਡਲੇਸ਼ਵਰ ਚੇਤਨਗਿਰੀ ਜੀ ਮਹਾਰਾਜ ਨੇ ਕਿਹਾ, ‘ਹਰ 12 ਸਾਲ ’ਚ ਪੂਰਨ ਕੁੰਭ ਪ੍ਰਯਾਗਰਾਜ ’ਚ ਹੁੰਦਾ ਹੈ ਅਤੇ 12 ਪੂਰਨ ਕੁੰਭ ਹੋਣ ’ਤੇ 144 ਸਾਲ ਬਾਅਦ ਇਹ ਮਹਾਕੁੰਭ ਆਉਂਦਾ ਹੈ। ਬਹੁਤ ਕਿਸਮਤ ਵਾਲੇ ਲੋਕਾਂ ਨੂੰ ਮਹਾਕੁੰਭ ’ਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ।’ ਇਨ੍ਹਾਂ ਤੋਂ ਬਾਅਦ ਤਪੋਨਿਧੀ ਪੰਚਾਇਤੀ ਸ੍ਰੀ ਨਿਰੰਜਨੀ ਅਖਾੜਾ ਤੇ ਆਨੰਦ ਅਖਾੜਾ ਦੇ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਉਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ’ਚ ਨਾਗਾ ਸਾਧੂ ਸਨ। ਨਿਰੰਜਣੀ ਤੇ ਆਨੰਦ ਅਖਾੜੇ ਮਗਰੋਂ ਗਿਣਤੀ ਪੱਖੋਂ ਸਭ ਤੋਂ ਵੱਡੇ ਜੂਨਾ ਅਖਾੜਾ, ਆਵਾਹਨ ਅਖਾੜਾ ਤੇ ਪੰਚ ਅਗਨੀ ਅਖਾੜਾ ਦੇ ਸਾਧੂ-ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਜੂਨਾ ਅਖਾੜੇ ਦੇ ਨਾਲ ਹੀ ਕਿੰਨਰ ਅਖਾੜਾ ਤੇ ਮਹਾਮੰਡਲੇਸ਼ਵਰਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ।
ਸੰਨਿਆਸੀ ਅਖਾੜਿਆਂ ਮਗਰੋਂ ਤਿੰਨ ਬੈਰਾਗੀ ਅਖਾੜਿਆਂ ਸ੍ਰੀ ਪੰਚ ਨਿਰਮੋਹੀ ਅਨੀ ਅਖਾੜਾ, ਸ੍ਰੀ ਪੰਚ ਦਿਗੰਬਰ ਅਨੀ ਅਖਾੜਾ ਅਤੇ ਸ੍ਰੀ ਪੰਚ ਨਿਰਵਾਣੀ ਅਨੀ ਅਖਾੜਾ ਨੇ ਵਾਰੀ-ਵਾਰੀ ਇਸ਼ਨਾਨ ਕੀਤਾ। ਇਸ ਮਗਰੋਂ ਉਦਾਸੀਨ ਅਖਾੜਿਆਂ ਪੰਚਾਇਤੀ ਨਯਾ ਉਦਾਸੀਨ ਤੇ ਪੰਚਾਇਤੀ ਬੜਾ ਉਦਾਸੀਨ ਅਖਾੜੇ ਨੇ ਇਸ਼ਨਾਨ ਕੀਤਾ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਮਾਘ ਦੀ ਸੰਗਰਾਂਦ ਤੇ ਬੀਹੂ ਦੀ ਵਧਾਈ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਮਾਘ ਦੀ ਸੰਗਰਾਂਦ ਦੀ ਵਧਾਈ ਦਿੱਤੀ। ਇਹ ਤਿਉਹਾਰ ਸੂਰਜ ਦੀ ਉੱਤਰ ਵੱਲ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਜਿਸ ਨੂੰ ਹਿੰਦੂ ਰਵਾਇਤ ’ਚ ਸ਼ੁਭ ਮੰਨਿਆ ਜਾਂਦਾ ਹੈ। ਮੋਦੀ ਨੇ ਸਾਰਿਆਂ ਲਈ ਨਵੀਂ ਊਰਜਾ ਤੇ ਉਤਸ਼ਾਹ ਦੀ ਕਾਮਨਾ ਕੀਤੀ ਅਤੇ ਅਸਾਮ ’ਚ ਮਨਾਏ ਜਾਣ ਵਾਲੇ ਫਸਲ ਨਾਲ ਸਬੰਧਤ ਤਿਉਹਾਰ ਬੀਹੂ ਦੀ ਵੀ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਮੋਦੀ ਨੇ ਐਕਸ ’ਤੇ ਲਿਖਿਆ, ‘ਅਸੀਂ ਕੁਦਰਤ ਦੀ ਖੂਬਸੂਰਤੀ, ਫਸਲ ਦੀ ਖੁਸ਼ੀ ਅਤੇ ਇਕਜੁੱਟਤਾ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹਾਂ। ਇਹ ਤਿਉਹਾਰ ਖੁਸ਼ੀ ਤੇ ਇਕਜੁੱਟਤਾ ਦੀ ਭਾਵਨਾ ਨੂੰ ਅੱਗੇ ਵਧਾਏ।’ -ਪੀਟੀਆਈ
ਸਟੀਵ ਜੌਬਜ਼ ਦੀ ਪਤਨੀ ਨੂੰ ਮਹਾਕੁੰਭ ’ਚ ਗੁਰੂ ਨੇ ਨਵਾਂ ਨਾਂ ਦਿੱਤਾ
ਪ੍ਰਯਾਗਰਾਜ:
ਮਹਾਕੁੰਭ ਮੇਲੇ ’ਚ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਐੱਪਲ ਦੇ ਸਹਿ-ਸੰਸਥਾਪਕ ਮਰਹੂਮ ਸਟੀਵ ਜੌਬਜ਼ ਦੀ ਪਤਨੀ ਲੌਰੇਨ ਪਾਵੇਲ ਜੌਬਜ਼ ਨੂੰ ਉਨ੍ਹਾਂ ਦੇ ਗੁਰੂ ਸਵਾਮੀ ਕੈਲਾਸ਼ਾਨੰਦ ਨੇ ਨਵਾਂ ਹਿੰਦੂ ਨਾਂ ‘ਕਮਲਾ’ ਦਿੱਤਾ ਹੈ। ਅਰਬਪਤੀ ਮਹਿਲਾ ਕਾਰੋਬਾਰੀ ਲਾਰੇਨ ਪਾਵੇਲ ਜੌਬਜ਼ ਨੇ ਦੁਨੀਆ ਦੇ ਇਸ ਸਭ ਤੋਂ ਵੱਡੇ ਧਾਰਮਿਕ ਸਮਾਗਮ ਦੌਰਾਨ ਬੀਤੇ ਦਿਨ ਸੰਗਮ ’ਚ ਡੁਬਕੀ ਲਾਈ ਸੀ। ਪੰਚਾਇਤੀ ਅਖਾੜਾ ਸ੍ਰੀ ਨਿਰੰਜਣੀ ਦੇ ਮਹੰਤ ਰਵਿੰਦਰ ਪੁਰੀ ਨੇ ਅੱਜ ਦੱਸਿਆ, ‘ਉਨ੍ਹਾਂ (ਲੌਰੇਨ) ਨੂੰ ਇੱਥੇ ਨਵਾਂ ਨਾਂ ‘ਕਮਲਾ’ ਮਿਲਿਆ ਹੈ। ਉਹ ਬਹੁਤ ਸਹਿਜ, ਨਿਮਰ ਤੇ ਹੰਕਾਰ ਮੁਕਤ ਹਨ ਅਤੇ ਇੱਥੇ ਸਨਾਤਨੀ ਸੰਸਕ੍ਰਿਤੀ ਤੋਂ ਬਹੁਤ ਪ੍ਰਭਾਵਿਤ ਹਨ।’ -ਪੀਟੀਆਈ
ਪੱਛਮੀ ਬੰਗਾਲ: ਲੱਖਾਂ ਸ਼ਰਧਾਲੂਆਂ ਨੇ ਗੰਗਾਸਾਗਰ ’ਚ ਕੀਤਾ ਇਸ਼ਨਾਨ
ਕੋਲਕਾਤਾ:
ਮਾਘ ਦੀ ਸੰਗਰਾਂਦ ਮੌਕੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਹੁਗਲੀ ਨਦੀ ਤੇ ਬੰਗਾਲ ਦੀ ਖਾੜੀ ਦੇ ਸੰਗਮ ’ਤੇ ਗੰਗਾਸਾਗਰ ’ਚ ਅੱਜ ਲੱਖਾਂ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਕੜਾਕੇ ਦੀ ਠੰਢ ਦੀ ਬਾਵਜੂਦ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਸੰਗਮ ’ਤੇ ਪੁੱਜੇ ਤੇ ਕਪਿਲ ਮੁਨੀ ਦੇ ਆਸ਼ਰਮ ’ਚ ਪੂਜਾ ਕੀਤੀ। ਗੰਗਾਸਾਗਰ ’ਚ ਸ਼ਾਹੀ ਇਸ਼ਨਾਨ ਲੰਘੀ ਸ਼ਾਮ ਛੇ ਵਜੇ ਸ਼ੁਰੂ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਪਸਰਕਾਰ ਨੇ ਫਸਲ ਨਾਲ ਸਬੰਧਤ ਇਸ ਤਿਉਹਾਰ ਦੀ ਸ਼ੁਰੂਆਤ ਮੌਕੇ ਮਨਾਏ ਜਾਣ ਵਾਲੇ ਇਸ ਸਾਲਾਨਾ ਮੇਲੇ ਲਈ ਕੋਲਕਾਤਾ ਤੋਂ ਤਕਰੀਬਨ 100 ਕਿਲੋਮੀਟਰ ਦੂਰ ਸਾਗਰ ਦੀਪ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹਨ। ਇਸੇ ਵਿਚਾਲੇ ਬੀਤੇ ਦਿਨ ਇਸ ਸਾਹਿਲੀ ਟਾਪੂ ’ਤੇ ਉੱਤਰ ਪ੍ਰਦੇਸ਼ ਦੇ ਬਿਰਧ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੁੱਖ ਮੰੰਤਰੀ ਮਮਤਾ ਬੈਨਰਜੀ ਨੇ ਕੁੰਭ ਮੇਲੇ ਦੀ ਤਰਜ ’ਤੇ ਇਸ ਟਾਪੂ ’ਤੇ ਲੱਗਣ ਵਾਲੇ ਗੰਗਾਸਾਗਰ ਮੇਲੇ ਨੂੰ ਕੌਮੀ ਦਰਜਾ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ