ਮਕਬੂਜ਼ਾ ਕਸ਼ਮੀਰ ਤੋਂ ਬਿਨਾਂ ਜੰਮੂ ਕਸ਼ਮੀਰ ਅਧੂਰਾ: ਰਾਜਨਾਥ
ਜੰਮੂ, 14 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਮਕਬੂਜ਼ਾ ਕਸ਼ਮੀਰ ਤੋਂ ਬਿਨਾਂ ਅਧੂਰਾ ਹੈ ਅਤੇ ਇਹ ਪਾਕਿਸਤਾਨ ਲਈ ਇੱਕ ਵਿਦੇਸ਼ੀ ਖੇਤਰ ਤੋਂ ਵੱਧ ਕੁਝ ਨਹੀਂ ਹੈ। ਉਹ ਇੱਥੇ ਅਖਨੂਰ ਸੈਕਟਰ ’ਚ ਟਾਂਡਾ ਆਰਟਿਲਰੀ ਬ੍ਰਿਗੇਡ ’ਚ ਨੌਵੇਂ ਹਥਿਆਰਬੰਦ ਬਲ ਸਾਬਕਾ ਸੈਨਿਕ ਦਿਵਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੱਖਿਆ ਮੰਤਰੀ ਨੇ ਕਿਹਾ, ‘ਮਕਬੂਜ਼ਾ ਕਸ਼ਮੀਰ ਦੀ ਵਰਤੋਂ ਅਤਿਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ। ਮਕਬੂਜ਼ਾ ਕਸ਼ਮੀਰ ’ਚ ਅਜੇ ਵੀ ਅਤਿਵਾਦੀ ਕੈਂਪ ਚੱਲ ਰਹੇ ਹਨ ਅਤੇ ਸਰਹੱਦ ਨਾਲ ਲੱਗਦੇ ਇਲਾਕੇ ’ਚ ਲਾਂਚਿੰਗ ਪੈਡ ਤਿਆਰ ਕੀਤੇ ਗਏ ਹਨ। ਭਾਰਤ ਸਰਕਾਰ ਨੂੰ ਹਰ ਚੀਜ਼ ਪਤਾ ਹੈ ਅਤੇ ਪਾਕਿਸਤਾਨ ਨੂੰ ਇਹ ਖਤਮ ਕਰਨੇ ਹੀ ਪੈਣਗੇ।’ ਉਨ੍ਹਾਂ ਕਿਹਾ, ‘ਪਾਕਿਸਤਾਨ ਦੇ ਹਾਕਮਾਂ ਵੱਲੋਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਗੁੰਮਰਾਹ ਕਰਨ ਅਤੇ ਉਨ੍ਹਾਂ ਨੂੰ ਭਾਰਤ ਖ਼ਿਲਾਫ਼ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀਓਕੇ ਕੇ ਅਵੈਧ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਭਾਰਤ ਖ਼ਿਲਾਫ਼ ਜੋ ਭੜਕਾਊ ਬਿਆਨ ਦਿੱਤਾ ਹੈ ਉਹ ਪਾਕਿਸਤਾਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਪੀਓਕੇ ਦੇ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਅੱਜ ਜੋ ਕਹਿ ਰਹੇ ਹਨ ਉਹ ਉਹੀ ਭਾਰਤ ਵਿਰੋਧੀ ਏਜੰਡਾ ਹੈ ਜੋ ਪਾਕਿਸਤਾਨ ਦੇ ਸ਼ਾਸਕ ਜ਼ਿਆ-ਉਲ-ਹੱਕ ਦੇ ਸਮੇਂ ਚੱਲ ਰਿਹਾ ਸੀ।’ ਉਨ੍ਹਾਂ ਅਖਨੂਰ ’ਚ 108 ਫੁੱਟ ਉੱਚਾ ਕੌਮੀ ਲਹਿਰਾਇਆ ਅਤੇ ਇੱਕ ਵਿਰਾਸਤੀ ਅਜਾਇਬਘਰ ਦਾ ਉਦਘਾਟਨ ਵੀ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਹਥਿਆਰਬੰਦ ਦਸਤਿਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਆਪਣੀ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਤੇ ਸੁਰੱਖਿਆ ਬਲਾਂ ਵਿਚਾਲ ਸਬੰਧਾਂ ਨੂੰ ਹੋਰ ਬਿਹਤਰ ਤੇ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਸੈਨਿਕਾਂ ਲਈ ਭਰਤੀ ’ਚ ਰਾਖਵਾਂਕਰਨ ਦਾ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ। -ਪੀਟੀਆਈ
ਰੱਖਿਆ ਮੰਤਰੀ ਨੇ ਉਮਰ ਅਬਦੁੱਲ੍ਹਾ ਦੀ ਕੀਤੀ ਸ਼ਲਾਘਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੀ ਜੰਮੂ ਕਸ਼ਮੀਰ ਤੇ ਦਿੱਲੀ ਦੇ ਲੋਕਾਂ ਵਿਚਾਲੇ ਦੂਰੀ ਘਟਾਉਣ ਦੀਆਂ ਕੋਸ਼ਿਸ਼ਾਂ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦਿੱਲੀ ਤੇ ਕਸ਼ਮੀਰ ਨਾਲ ਇੱਕੋ ਜਿਹਾ ਵਿਹਾਰ ਕਰਦੀ ਹੈ। ਉਨ੍ਹਾਂ ਕਿਹਾ, ‘ਅਤੀਤ ’ਚ ਕਸ਼ਮੀਰ ਨਾਲ (ਸਾਬਕਾ ਸਰਕਾਰਾਂ ਸਮੇਂ) ਵੱਖਰਾ ਵਿਹਾਰ ਕੀਤਾ ਗਿਆ ਜਿਸ ਕਾਰਨ ਇਸ ਖੇਤਰ ਦੇ ਸਾਡੇ ਭੈਣ-ਭਰਾ ਦਿੱਲੀ ਨਾਲ ਉਸ ਤਰ੍ਹਾਂ ਨਹੀਂ ਜੁੜ ਸਕੇ ਜਿਵੇਂ ਉਨ੍ਹਾਂ ਨੂੰ ਜੁੜਨਾ ਚਾਹੀਦਾ ਸੀ। ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅਸੀਂ ਕਸ਼ਮੀਰ ਤੇ ਦਿੱਲੀ ਦੇ ਬਾਕੀ ਹਿੱਸਿਆਂ ਵਿਚਾਲੇ ‘ਦਿਲਾਂ ਦੀ ਦੂਰੀ’ ਘਟਾਉਣ ਲਈ ਕੰਮ ਕਰ ਰਹੇ ਹਾਂ।’