ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਛੇ ਨਕਸਲੀ ਹਲਾਕ
ਬੀਜਾਪੁਰ, 27 ਮਾਰਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਛੇ ਨਕਸਲੀ ਮਾਰੇ ਗਏ ਹਨ ਜਿਨ੍ਹਾਂ ’ਚ ਇੱਕ ਡਿਪਟੀ ਕਮਾਂਡਰ ਪੁਨੇਮ ਨਾਗੇਸ਼, ਉਸ ਦੀ ਪਤਨੀ ਤੇ ਇੱਕ ਹੋਰ ਮਹਿਲਾ ਨਕਸਲੀ ਵੀ ਸ਼ਾਮਲ ਹਨ। ਪੁਲੀਸ ਅਨੁਸਾਰ ਇਸ ਦੌਰਾਨ ਹੋਈ ਗੋਲੀਬਾਰੀ ’ਚ ਕਈ ਹੋਰ ਨਕਸਲੀਆਂ ਦੇ ਜ਼ਖ਼ਮੀ ਹੋਣ ਦੀ ਵੀ ਸੰਭਾਵਨਾ ਹੈ। ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਸੀ। ਇਸ ਮੁਕਾਬਲੇ ’ਚ ਕੋਈ ਸੁਰੱਖਿਆ ਕਰਮੀ ਜ਼ਖ਼ਮੀ ਨਹੀਂ ਹੋਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਸਾਰੇ ਛੇ ਨਕਸਲੀਆਂ ’ਤੇ ਸਾਂਝੇ ਤੌਰ ’ਤੇ 14 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਸ ਮੁਕਾਬਲੇ ’ਚ ਮਾਰਿਆ ਗਿਆ ਪੁਨੇਮ ਨਾਗੇਸ਼ ਸੁਰੱਖਿਆ ਬਲਾਂ ’ਤੇ ਕੀਤੇ ਗਏ ਕਈ ਜਾਨਲੇਵਾ ਹਮਲਿਆਂ ਵਿੱਚ ਸ਼ਾਮਲ ਸੀ। ਪੁਲੀਸ ਦੇ ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਤਕਰੀਬਨ 8 ਵਜੇ ਬਾਸਾਗੁੜਾ ਥਾਣੇ ਅਧੀਨ ਪੈਂਦੇ ਇਲਾਕੇ ਦੇ ਚਿਪੁਰਭੱਟੀ ਪਿੰਡ ਨੇੜੇ ਤਾਲਪੇਰੂ ਨਦੀ ਕਿਨਾਰੇ ਜੰਗਲਾਂ ’ਚ ਹੋਇਆ ਜਦੋਂ ਸੁਰੱਖਿਆ ਕਰਮੀਆਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਚਲਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ’ਚ ਦੋ ਮਹਿਲਾ ਨਕਸਲੀਆਂ ਸਮੇਤ ਛੇ ਨਕਸਲੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇਹ ਮੁਹਿੰਮ ਚਲਾਉਣ ਵਾਲੀ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ, ਸੀਆਰਪੀਐੱਫ ਅਤੇ ਇਸ ਦੀ ਵਿਸ਼ੇਸ਼ ਇਕਾਈ ਕੋਬਰਾ ਦੇ ਜਵਾਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਟੀਮ ਜਦੋਂ ਚਿਪੁਰਭੱਟੀ ਪਿੰਡ ਨੇੜੇ ਤਾਲਪੇਰੂ ਨਦੀ ਕਿਨਾਰੇ ਪੁੱਜੀ ਤਾਂ ਨਕਸਲੀਆਂ ਨੇ ਗੋਲਬਾਰੀ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। -ਪੀਟੀਆਈ