ਜਲੰਧਰ ਵਿੱਚ ਚਾਕੂ ਦੀ ਨੋਕ ’ਤੇ ਛੇ ਮਜ਼ਦੂਰਾਂ ਤੋਂ ਨਗ਼ਦੀ ਖੋਹੀ
ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਸੋਢਲ ਰੋਡ ’ਤੇ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਾਕੂ ਦੀ ਨੋਕ ’ਤੇ ਮਜ਼ਦੂਰਾਂ ਤੋਂ 11 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਂਦੀ ਦੀ ਚੇਨ ਲੁੱਟ ਲਈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੀੜਤਾਂ ਨੇ ਐਤਵਾਰ ਦੁਪਹਿਰ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲੀਸ ਨੇ ਇਲਾਕੇ ਦੇ ਕੁਝ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਮਜ਼ਦੂਰ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲੇ ਹਨ। ਉਹ ਜਲੰਧਰ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਖਰਚੇ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਸ਼੍ਰੀ ਮਾਤਾ ਵੈਸ਼ਨੋ ਦੇਵੀ (ਜ਼ਿਲ੍ਹਾ ਕਟੜਾ, ਜੰਮੂ) ਗਏ ਸੀ। ਉਥੋਂ ਉਹ ਰੇਲ ਗੱਡੀ ਰਾਹੀਂ ਜਲੰਧਰ ਪਹੁੰਚਿਆ। ਪੀੜਤ ਜਦੋਂ ਕਾਲੀ ਮਾਤਾ ਮੰਦਿਰ ਨੇੜੇ ਪੁੱਜੇ ਤਾਂ ਆਟੋ ਵਿੱਚ ਆਏ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਚਾਕੂ ਦਿਖਾ ਕੇ ਸਾਰਿਆਂ ਨੂੰ ਡਰਾ ਦਿੱਤਾ। ਜਿਸ ਤੋਂ ਬਾਅਦ ਇਕ ਮਜ਼ਦੂਰ ਦੇ ਗਲੇ ’ਚੋਂ ਚਾਂਦੀ ਦੀ ਚੇਨ ਅਤੇ ਜੇਬ ’ਚ ਪਈ ਕਰੀਬ 11 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਮਾਮਲੇ ਵਿਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।