ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਛੇ ਕੈਡਿਟ ਐਨਡੀਏ ਤੋਂ ਪਾਸ ਆਊਟ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 30 ਨਵੰਬਰ
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਛੇ ਹੋਰ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਖੜਕਵਾਸਲਾ (ਮਹਾਰਾਸ਼ਟਰ) ਦੇ 147ਵੇਂ ਐਨਡੀਏ ਕੋਰਸ ਤੋਂ ਪਾਸ ਆਊਟ ਹੋਏ ਹਨ। ਅੱਜ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕੀਤਾ। ਤਿੰਨ ਸਾਲਾਂ ਦੀ ਸਖ਼ਤ ਟਰੇਨਿੰਗ ਪੂਰੀ ਕਰਨ ਬਾਅਦ ਇਹ ਛੇ ਕੈਡਿਟ-ਗੁਰਕੀਰਤ ਸਿੰਘ, ਬਰਜਿੰਦਰ ਸਿੰਘ, ਸੁਖਦੇਵ ਸਿੰਘ ਗਿੱਲ, ਯੁਵਰਾਜ ਸਿੰਘ ਤੋਮਰ, ਵਿਨਾਇਕ ਸ਼ਰਮਾ ਅਤੇ ਕੁਸ਼ ਪਾਂਡਿਆ-ਕਮਿਸ਼ਨਡ ਅਫ਼ਸਰ ਬਣਨ ਲਈ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਇੱਕ ਸਾਲ ਦੀ ਸਿਖਲਾਈ ਹਾਸਲ ਕਰਨਗੇ। ਆਰਮੀ ’ਚੋਂ ਸੇਵਾਮੁਕਤ ਲਾਂਸ ਨਾਇਕ ਦੇ ਪੁੱਤਰ ਗੁਰਕੀਰਤ ਸਿੰਘ ਨੇ ਪਾਸਿੰਗ ਆਊਟ ਕੋਰਸ ਦੀ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਵਿੱਚ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੇ ਐਚ ਚੌਹਾਨ ਨੇ ਕੈਡਿਟਾਂ ਨੂੰ ਉਨ੍ਹਾਂ ਦੇ ਪਾਸ ਆਊਟ ਹੋਣ ’ਤੇ ਵਧਾਈ ਦਿੱਤੀ।