ਏਟੀਐੱਮ ਵਿੱਚੋਂ ਚੋਰੀ ਮਾਮਲੇ ’ਚ ਦੋ ਔਰਤਾਂ ਸਣੇ ਛੇ ਮੁਲਜ਼ਮ ਕਾਬੂ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਅਕਤੂਬ
ਇਥੋਂ ਦੀ ਪੁਲੀਸ ਨੇ ਪਿਛਲੇ ਮਹੀਨੇ ਪਿੰਡ ਲੰਮਾ ਦੇ ਏਟੀਐੱਮ ਵਿੱਚ ਚੋਰੀ ਕਰਨ ਦੇ ਦੋਸ਼ ਹੇਠ ਦੋ ਔਰਤਾਂ ਸਣੇ ਕੁਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 17/18 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁੱਝ ਵਿਅਕਤੀਆਂ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦਾ ਪਿੰਡ ’ਚ ਲੱਗਿਆ ਏ.ਟੀ.ਐੱਮ ਗੈਸ ਕਟਰ ਨਾਲ ਕੱਟ ਕੇ ਉਸ ਵਿੱਚੋਂ 17 ਲੱਖ 14 ਹਜ਼ਾਰ 500 ਰੁਪਏ ਚੋਰੀ ਕਰ ਲਏ ਸਨ। ਇਸ ਮਾਮਲੇ ’ਚ ਪੁਲੀਸ ਨੇ ਦੋ ਔਰਤਾਂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 6 ਲੱਖ ਰੁਪਏ ਬਰਾਮਦ ਕੀਤੇ ਹਨ।
ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਇਸ ਸਬੰਧੀ ਰੱਖੀ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੇ ਏ.ਟੀ.ਐੱਮ ਨੂੰ ਗੈਸ ਕਟਰ ਨਾਲ ਕੱਟਣ ਤੋਂ ਪਹਿਲਾਂ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਉਪਰ ਕਾਲੇ ਰੰਗ ਦੀ ਸਪਰੇਅ ਕਰ ਦਿੱਤੀ ਸੀ ਤਾਂ ਜੋ ਕਿਸੇ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੀਆਂ ਦੋ ਔਰਤਾਂ ਹਰਪ੍ਰੀਤ ਕੌਰ ਹਨੀ ਪਿੰਡ 4 ਡੀ.ਡੀ ਰਾਜਸਥਾਨ ਹਾਲ ਵਾਸੀ ਸੰਤ ਵਿਹਾਰ ਹੈਬੋਵਾਲ (ਲੁਧਿਆਣਾ) ਅਤੇ ਵੀਰਪਾਲ ਕੌਰ ਜੋਤੀ ਵਾਸੀ ਮੋਗਾ ਸ਼ਹਿਰ ਹਾਲ ਵਾਸੀ ਕਿਰਾਏਦਾਰ ਕ੍ਰਿਸ਼ਨਾ ਨਗਰ (ਲੁਧਿਆਣਾ) ਅਤੇ ਫਿਰ ਹਰਪ੍ਰੀਤ ਸਿੰਘ ਰੂਬੀ, ਸੰਦੀਪ ਸਿੰਘ ਉਰਫ ਸੀਪੂ ਦੋਵੇਂ ਵਾਸੀ ਪਿੰਡ ਸਰਾਭਾ, ਮਨਪ੍ਰੀਤ ਸਿੰਘ ਵਾਸੀ ਮੋਗਾ ਤੇ ਰਾਜਵਿੰਦਰ ਸਿੰਘ ਵਾਸੀ ਪਿੰਡ ਬੱਲੂਆਣਾ(ਬਠਿੰਡਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਗਰੋਹ ਕੋਲੋਂ ਚੋਰੀ ਸਮੇਂ ਵਰਤਿਆ ਗੈਸ ਸਲੰਡਰ, ਗੈਸ ਨਿਊਜਲ, ਲੁੱਟੀ ਹੋਈ ਰਕਮ ਵਿੱਚੋਂ 6 ਲੱਖ ਰੁਪਏ, ਬੁੱਲੇਟ ਮੋਟਰਸਾਈਕਲ, ਐਕਟਿਵਾ ਸਕੂਟਰ ਆਦਿ ਬਰਾਮਦ ਕੀਤੇ ਹਨ। ਮੁਲਜ਼ਮਾਂ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਜਵਿੰਦਰ ਸਿੰਘ ਵਾਸੀ ਬੱਲੂਆਣਾ (ਬਠਿੰਡਾ) ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆ ’ਚ 9 ਅਪਰਾਧਕ ਕੇਸ ਪਹਿਲਾਂ ਹੀ ਦਰਜ ਹਨ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਤੋਂ ਬਿਨਾਂ ਹੋਰ ਕਿਹੜਾ ਸਾਥੀ ਫਰਾਰ ਹੈ।