ਸ਼ੰਭੂ ਬਾਰਡਰ ’ਤੇ ਹਾਲਾਤ ਸ਼ਾਂਤ; ਸੁਰੱਖਿਆ ਪ੍ਰਬੰਧ ਸਖ਼ਤ
ਰਤਨ ਸਿੰਘ ਢਿੱਲੋਂ
ਅੰਬਾਲਾ, 7 ਦਸੰਬਰ
ਇੱਥੇ ਅੱਜ ਸ਼ੰਭੂ ਬਾਰਡਰ ’ਤੇ ਸਥਿਤੀ ਸ਼ਾਂਤੀਪੂਰਵਕ ਰਹੀ। ਇੱਥੇ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕਿਸੇ ਨੂੰ ਵੀ ਸ਼ੰਭੂ ਬਾਰਡਰ ਵੱਲ ਜਾਣ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕੂਚ ਦੇ ਮੱਦੇਨਜ਼ਰ ਕੱਲ੍ਹ ਹਰਿਆਣਾ ਪੁਲੀਸ ਅਤੇ ਕਿਸਾਨਾਂ ਵਿਚਕਾਰ ਕਈ ਘੰਟੇ ਸੰਘਰਸ਼ ਚਲਦਾ ਰਿਹਾ ਅਤੇ ਅਖੀਰ ਆਗੂਆਂ ਨੇ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਸੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਭਲਕੇ ਦੂਜਾ ਜਥਾ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਦੇਖਦਿਆਂ ਅੱਜ ਬਾਰਡਰ ’ਤੇ ਪ੍ਰਸ਼ਾਸਨ ਨੇ ਜਲ ਤੋਪ ਦੀ ਜਾਂਚ ਕੀਤੀ ਹੈ ਕਿਉਂਕਿ ਜੇ ਭਲਕੇ ਇਸ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਹਰਿਆਣਾ ਪੁਲੀਸ ਨੇ ਕੱਲ੍ਹ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕਿਸਾਨਾਂ ਨੇ ਪੁਲੀਸ ਮੋਰਚੇ ਦੀਆਂ ਜਾਲੀਆਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਉੱਤੇ ਚੜ੍ਹ ਕੇ ਨੁਕਸਾਨ ਪਹੁੰਚਾਇਆ। ਅੱਜ ਪੁਲੀਸ ਵੱਲੋਂ ਇਨ੍ਹਾਂ ਜਾਲੀਆਂ ਦੀ ਵੈਲਡਿੰਗ ਕੀਤੀ ਗਈ ਹੈ ਤਾਂ ਕਿ ਮੋਰਚੇ ਨੂੰ ਕਿਸਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਅਤੇ 11 ਫਰਵਰੀ ਨੂੰ ਹਰਿਆਣਾ ਪੁਲੀਸ ਵੱਲੋਂ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਅੱਜ ਤੱਕ ਦਿੱਲੀ ਅੰਮ੍ਰਿਤਸਰ ਹਾਈਵੇਅ ਬੰਦ ਪਿਆ ਹੈ ਜਿਸ ਦੇ ਚਲਦਿਆਂ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਤਰਕਾਰਾਂ ਨੂੰ ਕਿਲੋਮੀਟਰ ਦੂਰ ਰਹਿਣ ਦੀ ਹਦਾਇਤ
ਪਟਿਆਲਾ (ਖੇਤਰੀ ਪ੍ਰਤੀਨਿਧ): ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਸੰਘਰਸ਼ ਦੌਰਾਨ ਮੀਡੀਆ ਕਰਮੀਆਂ ਨੂੰ ਇੱਕ ਕਿਲੋਮੀਟਰ ਦੀ ਦੂਰੀ ’ਤੇ ਰੱਖਿਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ 6 ਦਸੰਬਰ ਨੂੰ ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ਦੌਰਾਨ ਹਰਿਆਣਾ ਪੁਲੀਸ ਨੂੰ ਸ਼ੰਭੂ ਬਾਰਡਰ ’ਤੇ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਦਸਤੇ ਤਾਇਨਾਤ
ਰੇਲਵੇ ਨੇ ਟਰੈਕ ਦੀ ਸੁਰੱਖਿਆ ਵਧਾ ਦਿੱਤੀ ਹੈ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਸ਼ੰਭੂ ਬਾਰਡਰ ਦੇ ਕੋਲ ਰੇਲਵੇ ਟਰੈਕ ਦੀ ਨਿਗਰਾਨੀ ਲਈ ਡੀਐੱਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ 50 ਤੋਂ ਵੱਧ ਜੀਆਰਪੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਸ਼ੰਭੂ ਬਾਰਡਰ ’ਤੇ ਕੱਲ੍ਹ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਵੇਂ ਕਿਸਾਨਾਂ ਅਤੇ ਪੁਲੀਸ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ ਪਰ ਇਸ ਦੌਰਾਨ ਰੇਲ ਗੱਡੀਆਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ ਹਾਲਾਂਕਿ ਡਰਾਈਵਰਾਂ ਨੂੰ ਵਿਸ਼ੇਸ਼ ਹਦਾਇਤ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੂੰ ਰੇਲਵੇ ਟਰੈਕ ’ਤੇ ਕਿਸਾਨ ਨਜ਼ਰ ਆਉਣ ਤਾਂ ਉਹ ਗੱਡੀ ਅੱਗੇ ਨਾ ਵਧਾਉਣ। ਇਸ ਤੋਂ ਬਿਨਾਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋ ਦਸਤੇ ਨਾਲ ਆਰਪੀਐੱਫ ਦੀਆਂ ਟੀਮਾਂ ਲਾਈਆਂ ਗਈਆਂ ਹਨ।