Mock Drill: ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਪਏ ਲਾਵਾਰਿਸ ਬੈਗ ਮਿਲਣ ਕਾਰਨ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ
ਰਤਨ ਸਿੰਘ ਢਿੱਲੋਂ
ਅੰਬਾਲਾ, 25 ਦਸੰਬਰ
ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ’ਤੇ ਲਾਵਾਰਿਸ ਬੈਗ ਪਿਆ ਹੋਣ ਦੀ ਖ਼ਬਰ ਨਾਲ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੈਂਟ ਰੇਲਵੇ ਸਟੇਸ਼ਨ ’ਤੇ ਪਾਰਸਲ ਦਫ਼ਤਰ ਦੇ ਬਾਹਰ ਇੱਕ ਲਾਵਾਰਿਸ ਬੈਗ ਪਿਆ ਹੈ। ਇਸ ਵਿੱਚ ਵਿਸਫੋਟਕ ਵੀ ਹੋ ਸਕਦਾ ਹੈ। ਸੂਚਨਾ ਮਿਲਦੇ ਹੀ ਜੀਆਰਪੀ ਸਣੇ ਬੰਬ ਨਿਰੋਧਕ ਦਸਤੇ ਦੀ ਟੀਮ ਅਤੇ ਆਰਪੀਐੱਫ ਦਾ ਦਸਤਾ ਮੌਕੇ ’ਤੇ ਪਹੁੰਚ ਗਿਆ। ਜਦੋਂ ਇਸ ਲਾਵਾਰਿਸ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਫਟੇ-ਪੁਰਾਣੇ ਕੱਪੜੇ ਮਿਲੇ ਜੋ ਕਿ ਮੌਕ ਡਰਿੱਲ ਤਹਿਤ ਬੈਗ ਵਿੱਚ ਰੱਖੇ ਗਏ ਸਨ।
ਦਰਅਸਲ ਸੁਰੱਖਿਆ ਏਜੰਸੀਆਂ ਨੇ ਕ੍ਰਿਸਮਸ ਅਤੇ ਨਵੇਂ ਸਾਲ ਲਈ ਮੌਕ ਡਰਿੱਲ ਦੀ ਯੋਜਨਾ ਤਿਆਰ ਕੀਤੀ ਸੀ। ਇਸ ਦਾ ਉਦੇਸ਼ ਯਾਤਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਜਗਾਉਣਾ ਅਤੇ ਉਨ੍ਹਾਂ ਨੂੰ ਇਹ ਦੱਸਣਾ ਸੀ ਕਿ ਕਿਵੇਂ ਚੌਕਸ ਰਹਿੰਦਿਆਂ ਕਿਸੇ ਵੱਡੀ ਘਟਨਾ ਨੂੰ ਟਾਲਿਆ ਜਾ ਸਕਦਾ ਹੈ। ਬਾਅਦ ਦੁਪਹਿਰ ਕਰੀਬ 2.30 ਵਜੇ ਸ਼ੁਰੂ ਹੋਈ ਮੌਕ ਡਰਿੱਲ ਬਾਅਦ ਦੁਪਹਿਰ 3.30 ਤੱਕ ਇੱਕ ਘੰਟਾ ਜਾਰੀ ਰਹੀ। ਇਸ ਦੌਰਾਨ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਮਦਦ ਨਾਲ ਰੇਲਵੇ ਸਟੇਸ਼ਨ ਦੇ ਅਹਾਤੇ, ਕਾਰ ਪਾਰਕਿੰਗ, ਪਾਰਸਲ, ਪਲੈਟਫਾਰਮ, ਰਿਟਾਇਰਿੰਗ ਰੂਮ, ਖਾਣ-ਪੀਣ ਦੇ ਸਟਾਲਾਂ ਦਾ ਨਿਰੀਖਣ ਕੀਤਾ ਗਿਆ।
ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਮੌਕ ਡਰਿੱਲ ਦੀ ਇਹ ਪਹਿਲੀ ਕਾਰਵਾਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੁਰੱਖਿਆ ਟੀਮਾਂ ਕਈ ਵਾਰ ਅਚਨਚੇਤ ਨਿਰੀਖਣ ਕਰ ਚੁੱਕੀਆਂ ਹਨ। ਅੱਜ ਦੀ ਕਾਰਵਾਈ ਬਾਰੇ ਜੀਆਰਪੀ ਥਾਣੇ ਦੇ ਮੁਖੀ ਧਰਮਬੀਰ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਅਤੇ ਕ੍ਰਿਸਮਸ ਨੂੰ ਮੁੱਖ ਰੱਖਦੇ ਹੋਏ ਕੈਂਟ ਰੇਲਵੇ ਸਟੇਸ਼ਨ ’ਤੇ ਮੌਕ ਡਰਿੱਲ ਕੀਤੀ ਗਈ। ਇਸ ਵਿੱਚ ਬੰਬ ਨਿਰੋਧਕ ਦਸਤੇ ਦੀ ਮਦਦ ਲਈ ਗਈ ਹੈ। ਇਸ ਦਾ ਉਦੇਸ਼ ਯਾਤਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸੀ। ਇਸ ਦੌਰਾਨ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਆਸ-ਪਾਸ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਣ ’ਤੇ ਉਹ ਤੁਰੰਤ ਨਜ਼ਦੀਕੀ ਪੁਲੀਸ ਮੁਲਾਜ਼ਮਾਂ ਨੂੰ ਸੂਚਿਤ ਕਰਨ।