ਭੈਣਾਂ ਹੁੰਦੀਆਂ ਨੇ ਮਾਣ ਭਰਾਵਾਂ ਦਾ
ਰਾਜਿੰਦਰ ਸਿੰਘ ਚਾਹਲ
ਭੈਣਾਂ ਹੁੰਦੀਆਂ ਨੇ ਮਾਣ ਭਰਾਵਾਂ ਦਾ, ਭਰਾਵਾਂ ਨਾਲ ਰਾਹਵਾਂ ਜੱਗ ’ਤੇ।
ਤੋੜ ਦਿਓ ਨਾ ਭਰਾਵੋ ਦਿਲ ਭੈਣਾਂ ਦਾ, ਵੇ ਥੋਡੇ ਨਾਲ ਛਾਵਾਂ ਜੱਗ ’ਤੇ।
ਭਾਬੋ ਰਾਣੀ ਦੇ ਬਗ਼ੀਚੇ ਦੀਆਂ ਰੌਣਕਾਂ ਦੀ ਸਦਾ ਗੁਲਜ਼ਾਰ ਮੰਗਦੀ।
ਸੁਖੀ ਵਸੇ ਅੰਮੀਏ ਨੀ ਤੇਰਾ ਵਿਹੜਾ ਮੈਂ ਰਹਾਂ ਸੁਖਸਾਂਦ ਮੰਗਦੀ।
ਤੱਤੀ ਵਾਅ ਨਾ ਲੱਗੇ ਬਾਬਲ ਦੇ ਘਰ ਨੂੰ, ਮੇਰੀਆਂ ਦੁਆਵਾਂ ਜੱਗ ’ਤੇ,
ਤੋੜ ਦਿਓ ਨਾ ਭਰਾਵੋ ਦਿਲ ਭੈਣਾਂ ਦਾ, ਵੇ ਥੋਡੇ ਨਾਲ ਛਾਵਾਂ ਜੱਗ ’ਤੇ।
ਆਵੇ ਜਦੋਂ ਵੀ ਤਿਉਹਾਰ ਸੋਹਣਾ ਰੱਖੜੀ, ਮੈਂ ਚਾਈਂ ਚਾਈਂ ਆਵਾਂ ਵੀਰਨਾ।
ਸੋਹਣੀ ਰੱਖੜੀ ਸਜਾ ਕੇ ਤੇਰੇ ਗੁੱਟ ’ਤੇ ਮੈਂ ਖ਼ੁਸ਼ੀਆਂ ਮਨਾਵਾਂ ਵੀਰਨਾ।
ਦੇਂਦਾ ਰਹੀਂ ਵੇ ਸੁਨੇਹਾ ਸੁਖਸਾਂਦ ਦਾ ਬਨੇਰੇ ਬੈਠ ਕਾਵਾਂ ਜੱਗ ’ਤੇ,
ਤੋੜ ਦਿਓ ਨਾ ਭਰਾਵੋ ਦਿਲ ਭੈਣਾਂ ਦਾ, ਵੇ ਥੋਡੇ ਨਾਲ ਛਾਵਾਂ ਜੱਗ ’ਤੇ।
ਵੇ ਲੋਕੋ! ਅੱਜ ਦੇ ਸਵਾਰਥੀ ਸਮਾਜ ’ਚ ਨੇ ਰਿਸ਼ਤੇ ਵੀਰਾਨ ਹੋ ਗਏ।
ਨਹੀਂਓ ਲਿਫਦੇ ਪਿਆਰ ਵਿੱਚ ਆਣ ਕੇ, ਪੱਥਰਾਂ ਸਮਾਨ ਹੋ ਗਏ।
ਹੁਣ ਪਹਿਲਾਂ ਵਾਂਗ ਹੁੰਦੀਆਂ ਨਾ ਭੈਣਾਂ ਨਾਲ ਬੈਠ ਕੇ ਸਲਾਹਵਾਂ ਜੱਗ ’ਤੇ।
ਤੋੜ ਦਿਓ ਨਾ ਭਰਾਵੋ ਦਿਲ ਭੈਣਾਂ ਦਾ, ਵੇ ਥੋਡੇ ਨਾਲ ਛਾਵਾਂ ਜੱਗ ’ਤੇ।
ਵਿੱਚ ਬੈਠ ਕੇ ਜਵਾਹਰਵਾਲੇ ਪਿੰਡ ਦੇ ਚਹਿਲ ਸੁੱਚੇ ਗੀਤ ਲਿਖਦਾ।
ਦੇ ਕੇ ਗੁੜ੍ਹਤੀ ਪਿਆਰ ਭਿੱਜੀ ਸ਼ਬਦਾਂ ਨੂੰ, ਨਾਲ ਹੈ ਪ੍ਰੀਤ ਲਿਖਦਾ।
ਦੀਵਾ ਬਾਲ ਕੇ ਮੁਹੱਬਤਾਂ ਦਾ ਦਿਲ ’ਚ ਬਣਾਈ ਜਾਵੇ ਥਾਵਾਂ ਜੱਗ ’ਤੇ।
ਤੋੜ ਦਿਓ ਨਾ ਭਰਾਵੋ ਦਿਲ ਭੈਣਾਂ ਦਾ, ਵੇ ਥੋਡੇ ਨਾਲ ਛਾਵਾਂ ਜੱਗ ’ਤੇ।
ਸੰਪਰਕ: 94639-84714
* * *
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ...
ਨਿਰਮਲ ਸਿੰਘ ਰੱਤਾ
ਸਾਲ ਪਿੱਛੋਂ ਆਉਂਦਾ, ਇੱਕ ਵਾਰ ਵੀਰਨਾ
ਰੱਖੜੀ ਦਾ ਸੋਹਣਾ, ਹੈ ਤਿਉਹਾਰ ਵੀਰਨਾ
ਪਰ ਤੂੰ ਕੈਨੇਡਾ, ਗਿਆ ਵੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਭੈਣ ਤੇ ਭਰਾ ਦੀ, ਹੈ ਤਮੰਨਾ ਰੱਖੜੀ
ਚਿੱਤ ਕਰੇ ਅੱਜ, ਤੈਨੂੰ ਬੰਨ੍ਹਾਂ ਰੱਖੜੀ
ਖੜ੍ਹੀ ਮੈਂ ਉਡੀਕਾਂ, ਆਜਾ ਨੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਕਿਹੜੀ ਮਜਬੂਰੀ, ਜੋ ਵਿਦੇਸ਼ ਵੱਸਿਆ
ਭੈਣ ਨੂੰ ਕਦੇ ਨਾ, ਅੱਜ ਤੱਕ ਦੱਸਿਆ
ਖੋਲ੍ਹ ਰਾਜ਼ ਕਦੇ, ਤਾਂ ਰਹੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਚਾਂਦੀ ਦੀ ਬਣਾ ਕੇ, ਸਾਂ ਲਿਆਈ ਰੱਖੜੀ
ਸੋਹਣੇ ਤੇਰੇ ਗੁੱਟ ’ਤੇ, ਸਜਾਈ ਰੱਖੜੀ
ਵੇਖ ਫੋਟੋ ਰੋ ਕੇ, ਲੈਂਦੀ ਹੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਇੱਕ ਇੱਕ ਧਾਗੇ ’ਚੋਂ, ਪਿਆਰ ਲੱਭ ਕੇ
ਫ਼ਰਜ਼ ਕਿਸੇ ’ਚੋਂ, ਅਧਿਕਾਰ ਲੱਭ ਕੇ
ਕਰਕੇ ਪਛਾਣ, ਖੱਟ ਜੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਡਾਲਰਾਂ ਦੇ ਉੱਤੇ, ਕਾਹਨੂੰ ਜਾਵੇਂ ਡੁੱਲ੍ਹਿਆ
ਕੰਮ ਤੈਨੂੰ ਚੇਤੇ, ਪਰ ਭੈਣ ਭੁੱਲਿਆ
ਹੋਈ ਮਜਬੂਰ, ਹਾਂ ਬੇਵੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਅੰਮੜੀ ਦਾ ਜਾਇਆ, ਖ਼ੁਸ਼ ਰਹੇ ਮਾਲਕਾ
ਤੱਤੀ ’ਵਾ ਕਦੇ ਵੀ, ਉਹ ਨਾ ਸਹੇ ਮਾਲਕਾ
ਮੰਗਦੀ ਦੁਆਵਾਂ, ਇਹੋ ਬੱਸ ਵੀਰਿਆ
ਰੱਖੜੀ ਮੈਂ ਬੰਨ੍ਹਾਂ, ਕੀਹਨੂੰ ਦੱਸ ਵੀਰਿਆ।
ਸੰਪਰਕ: 84270-07623
* * *
ਸੁਨਹਿਰੀ ਰੱਖੜੀ
ਰਣਜੀਤ ਆਜ਼ਾਦ ਕਾਂਝਲਾ
ਸੋੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ।
ਭੈਣ ਕੋੋਲੋਂ ਵੀਰ ਵੇ ਬੰਨ੍ਹਾ ਲੈੈ ਰੱਖੜੀ...।।
ਇਹਦੇ ਵਿੱਚ ਵੀਰ ਵੇ ਮੁਰਾਦਾਂ ਮੇਰੀਆਂ।
ਸਾਂਭ ਸਾਂਭ ਰੱਖੀਆਂ ਮੈਂ ਯਾਦਾਂ ਤੇਰੀਆਂ।
ਚਾਵਾਂ ਨਾਲ ਗੁੱਟ ’ਤੇ ਬੰਨ੍ਹਾ ਲੈ ਰੱਖੜੀ...।।
ਰਾਖੀ ਬੰਨ੍ਹੀ ਦੀ ਸਦਾ ਰੱਖੀਂ ਲਾਜ ਵੇ।
ਸੀਸ ਉੱਤੇ ਪਹਿਨੀ ਸਦਾ ਸੁੱਚਾ ਤਾਜ ਵੇ।
ਚਮਕ-ਦਮਕ ਵਾਲੀ ਗਈ ਭਾਅ ਰੱਖੜੀ।
ਹੀਰਿਆਂ ਜੜੀ ਰੱਖੜੀ ਹੈ ਚਮਕਾਂ ਮਾਰਦੀ।
ਸਾਂਝ ਇਹ ਨਿਆਰੀ ਭੈਣਾਂ ਦੇ ਪਿਆਰ ਦੀ।
ਖ਼ੁਸ਼ੀ ਖ਼ੁਸ਼ੀ ਕਲਾਈ ’ਤੇ ਬੰਨ੍ਹਾ ਲੈ ਰੱਖੜੀ...।।
ਮਿੱਠੇ ਜਿਹੇ ਮੂੰਹ ’ਚ ਮਠਿਆਈ ਪਾਉਂਦੀ ਆਂ।
ਲੰਮੀ ਤੇਰੀ ਆਯੂ ਲਈ ਅਰਜ਼ ਗੁਜਾਉਂਦੀ ਆਂ।
ਚੁੰਮ ਕੇ ਮੱਥੇੇ ਦੇ ਨਾਲ ਲਾ ਲੈ ਰੱਖੜੀ...।।
ਵੀਰਾ ਤੇਰਾ ਖੇੜਾ ਸਦਾ ਰਹੇ ਵੱਸਦਾ।
ਰਹੇ ਵੱਸਦਾ ਤੇ ਨਾਲੇ ਰਹੇ ਹੱਸਦਾ।
ਪਿਆਰ ਦੀ ਸੌਗਾਤ ਸੀਨੇੇ ਲਾ ਲੈੈ ਰੱਖੜੀ...।।
‘ਆਜ਼ਾਦ’ ਜਿਹੇ ਵੀਰਾਂ ਉੱਤੇ ਪੂਰਾ ਮਾਣ ਹੈ।
ਦੇਸ਼ ਕੌੌਮ ਦੀ ਉਚੇਰੀ ਜਿਨ੍ਹਾਂ ਕਰਨੀ ਸ਼ਾਨ ਹੈ।
ਮੁੱਲ ਪਿਆਰ ਵਾਲਾ ਜਾਂਦੀ ਹੈ ਪਾ ਰੱਖੜੀ।
ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ...।।
ਸੰਪਰਕ: 94646-97781
* * *
ਕੋਈ ਤਾਂ
ਮਨਜੀਤ ਪਾਲ ਸਿੰਘ
ਲਹਿਰਾ ਕੇ ਖੰਜਰ ਹਵਾ ਵਿੱਚ, ਕਾਤਿਲ ਨੇ ਸੋਚਿਆ ਹੋਣੈ।
ਕੋਈ ਸਿਰ ਤਾਂ ਕਟਣ ਲਈ, ਮਕਤਲ ’ਚ ਪਹੁੰਚਿਆ ਹੋਣੈ।
ਸ਼ਰਮਿੰਦਾ ਹੋ ਚੁੰਧਿਆ ਗਈ ਹੋਣੀ ਏ ਜ਼ਾਲਿਮ ਨਜ਼ਰ,
ਕਿਸੇ ਜਾਂਬਾਜ਼ ਅੱਖ ਅੰਦਰ, ਜਦ, ਖੰਡਾ ਲਿਸ਼ਕਿਆ ਹੋਣੈ।
ਕੀ ਜਾਣਾਂ! ਹੋਣੇ ਵਿਲਕਦੇ, ਕਿੰਨੇ ਕੁ ਸੀਨੇ ਵਿੱਚ ਰੁਦਨ
ਕਹਿਣ ਨੂੰ ਤਾਂ ਬਹਿ ਬ੍ਰਿਖ ’ਤੇ, ਪਰਿੰਦਾ ਚਹਿਕਿਆ ਹੋਣੈ।
ਕਿੰਨੀਆਂ ਉਡਾਣਾਂ ਦਾ ਸਿਤਮ, ਬੇਰਹਿਮ ਹੋ ਟਕਰਾਅ ਗਿਆ
ਅਜ਼ਲ ਤੋਂ ਹੀ ਥੋੜ੍ਹੀ, ਭਲਾ, ਇਹ ਅੰਬਰ ਤਿੜਕਿਆ ਹੋਣੈ।
ਸਥਿਰ ਹੈ ਸੂਰਜ ਤਾਂ ਸਦਾ, ਝੁਕ ਜਾਏ ਸਾਗਰ ’ਤੇ ਕਿਵੇਂ
ਢਲ਼ ਗਈਆਂ ਧੁੱਪਾਂ ਨੇ ਜੇ, ਇਹ ਸਮੁੰਦਰ ਛਲਕਿਆ ਹੋਣੈ।
ਸੰਪਰਕ: 96467-13135
* * *
ਇਹ ਕਿਨ੍ਹਾਂ ਦੇ ਨੇ ਬੱਚੇ?
ਰੰਜੀਵਨ ਸਿੰਘ
ਲਾਉਂਦੇ ਅੱਗਾਂ
ਸਾੜਦੇ ਘਰ
ਲੁੱਟਣ ਦੁਕਾਨਾਂ
ਤਹਿਸ-ਨਹਿਸ ਨੇ ਕਰਦੇ
ਜੋ ਆਸਥਾ-ਘਰ ਦੂਜਿਆਂ ਦੇ
ਇਹ ਕਿਨ੍ਹਾਂ ਦੇ ਨੇ ਬੱਚੇ?
ਬਣਦੇ ਹਜ਼ੂਮ
ਬੇਪੱਤ ਕਰਦੇ ਜੋ ਧੀਆਂ
ਕੋਹਰਾਮ ਮਚਾਉਂਦੇ
ਲਹਿਰਾਉਂਦੇ ਤਲਵਾਰਾਂ ਤੇ ਬਰਛੇ
ਕਰਦੇ ਜੋ ਖ਼ੌਫ਼ਜ਼ਦਾ ਦੂਜਿਆਂ ਨੂੰ
ਇਹ ਕਿਨ੍ਹਾਂ ਦੇ ਨੇ ਬੱਚੇ?
ਨਫ਼ਰਤੀ ਬੋਲਾਂ ਨਾਲ ਲਬਰੇਜ਼
ਉਤਾਰ ਅੱਖਾਂ ਵਿੱਚ ਲਹੂ
ਹੋਏ ਖ਼ੂਨ ਦੇ ਪਿਆਸੇ
ਤਾਲੀਮ, ਰੁਜ਼ਗਾਰ ਦੀ
ਜੋ ਕਰਦੇੇ ਨਾ ਗੱਲ
ਇਹ ਕਿਨ੍ਹਾਂ ਦੇ ਨੇ ਬੱਚੇ?
ਯਕੀਨਨ
ਨੇਤਾਵਾਂ
ਅਫ਼ਸਰਾਂ
ਧਨਾਢਾਂ
ਧਰਮੀ ਠੇਕੇਦਾਰਾਂ ਦੇ
ਨਹੀਂ ਹਨ ਇਹ ਬੱਚੇ
ਤਾਂ ਫਿਰ
ਇਹ ਕਿਨ੍ਹਾਂ ਦੇ ਨੇ ਬੱਚੇ?
ਕਿਨ੍ਹਾਂ ਦੇ...
ਸੰਪਰਕ: 98150-68816
* * *
ਜਾਗੋ
ਮੋਹਨ ਸ਼ਰਮਾ
(ਨਸ਼ਿਆਂ ਵਿਰੁੱਧ ਪ੍ਰਚੰਡ ਹੋਈ ਲੋਕ ਲਹਿਰ ਦੇ ਨਾਂ)
ਜਾਗ ਅਮਲੀਆ ਜਾਗ ਬਈ
ਹੁਣ ਜਾਗੋ ਆਈ ਐ।
ਆਹੋ ਬਈ ਹੁਣ ਜਾਗੋ ਆਈ ਐ।
ਨਸ਼ਿਆਂ ਨੇ ਬਰਬਾਦ ਹੈ ਕਰਨਾ।
ਅੰਤ ਨੂੰ ਤੂੰ ਹੈ ਛੇਤੀ ਮਰਨਾ।
ਛੱਡ ਖਹਿੜਾ ਤੂੰ ਖਾਣ ਪੀਣ ਦਾ,
ਇਹ ਤਾਂ ਇੱਕ ਬੁਰਾਈ ਐ।
ਬਈ ਹੁਣ...
ਕਿਉਂ ਢੇਰੀ ਤੂੰ ਢਾਹ ਕੇ ਬਹਿ ਗਿਆ?
ਕਿਉਂ ਕਹਿੰਨੈ ਤੂੰ ਫਾਡੀ ਰਹਿ ਗਿਆ?
ਹਿੰਮਤ ਵਾਲਿਆਂ ਆਪਣੀ ਕਿਸਮਤ
ਆਪਣੇ ਆਪ ਬਣਾਈ ਐ।
ਬਈ ਹੁਣ...
ਸਭ ਨੂੰ ਇਹੋ ਹੋਕਾ ਦੇਈਏ
ਨਸ਼ਿਆਂ ਤੋਂ ਬਸ ਦੂਰ ਹੀ ਰਹੀਏ।
ਇਸੇ ਵਿੱਚ ਹੀ ਸਾਡੀ ਸਭ ਦੀ
ਹੋਣੀ ਬਹੁਤ ਭਲਾਈ ਐ।
ਬਈ ਹੁਣ...
ਕਿਉਂ ਨਸ਼ਿਆਂ ਦੀ ਵਰਤੋਂ ਕਰਦੈਂ?
ਧਰਤੀ ਮਾਂ ਕਿਉਂ ਗਹਿਣੇ ਧਰਦੈਂ?
ਤੇਰੇ ਵਰਗੇ ਠੀਕ ਕਰਨ ਲਈ
ਅਸਾਂ ਨੇ ਲਹਿਰ ਚਲਾਈ ਐ।
ਬਈ ਹੁਣ...
ਇਹ ਜੀਵਨ ਅਨਮੋਲ ਹੈ ਯਾਰਾ।
ਪੈਰਾਂ ਵਿੱਚ ਤੂੰ ਰੋਲ ਨਾ ਯਾਰਾ।
ਨਸ਼ਿਆਂ ਕਰਕੇ ਅੱਗੇ ਟੋਆ
ਪਿੱਛੇ ਤੇਰੇ ਖਾਈ ਐ
ਬਈ ਹੁਣ...
ਘਰਦਿਆਂ ਨੇ ਸਤਿਕਾਰ ਹੈ ਕਰਨਾ।
ਲੋਕਾਂ ਨੇ ਵੀ ਪਿਆਰ ਹੈ ਕਰਨਾ।
ਸਭ ਪਾਸਿਆਂ ਤੋਂ ਨਸ਼ਾ ਛੱਡਣ ਤੇ
ਮਿਲਣੀ ਬਹੁਤ ਵਧਾਈ ਐ।
ਬਈ ਹੁਣ...
ਅੱਜ ਤੋਂ ਬਸ ਤੂੰ ਸਹੁੰ ਹੀ ਪਾ ਲੈ।
ਆਪਣੇ ਬੱਚੇ ਗਲ ਨਾਲ ਲਾ ਲੈ।
ਪਰਿਵਾਰ ਸੁਖੀ ਤਾਂ ਸੁਰਗ ਦਾ ਝੂਟਾ
ਇਹ ਤਾਂ ਇੱਕ ਸਚਾਈ ਐ
ਬਈ ਹੁਣ ਜਾਗੋ ਆਈ ਐ।
ਸੰਪਰਕ: 94171-48866
* * *
ਮੁਹੱਬਤ
ਰਮਨਦੀਪ ਵਿਰਕ
ਮੁਹੱਬਤ ਦਮ ਘੁਟਦੀ ਹੈ ਆਪਣਾ
ਜਦ ਇਸਦੀ ਤੌਹੀਨ ਹੁੰਦੀ
ਹਰ ਰਿਸ਼ਤੇ ਨੂੰ ਸਿੰਝਣ ਲਈ
ਵੱਖੋ ਵੱਖਰੀ ਜ਼ਮੀਨ ਹੁੰਦੀ
ਪਰ ਜ਼ਰ ਵੀ ਕਿਸੇ ਅਹਿਸਾਸ ਦਾ
ਜਲ ਸਰੋਤ ਚਾਹੁੰਦੀ ਹੈ
ਹੋਵੇ ਜਦ ਭਰਪੂਰ ਤਾਂ
ਫ਼ਸਲ ਲਹਿਲਹਾਉਂਦੀ ਐ
ਹਰ ਹਿੱਸਾ ਜੀਕਣ ਜਿਸਮ ਦਾ
ਆਪਣਾ ਫ਼ਰਜ਼ ਨਿਭਾਉਂਦਾ ਹੈ
ਹੋਵੇ ਕੋਈ ਅੰਗ ਨਕਾਰਾ ਤਾਂ
ਅੰਗਹੀਣ ਕਹਾਉਂਦਾ ਹੈ
ਦਿਲ ਜੇ ਬੁਝ, ਮਰ ਜਾਵੇ ਤਾਂ
ਫਿਰ ਧੜਕਣ ਕੀ ਤੇ ਲਰਜ਼ਣ ਕੀ
ਪਿਆਰ ਫ਼ਰਜ਼ ਦਾ ਅਰਥ ਹੀ ਕੀ
ਸ਼ਰਮਾਂ ਵਾਲ਼ੀ ਵਰਜਣ ਕੀ
ਬੁਝੇ ਹੋਏ ਅੰਗਿਆਰ ’ਤੇ
ਜਦ ਕੋਈ ਜੋਗੀ ਅਲਖ ਜਗਾਵੇ
ਫਿਰ ਤੋਂ ਉਹ ਅੰਗਹੀਣ ਜੇ
ਮੁੜ ਹਰਕਤ ਵਿੱਚ ਆਵੇ
ਕਿਉਂ ਨਾ ਉਸ ਜੋਗੀ ਨੂੰ ਚਾਹਵੇ!
ਜੋਗੀ ਨੇ ਕਿਉਂ ਅਲਖ ਜਗਾਈ
ਕਿਉਂ ਜੋਗਣ ’ਤੇ ਸ਼ਰਤ ਲਗਾਈ!
ਹੁਣ ਜੋਗਣ ਫਿਰ ਮੋਈ ਮੋਈ
ਲੱਭਦੀ ਖ਼ੁਦ ਨੂੰ ਖ਼ੁਦ ਹੀ ਖੋਈ
ਮੰਝਧਾਰ ਵਿੱਚ ਰਹਿ ਜਾਣੀ ਏ
ਪਾਰ ਨਾ ਹੋਣੀ ਮੁੱਕ ਜਾਣੀ ਏ
ਪੜ੍ਹਦੇ ਸੁਣਦੇ ਰਹਿਣਾ ਦੁਨੀਆਂ
ਚਾਵਾਂ ਦੀ ਕੁੱਖ ਸੁੱਕ ਜਾਣੀ ਏ
ਇਹੀ ਸਿਲਸਿਲਾ ਰਹਿਣਾ ਏ
ਜਦ ਤੱਕ ਨਾ ਵਫ਼ਾ ਨੂੰ ਵਫ਼ਾ ਮਿਲ਼ੇ
ਚਲਦੇ ਰਹਿਣੇ ਨਿਰਵਿਘਨ
ਇਹ ਭਟਕਣਾ ਦੇ ਕਾਫ਼ਲੇ...