ਸਿਰਸਾ: ਵੀਡੀਓ ਵੈਨ ਰਾਹੀਂ ਪਿੰਡ-ਪਿੰਡ ਦਿਖਾਏ ਜਾ ਰਹੇ ਨੇ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਜ਼ੁਲਮ
ਪ੍ਰਭੂ ਦਿਆਲ
ਸਿਰਸਾ, 13 ਮਈ
ਭਾਰਤੀ ਕਿਸਾਨ ਏਕਤਾ (ਬੀਕੇਈ) ਨੇ ਵੀਡੀਓ ਵੈਨਾਂ ਰਾਹੀਂ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਅੱਤਿਆਚਾਰਾਂ ਬਾਰੇ ਫਿਲਮਾਂ ਪਿੰਡ-ਪਿੰਡ ਜਾ ਕੇ ਦਿਖਾਈਆਂ ਜਾ ਰਹੀਆਂ ਹਨ। ਇਸ ਵੀਡੀਓ ਵੈਨ ਰਾਹੀਂ ਕਿਸਾਨ ਅੰਦੋਲਲਨ ਦੌਰਾਨ ਕਿਸਾਨਾਂ ’ਤੇ ਸਰਕਾਰ ਵੱਲੋਂ ਢਾਹੇ ਜ਼ੁਲਮਾਂ ਨੂੰ ਦਿਖਾਇਆ ਜਾ ਰਿਹਾ ਹੈ। ਲਖੀਮਪੁਰੀ ਖੀਰੀ, ਖਨੌਰੀ ਅਤੇ ਸ਼ੰਭੂ ਬਾਰਡਰ ਅੰਦੋਲਨ ਦੌਰਾਨ ਕਿਸਾਨਾਂ ’ਤੇ ਹੋਏ ਜ਼ੁਲਮਾਂ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ। ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਸ ਵੀਡੀਓ ਵੈਨ ਰਾਹੀਂ ਕਿਸਾਨ ਅੰਦੋਲਨ ਦੌਰਾਨ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਜ਼ੁਲਮਾਂ ਨੂੰ ਦਿਖਾਇਆ ਜਾ ਰਿਹਾ ਹੈ।
ਬੀਕੇਈ ਵੱਲੋਂ ਕਿਸਾਨ ਇਨਸਾਫ਼ ਯਾਤਰਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਵੀਡੀਓ ਵੈਨ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਲਖੀਮਪੁਰ ਖੀਰੀ ’ਚ ਕਿਸਾਨਾਂ ’ਤੇ ਗੱਡੀਆਂ ਚੜ੍ਹਾ ਕੇ ਦਰੜਣ ਦਾ ਸੀਨ ਵੇਖ ਲੋਕ ਹੈਰਾਨ ਤੇ ਭਾਵੁਕ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ’ਤੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 13, 14 ਅਤੇ 21 ਫਰਵਰੀ ਨੂੰ ਖਨੌਰੀ ਅਤੇ ਸ਼ੰਭੂ ਸਰਹੱਦ ’ਤੇ ਜਲ ਤੋਪਾਂ, ਜ਼ਹਿਰੀਲੀ ਗੈਸ, ਮੋਰਟਾਰ ਅਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਜਿਸ ’ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। 430 ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ। ਇਹ ਪੂਰਾ ਘਟਨਾਕ੍ਰਮ ਵੀਡੀਓ ਰਾਹੀਂ ਪਿੰਡਾਂ ’ਚ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਅੰਗਰੇਜ਼ ਸਿੰਘ ਕੋਟਲੀ, ਲਾਭ ਸਿੰਘ ਨੰਬਰਦਾਰ, ਪ੍ਰਕਾਸ਼ ਸਿੰਘ ਸਾਹੂਵਾਲਾ, ਦਰਸ਼ਨ ਸਿੰਘ, ਬਲਕੌਰ ਸਿੰਘ ਫੌਜੀ, ਲਖਵਿੰਦਰ ਸਿੰਘ ਲੀਲਾ, ਸੁੱਖਾ ਸਿੰਘ, ਜਗਦੇਵ ਸਿੰਘ ਮੈਂਬਰ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਐਡਵੋਕੇਟ ਸੁਖਮੰਦਰ ਸਿੰਘ, ਸ਼ਨੀ ਸਿੰਘ, ਬਲਰਾਜ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਇਕਬਾਲ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।