ਸਿਰਸਾ ਮੰਡੀ: ਸ਼ਾਮ 5 ਵਜੇ ਤੋਂ ਬਾਅਦ ਝੋਨੇ ਦੀ ਟਰਾਲੀ ਦਾ ਦਾਖ਼ਲਾ ਬੰਦ
ਪ੍ਰਭੂ ਦਿਆਲ
ਸਿਰਸਾ, 15 ਨਵੰਬਰ
ਕਿਸਾਨਾਂ ਨੂੰ ਐਤਕੀਂ ਜਿਥੇ ਪਰਾਲੀ ਦੇ ਪ੍ਰਬੰਧਨ ਤੇ ਡੀਏਪੀ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਪਛੜਣ ਦਾ ਖ਼ਦਸ਼ਾ ਹੈ, ਉਥੇ ਹੀ ਉਨ੍ਹਾਂ ਨੂੰ ਮੰਡੀਆਂ ’ਚ ਝੋਨਾ ਵੇਖਣ ਲਈ ਖੁਆਰ ਹੋਣਾ ਪੈ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਨੇ ਪੰਜ ਵਜੇ ਮਗਰੋਂ ਮੰਡੀ ਵਿੱਚ ਭਰੇ ਝੋਨੇ ਦੀਆਂ ਟਰਾਲੀਆਂ ਦਾਖ਼ਲ ਨਾ ਹੋਣ ਦੀ ਤੁਗਲਕੀ ਫ਼ਰਮਾਨ ਜਾਰੀ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਨੇ ਦੱਸਿਆ ਕਿ ਮੰਡੀਆਂ ’ਚ ਖਰੀਦੇ ਗਏ ਝੋਨੇ ਦੀ ਲਿਫਟਿੰਗ ਕਾਰਨ ਕਿਸਾਨਾਂ ਨੂੰ ਪੰਜ ਵਜੇ ਤੋਂ ਬਾਅਦ ਮੰਡੀ ’ਚ ਝੋਨਾ ਨਾ ਲਿਆਉਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਝੋਨਾ ਖਰੀਦਣ ਵਾਲਿਆਂ ਵੱਲੋਂ ਝੋਨੇ ਦੀ ਬੋਲੀ ਰੋਕ ਲਾਈ ਗਈ ਹੈ। ਇਸੇ ਸਬੰਧੀ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਡੀਐੱਸਪੀ ਸੁਭਾਸ਼ ਚੰਦਰ, ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਮਹਿਤਾ ਅਤੇ ਝੋਨਾ ਖਰੀਦਦਾਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤੋਂ ਬਾਅਦ ਮੰਡੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਾਣਗੇ ਅਤੇ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਜਾਣਗੇ ਤਾਂ ਕਿ ਕੋਈ ਵੀ ਕਿਸਾਨ ਝੋਨੇ ਦੀ ਟਰਾਲੀ ਮੰਡੀ ’ਚ ਨਾ ਲਿਆ ਸਕੇ। ਪ੍ਰਧਾਨ ਨੇ ਦੱਸਿਆ ਕਿ ਅੱਜ ਝੋਨੇ ਦੀਆਂ ਟਰਾਲੀਆਂ ਨੂੰ ਸਿਰਸਾ ਮੰਡੀ ਵਿੱਚ ਸਵੇਰੇ 10 ਵਜੇ ਤੱਕ ਐਂਟਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਝੋਨਾ ਲੈ ਕੇ ਜਾਣ ਵਾਲੀਆਂ ਟਰਾਲੀਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ। ਉਧਰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਿਫਟਿੰਗ ਲਈ ਹੋਰ ਸਾਧਨ ਮੁਹੱਈਆ ਕਰਵਾਏ ਤੇ ਕਿਸਾਨਾਂ ਨੂੰ ਝੋਨਾ ਲਿਆਉਣ ਤੋਂ ਨਾ ਰੋਕਿਆ ਜਾਏ ਕਿਉਂਕਿ ਕਿਸਾਨ ਕੋਲ ਝੋਨਾ ਵੱਢਣ ਮਗਰੋਂ ਉਸ ਨੂੰ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ।