ਸਿਰਸਾ: ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪਿੰਡਾਂ ਦੇ ਲੋਕਾਂ ਨੇ ਪੰਜੂਆਣਾ ਬਿਜਲੀ ਘਰ ਦਾ ਘਿਰਾਓ ਕੀਤਾ
ਪ੍ਰਭੂ ਦਿਆਲ
ਸਿਰਸਾ, 4 ਸਤੰਬਰ
ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਪੰਜੂਆਣਾ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਪੰਜੂਆਣਾ ਸਥਿਤ ਸਬ ਡਵੀਜ਼ਨ ਬਿਜਲੀ ਘਰ ਦਾ ਘਿਰਾਓ ਕੀਤਾ। ਬਿਜਲੀ ਘਰ ਦਾ ਘਿਰਾਓ ਕਰ ਰਹੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਪਲਾਈ ਕਿਸਾਨਾਂ ਨੂੰ ਸਹੀ ਨਾ ਦਿੱਤੀ ਗਈ ਤਾਂ ਉਹ ਬਿਜਲੀ ਘਰ ਅੱਗੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਸਪਲਾਈ ਨੂੰ ਸਹੀ ਕੀਤਾ ਜਾਵੇਗਾ ਤੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਬਿਜਲੀ ਘਰ ਅੱਗੇ ਧਰਨਾ ਲਾ ਕੇ ਬੈਠੇ ਲੋਕਾਂ ਨੂੰ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੰਜੂਆਣਾ ਸਬ-ਡਵੀਜ਼ਨ ਵਿੱਚ ਪੈਂਦੇ ਸਾਰੇ ਪਿੰਡਾਂ ਵਿੱਚ ਬਿਜਲੀ ਸਪਲਾਈ ਦੀ ਹਾਲਤ ਮਾੜੀ ਹੈ। ਟਿਊਬਵੈੱਲਾਂ ਲਈ ਲੋੜੀਂਦੀ ਬਿਜਲੀ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਝੋਨਾ, ਨਰਮਾ, ਗੁਆਰ ਸਮੇਤ ਸਾਰੀਆਂ ਫ਼ਸਲਾਂ ਸੁੱਕ ਰਹੀਆਂ ਹਨ। ਇਲਾਕੇ ਵਿੱਚ ਸੋਕੇ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇੱਕ ਪਾਸੇ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਮੀਂਹ ਨਹੀਂ ਪੈ ਰਿਹਾ, ਉੱਥੇ ਹੀ ਦੂਜੇ ਪਾਸੇ ਪਿੰਡਾਂ ਅਤੇ ਖੇਤਾਂ ਵਿੱਚ ਬਿਜਲੀ ਦੇ ਲੰਬੇ ਕੱਟਾਂ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਪਿੰਡ ਵਾਸੀਆਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਰਾਤ ਸਮੇਂ ਪਿੰਡਾਂ ਅਤੇ ਮੁਹੱਲਿਆਂ ਵਿੱਚ ਬਿਜਲੀ ਨਾ ਹੋਣ ਕਾਰਨ ਚੋਰੀ ਅਤੇ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਐਕਸੀਅਨ ਐੱਮਐੱਲ ਸੁਖੀਜਾ ਨੇ ਧਰਨਾਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਬਿਜਲੀ ਸਪਲਾਈ 24 ਘੰਟੇ ਕੀਤੀ ਜਾਵੇਗੀ। ਟਿਊਬਵੈੱਲਾਂ ਤੋਂ ਬਿਜਲੀ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਕੀਤੀ ਜਾਵੇਗੀ, ਜਿਸ ਮਗਰੋਂ ਲੋਕਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ। ਇਸ ਮੌਕੇ ਬਾਪੂ ਹਰਚਰਨ ਸਿੰਘ ਪੰਜੂਆਣਾ, ਕਾਕਾ ਕੰਵਰ, ਪ੍ਰਕਾਸ਼ ਸਿੰਘ ਸਾਹੂਵਾਲਾ, ਬਾਬਾ ਜੀਤ ਸਿੰਘ ਰਘੂਆਣਾ, ਰੋਮੀ ਮੁੰਜਾਲ, ਕੁਲਤਾਰ ਕੰਵਰ, ਰਾਜੂ ਰਘੂਆਣਾ, ਸੁੱਖਾ ਸਾਹੂਵਾਲਾ, ਰਾਜਾ ਰਾਮ ਸਰਪੰਚ ਕਰਮਗੜ੍ਹ, ਬਲਜਿੰਦਰ ਭੰਗੂ, ਦਾਰਾ ਸਿੰਘ ਬੁਰਜ ਭੰਗੂ, ਮੋਹਿਤ ਦੀਪ ਕਰਮਗੜ੍ਹ, ਡਾ. ਗਿੱਲ ਸਮੇਤ ਕਈ ਲੋਕ ਮੌਜੂਦ ਸਨ।