ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਜੰਗ ਵਰਗੇ ਹਾਲਾਤਾਂ ਕਾਰਣ ਲੋਕਾਂ ’ਚ ਸਹਿਮ ਵਧ ਰਿਹਾ ਹੈ। ਬੀਤੀ ਰਾਤ ਪ੍ਰਸ਼ਾਸਨ ਵੱਲੋਂ ਇਕ ਘੰਟੇ ਲਈ ਬਲੈਕ ਆਊਟ ਕੀਤੇ ਜਾਣ ਤੋਂ ਬਾਅਦ ਅੱਜ ਲੋਕ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਦਵਾਈਆਂ ਅਤੇ ਪੈਟਰੋਲ-ਡੀਜ਼ਲ ਦੀ ਵੱਡੀ ਮਾਤਰਾ ’ਚ ਖਰੀਦ ਕਰਨ ਲੱਗੇ ਹਨ। ਮੁਕਤਸਰ ਕਰਿਆਨਾ ਐਸੋਸੀਏਸ਼ਨ ਦੇ ਆਗੂ ਸਿਕੰਦਰ ਗੂੰਬਰ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਲੋਕਾਂ ਵੱਲੋਂ ਭਾਰੀ ਮਾਤਰਾ ’ਚ ਰਾਸ਼ਨ ਖਰੀਦਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਜ਼ਾਰ ਵਿਚ ਰਾਸ਼ਨ ਦੀ ਕੋਈ ਘਾਟ ਨਹੀਂ ਹੈ ਤੇ ਭਾਅ ਵੀ ਆਮ ਅਨੁਸਾਰ ਹੀ ਹੈ। ਇਸੇ ਤਰ੍ਹਾਂ ਪੈਟਰੋਲ ਪੰਪਾਂ ’ਤੇ ਵੀ ਬੀਤੀ ਰਾਤ ਤੋਂ ਡੀਜ਼ਲ ਅਤੇ ਪੈਟਰੋਲ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਝੋਨੇ ਦੀ ਬਿਜਾਈ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਡੀਜ਼ਲ ਦੀ ਜਰੂਰਤ ਪੈਣਾ ਸੰਭਵ ਹੈ। ਇਸ ਲਈ ਕਿਸਾਨਾਂ ਨੇ ਹੁਣ ਤੋਂ ਹੀ ਡੀਜ਼ਲ ਖਰੀਦ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਪੰਪਾਂ ਉਪਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਅਪੀਲ ਕੀਤੀ ਹੈ ਕਿ ਸਹਿਜ ਤੌਰ ’ਤੇ ਵਿਚਰਣ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਬਲੈਕ ਆਊਟ ਤੇ ਹੋਰ ਹਦਾਇਤਾਂ ਦਾ ਪਾਲਣ ਕਰਨ।
ਕੰਟਰੋਲ ਰੂਮ ਸਥਾਪਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਜੂਦਾ ਹਲਾਤਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਵਧੀਕ ਜ਼ਿਲ਼੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀ ਕੰਟਰੋਲ ਰੂਮ ਨੰਬਰ 01633-260341 ’ਤੇ ਸਪੰਰਕ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਿਆ ਜਾਵੇ ਅਤੇ ਅਫਵਾਹ ਫੈਲਾਉਣ ਵਾਲੇ ਸੁਨੇਹੇ ਫੇਸਬੁੱਕ, ਵਟਸਐਪ, ਰੀਲਾਂ ਆਦਿ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।
ਐਡ- ਧਰਮਕੋਟ ਦੇ ਵਸਨੀਕ ਵੀ ਰਾਸ਼ਨ ਖਰੀਦਣ ਲਈ ਭੱਜ-ਦੌੜ ਕਰਨ ਲੱਗੇ
ਹਰਦੀਪ ਸਿੰਘ, ਧਰਮਕੋਟ
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿ ਦਰਮਿਆਨ ਬਣੇ ਅਣਸੁਖਾਵੇਂ ਮਾਹੌਲ ਕਾਰਨ ਲੋਕਾਂ ਵਿਚ ਡਰ ਅਤੇ ਘਬਰਾਹਟ ਵੱਧਣ ਲੱਗੀ ਹੈ। ਲੋਕ ਖਾਣ ਪੀਣ ਵਾਲੀਆਂ ਵਸਤੂਆਂ ਅਤੇ ਡੀਜ਼ਲ ਪੈਟਰੋਲ ਦਾ ਭੰਡਾਰ ਕਰਨ ਵਿਚ ਜੁਟ ਗਏ ਹਨ। ਲੋਕਾਂ ਵਿਚ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਨੂੰ ਲੈ ਕੇ ਅਫ਼ਰਾਤਫ਼ਰੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।