ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਇਣ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਮਾਨਸਾ, 28 ਜੁਲਾਈ
ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੇ ਆਨਲਾਈਨ ਗੀਤ ਗਾਇਣ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ 6 ਤੋਂ 8 ਸਾਲ ਉਮਰ ਵਰਗ ਅਤੇ 9 ਤੋਂ 12 ਸਾਲ ਉਮਰ ਵਰਗ ਵਿੱਚ ਜ਼ਿਲ੍ਹੇ ਦੇ 5 ਬਲਾਕਾਂ ਦੇ 601 ਵਿਦਿਆਰਥੀਆਂ ਨੇ ਹਿੱਸਾ ਲਿਆ।
ਲੰਬੀ (ਇਕਬਾਲ ਸਿੰਘ ਸ਼ਾਂਤ): ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿੱਚ ਗੁਰੂ ਤੇਗ਼ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਕੁਇਜ਼, ਲੇਖ ਰਚਨਾ ਅਤੇ ਕਵਿਤਾ ਰਚਨਾ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ। ਕੁਇਜ਼ ਵਿੱਚ ਕਾਮਰਸ ਦੇ ਵਿਦਿਆਰਥੀ ਸਿਮਰਨ, ਅੰਕੁਰ ਚਲਾਣਾ, ਨਿਖਿਲ, ਅੰਕੁਰ ਬਾਂਸਲ ਅਤੇ ਮਨਪ੍ਰੀਤ ਕੌਰ ’ਤੇ ਆਧਾਰਤ ਟੀਮ ਬੀ ਨੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਸੀ ਨੇ ਦੂਸਰਾ ਸਥਾਨ ਅਤੇ ਟੀਮ ਏ ਨੇ ਤੀਸਰਾ ਸਥਾਨ ਹਾਸਲ ਕੀਤਾ।
‘ਨਿਰਭਉ ਨਿਰਵੈਰ’ ਵਿਸ਼ੇ ’ਤੇ ਪੋਸਟਰ ਮੁਕਾਬਲੇ
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਕਾਰਜ ਉਲੀਕੇ ਜਾ ਰਹੇ ਹਨ, ਜਨਿ੍ਹਾਂ ਦੀ ਲੜੀ ਤਹਿਤ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ’ਚ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਮੁੰਬਈ ਆਦਿ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ।ਜਥੇਬੰਦੀ ਦੇ ਜ਼ੋਨਲ ਪ੍ਰਧਾਨ ਅਤੇ ਉਕਤ ਮੁਕਾਬਲਿਆਂ ਦੇ ਕੋਆਰਡੀਨੇਟਰ ਰਣਜੀਤ ਸਿੰਘ ਖੱਚੜਾਂ ਨੇ ਦੱਸਿਆ ਪੋਸਟਰ ਮੇਕਿੰਗ ਮੁਕਾਬਲਾ ‘ਨਿਰਭਉ ਨਿਰਵੈਰ’ ਅਤੇ ਸੇਵਾ ਤੇ ਸਿਮਰਨ ਵਿਸ਼ੇ ’ਤੇ ਕਰਵਾਇਆ ਗਿਆ। ਇਸ ਦੌਰਾਨ ਜੱਜ ਦੀ ਭੂਮਿਕਾ ਇੰਦਰਜੀਤ ਸਿੰਘ ਕੋਟਕਪੂਰਾ, ਜਸ਼ਨਪ੍ਰੀਤ ਕੌਰ ਔਲਖ ਅਤੇ ਗੁਰਮੇਲ ਸਿੰਘ ਕੋਟਕਪੂਰਾ ਨੇ ਨਿਭਾਈ।