For the best experience, open
https://m.punjabitribuneonline.com
on your mobile browser.
Advertisement

ਤੂੰਬੇ-ਅਲਗੋਜ਼ੇ ਦੇ ਗਾਇਕ: ਕਾਕਾ ਤੇ ਦਰਸ਼ਨ ਰਾਵਾਂ ਖੇਲਾ ਵਾਲੇ

06:15 AM Jul 15, 2023 IST
ਤੂੰਬੇ ਅਲਗੋਜ਼ੇ ਦੇ ਗਾਇਕ  ਕਾਕਾ ਤੇ ਦਰਸ਼ਨ ਰਾਵਾਂ ਖੇਲਾ ਵਾਲੇ
ਦਰਸ਼ਨ ਸਿੰਘ ਸਾਥੀ ਕਲਾਕਾਰ ਨਾਲ
Advertisement

ਹਰਦਿਆਲ ਸਿੰਘ ਥੂਹੀ

ਤੂੰਬੇ-ਅਲਗੋਜ਼ੇ ਦੀ ਗਾਇਕੀ ਦੇ ਖੇਤਰ ਵਿਚ ਕਾਕੇ ਤੇ ਦਰਸ਼ਨ ਪਿਉ-ਪੁੱਤਰ ਨੇ ‘ਰਾਵਾਂ ਖੇਲਾ’ ਦਾ ਨਾਂ ਦੂਰ-ਦੂਰ ਤੱਕ ਮਸ਼ਹੂਰ ਕੀਤਾ। ਰਾਵਾਂ ਤੇ ਖੇਲਾ ਨਾਲੋ ਨਾਲ ਲੱਗਦੇ ਦੋ ਵੱਖੋ-ਵੱਖਰੇ ਪਿੰਡ ਹਨ, ਪਰ ਆਮ ਬੋਲਚਾਲ ਵਿਚ ਇਕੱਠਾ ‘ਰਾਵਾਂ ਖੇਲਾ’ ਹੀ ਬੋਲਿਆ ਜਾਂਦਾ ਹੈ। ਕਾਕੇ ਹੁਰੀਂ ਰਾਵਾਂ ਪਿੰਡ ਦੇ ਸਨ।
ਕਾਕੇ ਦਾ ਜਨਮ 1910-11 ਦੇ ਨੜੇ ਤੇੜੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਰਾਵਾਂ ਵਿਖੇ ਜ਼ਿਮੀਂਦਾਰ ਪਰਿਵਾਰ ਵਿਚ ਹੋਇਆ। ਇਨ੍ਹਾਂ ਦਾ ਗੋਤ ‘ਰਾਵਾਂ’ ਹੈ। ਕਾਕੇ ਦਾ ਅਸਲ ਨਾ ਬਸੰਤ ਸਿੰਘ ਸੀ, ਕਾਕਾ ਉਸ ਦਾ ਘਰੇਲੂ ਨਾਂ ਸੀ। ਹੌਲੀ ਹੌਲੀ ਆਮ ਲੋਕਾਂ ਵਿਚ ਪ੍ਰਚੱਲਿਤ ਨਾਂ ‘ਕਾਕਾ’ ਹੀ ਉਸ ਦੀ ਪਛਾਣ ਬਣ ਗਿਆ, ਬਸੰਤ ਸਿੰਘ ਤਾਂ ਕੇਵਲ ਕਾਗਜ਼ਾਂ ਪੱਤਰਾਂ ਵਿਚ ਹੀ ਰਿਹਾ। ਚੜ੍ਹਦੀ ਜਵਾਨੀ ਵਿਚ ਗਮੰਤਰੀਆਂ ਦੇ ‘ਗੌਣ’ ਸੁਣ ਕੇ ਕਾਕੇ ਨੂੰ ਵੀ ਗਾਇਕੀ ਦੀ ਚੇਟਕ ਲੱਗ ਗਈ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਆਪਣੇ ਸਮੇਂ ਦੇ ਪ੍ਰਸਿੱਧ ਗਮੰਤਰੀ ਰਾਗੀ ਮੁਹੰਮਦੀ ਰੌਂਤ ਨਕੋਦਰ ਵਾਲੇ ਦਾ ਸ਼ਾਗਿਰਦ ਬਣ ਗਿਆ। ਕਈ ਸਾਲ ਉਸਤਾਦ ਦੀ ਸੰਗਤ ਵਿਚ ਰਹਿ ਕੇ ਬਹੁਤ ਸਾਰਾ ‘ਗੌਣ’ ਕੰਠ ਕੀਤਾ। ਇਨ੍ਹਾਂ ਵਿਚ ਜਿਉਣਾ ਮੌੜ, ਮਲਕੀ, ਹੀਰ, ਮਿਰਜ਼ਾ, ਦੁੱਲਾ, ਪੂਰਨ, ਕੌਲਾਂ ਆਦਿ ਸ਼ਾਮਲ ਸਨ। ਜਿਉਣਾ ਮੌੜ ਤੇ ਮਲਕੀ ਤਾਂ ਉਸਤਾਦ ਮੁਹੰਮਦੀ ਰੌਂਤ ਦੀ ਲਿਖੀ ਹੋਈ ਸੀ। ਕੌਲਾਂ ਉਸ ਨੇ ਘੰਡੇ ਬੰਨੇ (ਬਠਿੰਡੇ) ਵਾਲੇ ਮੈਂਗਲ ਸਿੰਘ ਤੋਂ ਵਿਸ਼ੇਸ਼ ਤੌਰ ’ਤੇ ਲਿਖਵਾਈ। ਕਾਕੇ ਦਾ ਪਾਛੂ ਹੇਅਰਾਂ ਵਾਲਾ ਫਜ਼ਲਾ ਗੁੱਜਰ ਸੀ। ਸੇਖੇਵਾਲੀਆ ਨੁਰੂ ਉਸ ਦਾ ਸ਼ਾਗਿਰਦ ਸੀ, ਜੋ ਬਤੌਰ ਪਾਛੂ ਉਸ ਨਾਲ ਗਾਉਂਦਾ ਰਿਹਾ। ਇਸੇ ਤਰ੍ਹਾਂ ਕਾਕੇ ਦੇ ਸ਼ਾਗਿਰਦ ਫਰਜੰਦ ਅਲੀ ਤੇ ਅਬਾਦ ਗੁੱਜਰ ਨੇ ਵੀ ਕਈ ਸਾਲ ਉਸ ਨਾਲ ਗਾਇਆ। ਪਹਿਲਾਂ ਪਹਿਲ ਕਾਕਾ ਇਕੱਲੀ ਜੋੜੀ ਨਾਲ ਹੀ ਗਾਉਂਦਾ ਸੀ। ਬਾਅਦ ਵਿਚ ਨਾਲ ਤੂੰਬਾ ਵੀ ਮਿਲਾ ਲਿਆ। ਜਗਰਾਵਾਂ ਦੀ ਰੋਸ਼ਨੀ ’ਤੇ ਕਾਕੇ ਦਾ ਮੁਕਾਬਲਾ ਸਦੀਕ ਮੁਹੰਮਦ ਔੜੀਏ ਨਾਲ ਹੁੰਦਾ ਸੀ। ਰੋਸ਼ਨੀ ਦੇ ਮੇਲੇ ਤੋਂ ਇਲਾਵਾ ਉਸ ਨੇ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੱਗਦੇ ਮੇਲਿਆਂ ’ਤੇ ਵੀ ਹਾਜ਼ਰੀ ਭਰੀ। ਉਸ ਦੀ ਵਿਸੇਸ਼ਤਾ ਇਹ ਸੀ ਕਿ ਉਹ ਅਖਾੜੇ ਵਿਚ ਸਰੋਤੇ ਤੋਂ ਇੱਕ ਰੁਪਈਏ ਤੋਂ ਵੱਧ ਨਹੀਂ ਸੀ ਲੈਂਦਾ। ਉਹ ਇਸ ਗਾਇਕੀ ਦਾ ‘ਬਾਬਾ ਬੋਹੜ’ ਸੀ। 1947 ਦੇ ਰੌਲਿਆਂ ਵੇਲੇ ਦੁਆਬੇ ਦੇ ਬਹੁਗਿਣਤੀ ਮੁਸਲਮਾਨ ਗਾਇਕ ਪਾਕਿਸਤਾਨ ਚਲੇ ਗਏ। ਇੱਧਰ ਕਾਕੇ ਹੁਰਾਂ ਨੇ ਹੀ ਗਾਇਕੀ ਦੀ ਇਸ ‘ਮਸ਼ਾਲ’ ਨੂੰ ਜਗਾਈ ਰੱਖਿਆ। ਅਨੇਕਾਂ ਸ਼ਾਗਿਰਦਾਂ ਨੂੰ ਇਸ ਗਾਇਕੀ ਨਾਲ ਜੋੜਿਆ।
ਸਮੇਂ ਅਨੁਸਾਰ ਕਾਕੇ ਨੇ ਗ੍ਰਹਿਸਥ ਵਿਚ ਪ੍ਰਵੇਸ਼ ਕੀਤਾ। ਉਸ ਦੀ ਪਤਨੀ ਦਾ ਨਾਂ ਜੈਕੁਰ ਸੀ। ਇਸ ਜੋੜੀ ਦੇ ਘਰ 1930-31 ਵਿਚ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਦਰਸ਼ਨ ਰੱਖਿਆ ਗਿਆ। ਵੱਡਾ ਹੋਣ ’ਤੇ ਉਸ ਨੇ ਆਪਣੇ ਪਿਉ ਦੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੋਰਿਆ। ਦਰਸ਼ਨ ਨੂੰ ਗਾਇਕੀ ਦੀ ਲਗਨ ਆਪਣੇ ਘਰ ਤੋਂ ਹੀ ਲੱਗੀ, ਪਰ ਉਸ ਨੇ ਤੂੰਬੇ ਅਲਗੋਜ਼ੇ ਦੀ ਥਾਂ ਢੱਡ-ਸਾਰੰਗੀ ਦੀ ਗਾਇਕੀ ਨੂੰ ਤਰਜੀਹ ਦਿੱਤੀ। ਉਸ ਨੇ ਢਾਡੀ ਨਾਜ਼ਰ ਸਿੰਘ ਨਾਲ ਗਾਇਆ। ਬਾਅਦ ਵਿਚ ਇੱਧਰੋਂ ਕਨਿਾਰਾ ਕਰਕੇ ਆਪਣੇ ਪਿਉ ਵਾਲੀ ਲਾਈਨ ਹੀ ਫੜ ਲਈ ਅਤੇ ਰਾਗੀ ਦਰਸ਼ਨ ਸਿੰਘ ਰਾਵਾਂ ਖੇਲਾ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਪਹਿਲਾਂ ਪਹਿਲ ਦਰਸ਼ਨ ਨੇ ਕਈ ਸਾਲ ਆਪਣੇ ਪਿਉ ਦੀ ਅਗਵਾਈ ਹੇਠ ਗਾਇਆ। 1962 ਵਿਚ ਕਾਕੇ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਦਰਸ਼ਨ ਨੇ ਸੰਭਾਲ ਲਈ। ਉਸ ਦੇ ਜੁੱਟ ਵਿਚ ਸਮੇਂ ਸਮੇਂ ’ਤੇ ਸਾਥੀ ਆਉਂਦੇ ਤੇ ਨਿੱਖੜਦੇ ਰਹੇ।
ਦਰਸ਼ਨ ਨੇ ਆਪਣੇ ਜੁੱਟ ਨਾਲ ਸਥਾਨਕ ਮੇਲਿਆਂ ਤੋਂ ਇਲਾਵਾ ਜਗਰਾਵਾਂ ਦੀ ਰੋਸ਼ਨੀ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਮੁਕਤਸਰ ਦਾ ਮਾਘੀ ਮੇਲਾ, ਤਖ਼ਤੂਪੁਰੇ ਦਾ ਮੇਲਾ ਆਦਿ ’ਤੇ ਖੁੱਲ੍ਹੇ ਅਖਾੜਿਆਂ ਵਿਚ ਗਾਇਆ। ਇਸ ਦੇ ਨਾਲ ਨਾਲ ਨੈਣਾ ਦੇਵੀ, ਪਹੋਏ, ਕਪਾਲ ਮੋਚਨ ਆਦਿ ਮੇਲਿਆਂ ’ਤੇ ਵੀ ਉਹ ਪਹੁੰਚਦੇ ਸਨ। ਇੱਥੇ ਉਹ ਆਪਣੇ ਸਰੋਤਿਆਂ ਨੂੰ ਹੀਰ, ਸੱਸੀ, ਸੋਹਣੀ, ਮਲਕੀ, ਮਿਰਜ਼ਾ, ਪੂਰਨ, ਕੌਲਾਂ, ਦਹੂਦ, ਦੁੱਲਾ ਭੱਟੀ, ਜਿਉਣਾ ਮੌੜ ਆਦਿ ਗਥਾਵਾਂ ਦੇ ਲੜੀਬੱਧ ਪ੍ਰਸੰਗਾਂ ਦੇ ਨਾਲ ਨਾਲ ਵੱਖ-ਵੱਖ ‘ਰੰਗ’ ਵੀ ਸੁਣਾਉਂਦੇ ਸਨ। ਦਰਸ਼ਨ ਨੇ ਆਪ ਵੀ ਕੁਝ ‘ਰੰਗ’ ਲਿਖੇ ਜਨਿ੍ਹਾਂ ਵਿਚ ਦੋ ਦਾ ਜ਼ਿਕਰ ਇਨ੍ਹਾਂ ਰੰਗਾਂ ਨੂੰ ਸੰਗ੍ਰਹਿਤ ਕਰਨ ਵਾਲੇ ਖੋਜੀ ਵਿਦਵਾਨ ਡਾ. ਹਰਨੇਕ ਸਿੰਘ ਹੇਅਰ ਨੇ ਆਪਣੀ ਪੁਸਤਕ ‘ਲੋਕ ਕਾਵਿ-ਰੂਪ : ਰੰਗ (ਸੰਪਾਦਨ ਤੇ ਸਮੀਖਿਆ)’ ਵਿਚ ਕੀਤਾ ਹੈ। ਉਨ੍ਹਾਂ ਵਿਚੋਂ ਕੁਝ ਬੰਦ ਹਨ:
* ਜੇ ਲਾਉਣੀ ਸੀ ਤੂੰ ਸੋਹਣੀਏ,
ਨਿਭਾਉਣੀ ਕਿਉਂ ਨਾ ਸਿੱਖੀ।
* ਇਸ਼ਕ ਨੂੰ ਛੇੜ ਨਾ ਬੈਠੀਂ, ਫਾਹੀ ਗਲ਼ ਪਾਉਣੀ ਪਊਗੀ।
ਸੂਲਾਂ ਦੀ ਸੇਜ ਉੱਤੇ, ਜਾਨ ਲੁਟਾਉਣੀ ਪਊਗੀ।
ਦਰਸ਼ਨ ਸਿੰਘ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨਾਂ ਨੇ ਇਸ ਖੇਤਰ ਵਿਚ ਪੈਰ ਪਾਇਆ, ਜਨਿ੍ਹਾਂ ਨੂੰ ਉਸ ਨੇ ਉਂਗਲ ਫੜ ਕੇ ਤੋਰਿਆ। ਉਸ ਦੇ ਸ਼ਾਗਿਰਦਾਂ ਵਿਚੋਂ ਕਈਆਂ ਨੇ ਪ੍ਰਸਿੱਧੀ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਉਸਤਾਦ ਦਾ ਨਾਂ ਰੋਸ਼ਨ ਕੀਤਾ। ਇਨ੍ਹਾਂ ਵਿਚ ਹਰਬੰਸ ਸਿੰਘ ਨੰਗਲ, ਕਰਮ ਸਿੰਘ ਬਾਠਾਂ, ਗੁਰਮੀਤ ਸਿੰਘ ਕਾਲਾ, ਸੁਖਦੇਵ ਸਿੰਘ ਮੱਦੋਕੇ, ਖਲੀਲ ਮਾਲੇਰਕੋਟਲਾ ਗਿਣਨਯੋਗ ਨਾਂ ਹਨ। ਅੱਗੇ ਇਨ੍ਹਾਂ ਦੇ ਸ਼ਾਗਿਰਦਾਂ ਨੇ ਉਸਤਾਦੀ ਸ਼ਾਗਿਰਦੀ ਦੀ ਇਸ ਲੜੀ ਨੂੰ ਜਾਰੀ ਰੱਖਿਆ ਹੋਇਆ ਹੈ।
1951-52 ਵਿਚ ਦਰਸ਼ਨ ਸਿੰਘ ਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਹੀ ਲਾਂਬੜਾਂ ਨੇੜਲੇ ਪਿੰਡ ਲੱਲੀਆਂ ਕਲਾਂ ਦੀ ਧੀ ਚੰਨਣ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। 1955 ਵਿਚ ਜਨਮਿਆ ਵੱਡਾ ਪੁੱਤਰ ਜੋ ਇੰਗਲੈਂਡ ਚਲਾ ਗਿਆ ਸੀ, ਦੀ ਭਰ ਜਵਾਨੀ ਵਿਚ 1985 ਵਿਚ ਮੌਤ ਹੋ ਗਈ। ਇਸ ਦਾ ਦਰਸ਼ਨ ਸਿੰਘ ਤੇ ਚੰਨਣ ਕੌਰ ਨੂੰ ਵੱਡਾ ਸਦਮਾ ਲੱਗਾ। ਪੁੱਤਰ ਦੇ ਗ਼ਮ ਵਿਚ ਦਰਸ਼ਨ ਸਿੰਘ ਨੇ ਵੱਧ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਇਹ ਉਸ ਦੀ ਕਮਜ਼ੋਰੀ ਬਣ ਗਈ। ਅਖਾੜਿਆਂ ਵਿਚ ਵੀ ਉਹ ਸ਼ਰਾਬੀ ਹੋ ਜਾਂਦਾ। ਇਸ ਦੇ ਬਾਵਜੂਦ ਉਸ ਦੇ ਚਾਹੁਣ ਵਾਲੇ ਸਰੋਤਿਆਂ ਦੀ ਗਿਣਤੀ ਨਹੀਂ ਘਟੀ। ਪੁੱਤਰ ਦੇ ਗ਼ਮ ਵਿਚ ਝੂਰਦਾ ਅਖੀਰ 27 ਮਈ 2003 ਨੂੰ ਉਹ ਦੁਨੀਆ ਨੂੰ ਛੱਡ ਗਿਆ। ਉਸ ਦੀ ਮੌਤ ਤੋਂ ਸਾਲ ਕੁ ਬਾਅਦ ਵਿਚਕਾਰਲੇ ਪੁੱਤਰ ਦੀ ਵੀ ਮੌਤ ਹੋ ਗਈ। ਪਰਿਵਾਰ ਵਿਚੋਂ ਅੱਗੇ ਕਿਸੇ ਵੀ ਮੈਂਬਰ ਨੇ ਆਪਣੇ ਪਿਉ-ਦਾਦੇ ਵਾਲੀ ਲਾਈਨ ਨਹੀਂ ਫੜੀ।
ਸੰਪਰਕ: 84271-00341

Advertisement

Advertisement
Tags :
Author Image

joginder kumar

View all posts

Advertisement
Advertisement
×